ਸਰਹੱਦ ਪਾਰ : ਕਰਾਚੀ ’ਚ ਇਕ ਹਜ਼ਾਰ ਸਾਲ ਪੁਰਾਣੇ ਮੰਦਰ ਦੀ ਪਖਾਨੇ ਵਜੋਂ ਹੋ ਰਹੀ ਵਰਤੋਂ!
Saturday, Mar 06, 2021 - 02:06 PM (IST)
ਗੁਰਦਾਸਪੁਰ/ਕਰਾਚੀ (ਜ. ਬ.)- ਕਰਾਚੀ ਸਮੁੰਦਰ ਕੰਢੇ ਲਗਭਗ ਇਕ ਹਜ਼ਾਰ ਸਾਲ ਪੁਰਾਣੇ ਵਰੁਣ ਮੰਦਰ ਦੀ ਵਰਤੋਂ ਇਥੇ ਆਉਣ ਵਾਲੇ ਸੈਲਾਨੀ ਪਖਾਨੇ ਵਜੋਂ ਕਰ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਸਰਕਾਰ, ਪਾਕਿਸਤਾਨ ਹਿੰਦੂ ਕੌਂਸਲ ਅਤੇ ਭਾਰਤ ਦੇ ਹਿੰਦੂ ਤੇ ਸਿਆਸੀ ਆਗੂ ਇਸ ਮਾਮਲੇ ਸਬੰਧੀ ਚੁੱਪ ਹਨ। ਪਤਾ ਲੱਗਾ ਹੈ ਕਿ ਇਹ ਮੰਦਰ ਕਰਾਚੀ ਦੇ ਇਕ ਬਹੁਤ ਹੀ ਧਨਾਢ ਵਿਅਕਤੀ ਭੋਜਮਲ ਨੈਂਸੀ ਭਾਟੀਆ ਨੇ ਸਮੁੰਦਰ ਕੰਢੇ ਜ਼ਮੀਨ ਖਰੀਦ ਕੇ ਬਣਾਇਆ ਸੀ ਅਤੇ ਉਸ ਦਾ ਪਰਿਵਾਰ ਕਾਫ਼ੀ ਸਮਾਂ ਇਸ ਮੰਦਰ ਦੀ ਦੇਖ-ਰੇਖ ਵੀ ਕਰਦਾ ਰਿਹਾ। ਇਸ ਸਮੇਂ ਇਸ ਮੰਦਰ ਦਾ ਕੰਟਰੋਲ ਪਾਕਿਸਤਾਨ ਵਕਫ ਬੋਰਡ ਦੇ ਹੱਥਾਂ ’ਚ ਹੈ, ਜੋ ਇਸ ਪ੍ਰਾਚੀਨ ਮੰਦਰ ਨੂੰ ਬਚਾਉਣ ਲਈ ਕੁਝ ਨਹੀਂ ਕਰ ਰਿਹਾ ਹੈ।
ਇਸ ਸਬੰਧੀ ਪਾਕਿਸਤਾਨ ਹਿੰਦੂ ਕੌਂਸਲ ਦੇ ਨੇਤਾ ਤੇਜ ਰਾਮ ਦਾ ਕਹਿਣਾ ਹੈ ਕਿ ਜਿਸ ਸਥਾਨ ’ਤੇ ਇਹ ਮੰਦਰ ਹੈ ਉਥੇ ਪਾਕਿਸਤਾਨ ਨੇਵੀ ਦਾ ਕਬਜ਼ਾ ਹੈ, ਜਦ ਵੀ ਉਹ ਇਸ ਮੰਦਰ ਬਾਰੇ ਆਵਾਜ਼ ਉਠਾਉਂਦੇ ਹਨ ਤਾਂ ਪਾਕਿਸਤਾਨ ਨੇਵੀ ਦੇ ਅਧਿਕਾਰੀ ਸਾਨੂੰ ਇਸ ਇਲਾਕੇ ’ਚ ਦਾਖਲੇ ਦੀ ਇਜਾਜ਼ਤ ਨਹੀਂ ਦਿੰਦੇ। ਸਿਰਫ ਸਮੁੰਦਰ ਕੰਢੇ ਆਉਣ ਵਾਲੇ ਸੈਲਾਨੀਆਂ ਨੂੰ ਹੀ ਇਸ ਇਲਾਕੇ ’ਚ ਆਉਣ ਦਿੱਤਾ ਜਾਂਦਾ ਹੈ। ਇਹੀ ਕਾਰਣ ਹੈ ਕਿ ਮੰਦਰ ਦੀ ਵਰਤੋਂ ਸੈਲਾਨੀ ਸ਼ੌਚਾਲਿਆ ਵਜੋਂ ਕਰਦੇ ਹਨ। ਇਥੇ ਸੌ ਫੀਸਦੀ ਸੈਲਾਨੀ ਮੁਸਲਿਮ ਹੁੰਦੇ ਹਨ, ਜੋ ਇਸ ਮੰਦਰ ਦੇ ਮਹੱਤਵ ਨੂੰ ਨਹੀਂ ਸਮਝਦੇ। ਉਨ੍ਹਾ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹ ਸਿਆਸੀ ਪ੍ਰਭਾਵ ਵਰਤ ਕੇ ਇਸ ਮੰਦਰ ਦਾ ਕਬਜ਼ਾ ਪਾਕਿਸਤਾਨ ਹਿੰਦੂ ਕੌਂਸਲ ਨੂੰ ਦਿਵਾਏ।