ਤਰਨਤਾਰਨ ਬੰਬ ਨਾ ਫਟਦਾ ਤਾਂ ਨੂਰਮਹਿਲ ਡੇਰਾ ਬਣਨਾ ਸੀ ਨਿਸ਼ਾਨਾ
Wednesday, Sep 18, 2019 - 06:18 PM (IST)

ਤਰਨਤਾਰਨ (ਰਮਨ) : ਪਿੰਡ ਪੰਡੋਰੀ ਗੋਲਾ ਵਿਖੇ 4 ਸਤੰਬਰ ਦੀ ਰਾਤ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਜ਼ਿਲਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ 7 ਦੋਸ਼ੀਆਂ ਨੂੰ ਮੰਗਲਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਸ਼ੁਰੂਆਤੀ ਜਾਂਚ 'ਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਵੱਖ-ਵੱਖ ਦੇਸ਼ਾਂ ਨਾਲ ਸਬੰਧ ਸਾਹਮਣੇ ਆ ਰਹੇ ਹਨ। ਜਿਨ੍ਹਾਂ ਰਾਹੀਂ ਵੱਡੀਆਂ ਰਕਮਾਂ ਦੀ ਫੰਡਿੰਗ ਵੀ ਕੀਤੀ ਜਾਂਦੀ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਗੱਡੀਆਂ ਤੇ ਇਕ ਪਾਕਿਸਤਾਨੀ ਸਿੰਮ ਬਰਾਮਦ ਕੀਤੀ ਹੈ, ਜਿਸ ਦਾ ਖੁਲਾਸਾ ਪੁਲਸ ਜਲਦ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਡੋਰੀ ਬੰਬ ਧਮਾਕੇ ਤੋਂ ਬਾਅਦ ਜ਼ਿਲਾ ਪੁਲਸ ਅਤੇ ਹੋਰ ਪੁਲਸ ਵਿਭਾਗ ਦੀਆਂ ਟੀਮਾਂ ਵੱਲੋਂ 7 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਸੀ, ਜਿਨ੍ਹਾਂ 'ਚ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬੱਚੜੇ ਜ਼ਿਲਾ ਤਰਨਤਾਰਨ ਜੋ ਬਲਾਸਟ ਦੌਰਾਨ ਜ਼ਖਮੀ ਹੋਏ ਗੁਰਜੰਟ ਸਿੰਘ ਦਾ ਚਚੇਰਾ ਭਰਾ ਹੈ। ਚੰਨਦੀਪ ਸਿੰਘ ਉਰਫ ਬੱਬਰ ਪੁੱਤਰ ਹਰਵੰਤ ਸਿੰਘ ਵਾਸੀ ਮੱਲੀ ਮਾਰਕੀਟ ਡੇਹਰਾ ਰੋਡ ਬਟਾਲਾ ਜ਼ਿਲਾ ਗੁਰਦਾਸਪੁਰ, ਮਨਪ੍ਰੀਤ ਸਿੰਘ ਉਰਫ ਮਨ ਪੁੱਤਰ ਮੁਖਤਿਆਰ ਸਿੰਘ ਵਾਸੀ ਮੁਰਾਦਪੁਰਾ ਜ਼ਿਲਾ ਤਰਨਤਾਰਨ, ਹਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ, ਮਲਕੀਤ ਸਿੰਘ ਉਰਫ ਸ਼ੇਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਕੋਟਲਾ ਗੁੱਜਰਾ ਬਾਣ ਮਜੀਠਾ ਜ਼ਿਲਾ ਅੰਮ੍ਰਿਤਸਰ, ਅਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 1 ਡੇਹਰਾ ਰੋਡ ਚੁੰਗੀ ਫਤਿਹਗੜ੍ਹ ਸਾਹਿਬ ਅਤੇ ਮਾਨਦੀਪ ਸਿੰਘ ਉਰਫ ਮੱਸਾ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਦੀਨੇਵਾਲ ਜ਼ਿਲਾ ਤਰਨਤਾਰਨ ਸ਼ਾਮਲ ਹਨ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਮੁੱਖ ਸਰਗਣਾ ਹਰਜੀਤ ਸਿੰਘ, ਗੁਰਜੰਟ ਸਿੰਘ , ਬਿੱਕਰ ਸਿੰਘ ਵੱਲੋਂ ਉਕਤ ਸਾਰੇ ਮੈਂਬਰਾਂ ਦੀ ਮਦਦ ਨਾਲ ਵੱਡੇ ਸਿਆਸੀ ਆਗੂਆਂ ਅਤੇ ਡੇਰਾ ਨੂਰਮਹਿਲ ਨੂੰ ਵੀ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਪੁਲਸ ਵੱਲੋਂ 7 ਮਾਰਚ 2016 ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ, ਪ੍ਰਭਦੀਪ ਸਿੰਘ ਇੰਗਲੈਂਡ ਤੋਂ ਇਲਾਵਾ ਹੋਰ ਸ਼ਖਸੀਅਤਾਂ ਦੀ ਗੱਡੀ 'ਤੇ ਬੰਬ ਨਾਲ ਹਮਲਾ ਕਰਨ, ਨਵੰਬਰ 2018 'ਚ ਨਿਰੰਕਾਰੀ ਭਵਨ 'ਤੇ ਕੀਤੇ ਬੰਬ ਧਮਾਕੇ ਤੇ ਹੋਰ ਘਟਨਾਵਾਂ ਸਬੰਧੀ ਉਕਤ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ। ਇਸ ਮਾਮਲੇ 'ਚ ਇਕ ਹੋਰ ਵਿਅਕਤੀ ਬਿੱਲਾ ਨਿਵਾਸੀ ਦੀਨੇਵਾਲ ਨੂੰ ਪੁਲਸ ਵਲੋਂ ਹਿਰਾਸਤ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉੱਧਰ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕੋਈ ਜਾਣਕਾਰੀ ਦਿੱਤੀ ਜਾਵੇਗੀ ।