26 ਸਾਲ ਪਹਿਲਾਂ ਵੀ ਦਸੰਬਰ ਮਹੀਨੇ ’ਚ ਘੰਟਾਘਰ ਦੀ ਲਾਟਰੀ ਮਾਰਕੀਟ ’ਚ ਹੋਇਆ ਸੀ ਬੰਬ ਧਮਾਕਾ

Friday, Dec 24, 2021 - 01:33 PM (IST)

26 ਸਾਲ ਪਹਿਲਾਂ ਵੀ ਦਸੰਬਰ ਮਹੀਨੇ ’ਚ ਘੰਟਾਘਰ ਦੀ ਲਾਟਰੀ ਮਾਰਕੀਟ ’ਚ ਹੋਇਆ ਸੀ ਬੰਬ ਧਮਾਕਾ

ਲੁਧਿਆਣਾ (ਪੰਕਜ) : ਵੀਰਵਾਰ ਦੁਪਹਿਰ 12.15 ਵਜੇ ਮਿੰਨੀ ਸਕੱਤਰੇਤ ’ਚ ਸਥਿਤ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਪਖਾਨੇ ’ਚ ਹੋਏ ਬੰਬ ਧਮਾਕੇ ਨੇ ਸ਼ਹਿਰ ਵਾਸੀਆਂ ਨੂੰ 26 ਸਾਲ ਪਹਿਲਾਂ ਘੰਟਾ ਘਰ ਚੌਕ ਸਥਿਤ ਲਾਟਰੀ ਮਾਰਕੀਟ ਵਿਚ ਹੋਏ ਧਮਾਕੇ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਦਸੰਬਰ ਮਹੀਨੇ ਵਿਚ ਹੀ ਹੋਏ ਉਸ ਧਮਾਕੇ ’ਚ ਬੇਸ਼ੱਕ ਕਿਸੇ ਦੀ ਜਾਨ ਨਹੀਂ ਗਈ ਪਰ 2007 ਵਿਚ ਸ਼ਿੰਗਾਰ ਸਿਨੇਮਾ ਧਮਾਕੇ ’ਚ ਮੂਵੀ ਦੇਖਣ ਪੁੱਜੇ ਮਾਸੂਮ ਲੋਕ ਓਨੇ ਕਿਸਮਤ ਵਾਲੇ ਨਹੀਂ ਰਹੇ, ਉਸ ਧਮਾਕੇ ਵਿਚ 6 ਵਿਅਕਤੀਆਂ ਦੀ ਮੌਤ ਅਤੇ 42 ਜ਼ਖਮੀ ਹੋਏ ਸਨ। ਮੰਦੀ ਕਿਸਮਤ ਦੇਖੋ ਉਨ੍ਹਾਂ ਦੋਵੇਂ ਧਮਾਕਿਆਂ ਦੇ ਦੋਸ਼ੀਆਂ ਖ਼ਿਲਾਫ਼ ਪੁਖਤਾ ਸਬੂਤ ਨਾ ਹੋਣ ਕਾਰਨ ਅਦਾਲਤਾਂ ਤੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਪੰਜਾਬ ’ਚ ਅੱਤਵਾਦ ਦੇ ਕਾਲੇ ਦੌਰ ’ਚ ਅਜਿਹੀਆਂ ਘਟਨਾਵਾਂ ਆਮ ਹੋ ਚੁੱਕੀਆਂ ਸਨ ਪਰ ਕਈ ਦਹਾਕਿਆਂ ਤੱਕ ਉਸ ਬੁਰੇ ਸਮੇਂ ਨੂੰ ਭੁਲਾਉਣ ਦਾ ਯਤਨ ਕਰਨ ਵਾਲੇ ਸ਼ਹਿਰ ਵਾਸੀਆਂ ਦੇ ਜ਼ਖਮਾਂ ਨੂੰ ਇਕ ਵਾਰ ਕੋਰਟ ਕੰਪਲੈਕਸ ਦੀ ਘਟਨਾ ਨੇ ਹਰੇ ਕਰਨ ਦਾ ਕੰਮ ਕੀਤਾ ਹੈ। 6 ਦਸੰਬਰ 1995 ਨੂੰ ਹਮੇਸ਼ਾ ਭੀੜ ਨਾਲ ਭਰੇ ਰਹਿਣ ਵਾਲੇ ਘੰਟਾਘਰ ਸਥਿਤ ਲਾਟਰੀ ਮਾਰਕੀਟ ਵਿਚ ਅਚਾਨਕ ਜ਼ੋਰਦਾਰ ਧਮਾਕਾ ਹੁੰਦਾ ਹੈ, ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਤਾਂ ਉਥੇ ਖੜ੍ਹੇ ਲੋਕਾਂ ਨੂੰ ਕੁਝ ਸਮਝ ਨਹੀਂ ਆਉਂਦਾ। ਥੋੜ੍ਹੀ ਦੇਰ ਬਾਅਦ ਅਚਾਨਕ ਹਫੜਾ-ਦਫੜੀ ਮਚ ਜਾਂਦੀ ਹੈ। ਇਸ ਧਮਾਕੇ ’ਚ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸ ਬੰਬ ਧਮਾਕੇ ਦੇ ਦੋਸ਼ ’ਚ ਕੋਤਵਾਲੀ ਪੁਲਸ 5 ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਐਕਸਪਲੋਸਿਵ ਐਕਟ ਵਿਚ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਵਿਕਰਮਜੀਤ ਸਿੰਘ, ਬਲਜਿੰਦਰ ਸਿੰਘ ਸਮੇਤ ਪ੍ਰੀਤਮ ਸਿੰਘ ਖਿਲਾਫ ਧਮਾਕੇ ਵਿਚ ਜ਼ਖਮੀ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਤਾਂ ਕਰਦੀ ਹੈ ਪਰ ਬਾਅਦ ਵਿਚ ਸਬੂਤਾਂ ਦੀ ਕਮੀ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ’ਚ ਜ਼ਖਮੀ ਔਰਤ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

ਇਸੇ ਤਰ੍ਹਾਂ 14 ਸਾਲ ਪਹਿਲਾਂ 14 ਅਕਤੂਬਰ ਨੂੰ ਸ਼ਿੰਗਾਰ ਸਿਨੇਮਾ ’ਚ ਇਕ ਧਮਾਕਾ ਉਸ ਸਮੇਂ ਹੁੰਦਾ ਹੈ, ਜਦੋਂ ਇੰਟਰਵਲ ਤੋਂ ਬਾਅਦ ਮੂਵੀ ਮੁੜ ਸ਼ੁਰੂ ਹੁੰਦੀ ਹੈ। ਇਹ ਧਮਾਕਾ ਇੰਨਾ ਵੱਡਾ ਹੁੰਦਾ ਹੈ ਕਿ ਇਸ ਵਿਚ 6 ਮਾਸੂਮ ਲੋਕਾਂ ਦੀ ਮੌਤ ਅਤੇ 42 ਦੇ ਕਰੀਬ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਇਸ ਧਮਾਕੇ ਦੇ ਦੋਸ਼ ਵਿਚ ਡਵੀਜ਼ਨ ਨੰ. 6 ਵਿਚ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਸੰਦੀਪ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਮੁੱਖ ਮੁਲਜ਼ਮ ਬਣਾਇਆ ਜਾਂਦਾ ਹੈ। ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਮੁਤਾਬਕ ਚਾਰੇ ਮੁਲਜ਼ਮ ਇਕ ਆਟੋ ਵਿਚ ਸਵਾਰ ਹੋ ਕੇ ਸਿਨੇਮਾ ਹਾਲ ਦੇ ਬਾਰ ਆਉਂਦੇ ਹਨ ਅਤੇ ਦੋ ਮੁਲਜ਼ਮ ਟਿਕਟ ਲੈ ਕੇ ਅੰਦਰ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਉਹ ਸੀਟ ਦੇ ਥੱਲੇ ਬੰਬ ਰੱਖਣ ਤੋਂ ਬਾਅਦ ਖੁਦ ਇੰਟਰਵਲ ਦੌਰਾਨ ਸਿਨੇਮਾ ਹਾਲ ਛੱਡ ਕੇ ਨਿਕਲ ਜਾਂਦੇ ਹਨ ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਧਮਾਕਾ ਹੋ ਜਾਂਦਾ ਹੈ। ਬਾਅਦ ਵਿਚ ਪੁਲਸ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ। ਜੇਲ ਵਿਚ ਇਕ ਮੁਲਜ਼ਮ ਦੀ ਮੌਤ ਹੋ ਜਾਂਦੀ ਹ ੈ ਅਤੇ ਬਾਕੀ ਤਿੰਨਾਂ ਨੂੰ ਬਾਅਦ ਵਿਚ ਅਦਾਲਤ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕੇ ਦੀ ਜਾਂਚ ਮਜੀਠੀਆ ਖਿਲਾਫ਼ FIR ਨਾਲ ਜੋੜ ਕੇ ਵੀ ਕੀਤੀ ਜਾ ਰਹੀ : ਮੁੱਖ ਮੰਤਰੀ ਚੰਨੀ

ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਵਾਪਰੀ ਤਾਜ਼ਾ ਘਟਨਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰਜ ਸਿੰਘ ਵੱਲੋਂ ਸਰਹੱਦ ’ਤੇ ਸਰਹੱਦੋਂ ਪਾਰ ਡ੍ਰੋਨ ਦੀ ਮਦਦ ਨਾਲ ਭੇਜੇ ਜਾ ਰਹੇ ਟਿਫਨ ਬੰਬ ਅਤੇ ਹਥਿਆਰਾਂ ਦੀ ਸਮੱਗਲਿੰਗ ਕਾਰਨ ਸੂਬੇ ’ਚ ਅੱਤਵਾਦੀ ਘਟਨਾਵਾਂ ਸਬੰਧੀ ਵਾਰ-ਵਾਰ ਜਤਾਈਆਂ ਜਾ ਰਹੀਆਂ ਸ਼ੰਕਾਵਾਂ ’ਤੇ ਮੋਹਰ ਲਗਾ ਦਿੱਤੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸੇ ਤਰ੍ਹਾਂ ਮੋੜ ਮੰਡੀ ਵਿਚ ਬਲਾਸਟ ਹੋਇਆ ਸੀ। ਕੋਰਟ ਕੰਪਲੈਕਸ ਵਰਗੇ ਸੁਰੱਖਿਅਤ ਕੰਪਲੈਕਸ ਵਿਚ ਹੋਈ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵੀਰਵਾਰ ਨੂੰ ਵਕੀਲ ਭਾਈਚਾਰੇ ਦੀ ਹੜਤਾਲ ਕਾਰਨ ਹਮੇਸ਼ਾ ਵਾਂਗ ਅਦਾਲਤੀ ਕੰਪਲੈਕਸ ਵਿਚ ਰਹਿਣ ਵਾਲੀ ਭੀੜ ਘੱਟ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਹ ਧਮਾਕਾ ਖਤਰੇ ਦੀ ਘੰਟੀ ਹੈ। ਜੇਕਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਅਜੇ ਵੀ ਪੂਰੀ ਤਰ੍ਹਾਂ ਚੌਕਸ ਨਹੀਂ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਸ਼ੰਕਾਵਾ ਹਨ।

ਇਹ ਵੀ ਪੜ੍ਹੋ : ਤੁਸੀਂ ਉਹੀ ਕੱਟਦੇ ਹੋ, ਜੋ ਬੀਜਦੇ ਹੋ, ਹਰੀਸ਼ ਰਾਵਤ ’ਤੇ ਕੈਪਟਨ ਨੇ ਕੀਤੀ ਟਿੱਪਣੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News