ਹਰ ਗਲੀ ''ਚ ਤਿਆਰ ਹੋ ਰਹੀ ਬੰਬ ਫੈਕਟਰੀ
Wednesday, Oct 25, 2017 - 06:43 AM (IST)
ਜਲੰਧਰ, (ਅਮਿਤ)– ਮਹਾਨਗਰ ਪੂਰੀ ਤਰ੍ਹਾਂ ਨਾਲ ਬਾਰੂਦ ਦੇ ਢੇਰ 'ਤੇ ਬੈਠਾ ਹੈ। ਹਰ ਗਲੀ 'ਚ ਬੰਬ ਫੈਕਟਰੀ ਤਿਆਰ ਹੋ ਰਹੀ ਹੈ। ਇਹ ਬਾਰੂਦ ਪਟਾਕਿਆਂ ਦਾ ਨਹੀਂ, ਬਲਕਿ ਪੋਟਾਸ਼ ਦਾ ਹੈ। ਸ਼ਹਿਰ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਪੋਟਾਸ਼ ਵਿਕ ਰਹੀ ਹੈ। ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਡੂੰਘੀ ਨੀਂਦ ਵਿਚ ਹੈ। ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਕਦੇ ਵੀ ਸ਼ਹਿਰ ਵਿਚ ਵੱਡਾ ਹਾਦਸਾ ਹੋ ਸਕਦਾ ਹੈ। ਇਸ ਪੋਟਾਸ਼ ਨਾਲ ਆਮ ਦੁਕਾਨਾਂ 'ਤੇ ਕਦੇ ਵੀ ਹੋਮ ਮੇਡ ਪਟਾਕੇ ਬਣਾਏ ਜਾ ਸਕਦੇ ਹਨ ਅਤੇ ਇਸ ਦੀਵਾਲੀ 'ਤੇ ਪੋਟਾਸ਼ ਤੋਂ ਕਈ ਵਿਅਕਤੀਆਂ ਨੇ ਹੋਮ ਮੇਡ ਪਟਾਕੇ ਬਣਾਏ। ਕਈ ਜਲੂਸ ਅਤੇ ਜਲਸਿਆਂ 'ਚ ਵੀ ਪੋਟਾਸ਼ ਤੋਂ ਬਣੇ ਪਟਾਕਿਆਂ ਨੂੰ ਵਜਾਇਆ ਜਾ ਰਿਹਾ ਹੈ। ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਿਥੇ ਇਕ ਪਾਸੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਪਟਾਕਿਆਂ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ, ਉਥੇ ਹੀ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੰਨੋ-ਕੰਨ ਖਬਰ ਤੱਕ ਨਹੀਂ ਹੈ।
ਦੀਵਾਲੀ 'ਤੇ ਉੱਚੀ ਆਵਾਜ਼ ਵਾਲੇ ਘਰੇਲੂ ਬੰਬ ਬਣਾਉਣ ਲਈ ਪੋਟਾਸ਼ ਦਾ ਕੀਤਾ ਜਾਂਦੈ ਇਸਤੇਮਾਲ
ਖੁਲ੍ਹੇਆਮ ਦੁਕਾਨਾਂ 'ਤੇ ਵਿਕਣ ਵਾਲੀ ਪੋਟਾਸ਼ ਦੀ ਵਰਤੋਂ ਜ਼ਿਆਦਾਤਰ ਦੀਵਾਲੀ ਦੇ ਤਿਉਹਾਰ 'ਤੇ ਉੱਚੀ ਆਵਾਜ਼ਾਂ ਵਾਲੇ ਘਰੇਲੂ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਘਰੇਲੂ ਬੰਬ ਬਣਾਉਣ ਲਈ ਬੱਚੇ ਇਕ ਵੱਡੇ ਲੋਹੇ ਦੇ ਸਰੀਏ ਨੂੰ ਖਾਸ ਤਰੀਕੇ ਨਾਲ ਵੈਲਡਿੰਗ ਕਰਵਾਉਂਦੇ ਹਨ, ਜਿਸ ਲਈ ਇਕ ਸਿਰੇ 'ਤੇ ਛੋਟੀ ਜਿਹੀ ਡੱਬੀ ਬਣਾਈ ਜਾਂਦੀ ਹੈ। ਇਸ ਡੱਬੀ ਵਿਚ ਪੋਟਾਸ਼ ਭਰੀ ਜਾਂਦੀ ਹੈ। ਜਿਸ ਤੋਂ ਬਾਅਦ ਉਸ ਨੂੰ ਜ਼ਮੀਨ ਵਿਚ ਬੜੇ ਜ਼ੋਰ ਨਾਲ ਪਟਕਿਆ ਜਾਂਦਾ ਹੈ। ਜ਼ਮੀਨ 'ਤੇ ਪਟਕਦਿਆਂ ਹੀ ਉਸ 'ਚੋਂ ਇਕ ਤੇਜ਼ ਆਵਾਜ਼ ਆਉਂਦੀ ਹੈ ਜੋ ਗੋਲੀ ਚੱਲਣ ਜਾਂ ਕਿਸੇ ਵੱਡੇ ਬੰਬ ਦੇ ਫਟਣ ਦੇ ਸਮਾਨ ਹੁੰਦੀ ਹੈ। ਇਸ ਤੇਜ਼ ਆਵਾਜ਼ ਨੂੰ ਸੁਣਦਿਆਂ ਹੀ ਲਾਲਸਾ ਵਿਚ ਹੀ ਬਹੁਤ ਸਾਰੇ ਬੱਚੇ ਆਪਣੀ ਜਾਨ ਨਾਲ ਖਿਲਵਾੜ ਕਰਦੇ ਹੋਏ ਲੋਹੇ ਦੇ ਸਰੀਏਨੁਮਾ ਘਰੇਲੂ ਬੰਬ ਦੀ ਦੀਵਾਲੀ ਅਤੇ ਹੋਰ ਤਿਉਹਾਰਾਂ 'ਤੇ ਵਰਤੋਂ ਕਰ ਰਹੇ ਹਨ।
ਕਾਨੂੰਨ ਤੋਂ ਬਚਣ ਲਈ ਕੈਮੀਕਲ ਕਹਿ ਕੇ ਵੇਚੀ ਜਾਂਦੀ ਹੈ ਪੋਟਾਸ਼
ਕਿਸੇ ਵੀ ਕਾਨੂੰਨ ਤੋਂ ਬਚਣ ਲਈ ਇਸ ਨੂੰ ਸਧਾਰਨ ਕੈਮੀਕਲ ਕਹਿ ਕੇ ਵੇਚਿਆ ਜਾਂਦਾ ਹੈ ਕਿਉਂਕਿ ਇਹ ਇਕ ਤਰ੍ਹਾਂ ਦਾ ਕੈਮੀਕਲ ਹੈ, ਜਿਸ ਦੀ ਵਰਤੋਂ ਰਬੜ ਦੀ ਚੱਪਲ ਅਤੇ ਹੋਰ ਇੰਡਸਟਰੀਆਂ ਵਲੋਂ ਕੀਤੀ ਜਾਂਦੀ ਹੈ। ਇਸਦੇ ਉਪਰ ਕੋਈ ਬੈਨ ਨਹੀਂ ਹੈ ਅਤੇ ਇਸ ਨੂੰ ਆਸਾਨੀ ਨਾਲ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ।
ਕੈਮੀਕਲ ਡੀਲਰਾਂ ਕੋਲ ਆਸਾਨੀ ਨਾਲ ਹੈ ਉਪਲਬਧ
ਸ਼ਹਿਰ ਵਿਚ ਕਈ ਕੈਮੀਕਲ ਡੀਲਰ ਹਨ, ਜੋ ਸਲਫਰ ਤੇ ਹੋਰ ਕੈਮੀਕਲ ਵੇਚਦੇ ਹਨ। ਇਨ੍ਹਾਂ ਕੋਲ ਪੋਟਾਸ਼ ਵਰਗਾ ਕੈਮੀਕਲ ਬੜੀ ਆਸਾਨੀ ਨਾਲ ਉਪਲਬਧ ਹੁੰਦਾ ਹੈ ਅਤੇ ਉਕਤ ਡੀਲਰਾਂ ਕੋਲੋਂ ਕੋਈ ਵੀ ਆਸਾਨੀ ਨਾਲ ਇਸ ਨੂੰ ਖਰੀਦ ਸਕਦਾ ਹੈ।
