ਬਲੂ ਵੇਲ੍ਹ ਗੇਮ ਨੇ ਵਧਾਈ ਸਰਕਾਰ ਦੀ ਚਿੰਤਾ, ਪਠਾਨਕੋਟ ''ਚ 10 ਹੋਰ ਵਿਦਿਆਰਥੀਆਂ ''ਤੇ ਸਾਇਆ
Saturday, Sep 09, 2017 - 03:00 PM (IST)
ਪਠਾਨਕੋਟ — ਸ਼ਹਿਰ 'ਚ ਬਲੂ ਵੇਲ੍ਹ ਟਾਸਕ ਨੂੰ ਪੂਰਾ ਕਰਨ ਲਈ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀਆਂ ਦੇ ਦੋਸਤ ਵੀ ਗੇਮ ਦੇ ਝਾਂਸੇ 'ਚ ਆ ਗਏ ਹਨ। ਸਿਹਤ ਵਿਭਾਗ ਨੇ ਹੁਣ ਉਨ੍ਹਾਂ ਸਾਰੇ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜ਼ਿਲਾ ਪੁਲਸ ਅਜਿਹੇ ਬੱਚਿਆਂ ਨੂੰ ਟ੍ਰੇਸ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ।
ਸ਼ਹਿਰ 'ਚ ਕੁਝ ਦਿਨ ਪਹਿਲਾਂ ਬਲੂ ਵੇਲ੍ਹ ਦੇ ਝਾਂਸੇ 'ਚ ਆ ਕੇ ਆਰਮੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੱਚੇ ਦੀ ਸਿਵਲ ਹਸਪਤਾਲ 'ਚ ਕਾਊਂਸਲਿੰਗ ਚਲ ਰਹੀ ਹੈ। ਵਿਦਿਆਰਥੀ ਨੇ ਮਨੋਰੋਗ ਮਾਹਿਰ ਨੂੰ ਦੱਸਿਆ ਕਿ ਉਸ ਦੇ ਨਾਲ 10 ਤੋਂ ਵੱਧ ਦੋਸਤ ਵੀ ਇਸ ਗੇਮ ਨੂੰ ਖੇਲ ਰਹੇ ਹਨ। ਇਸ 'ਤੇ ਸਿਹਤ ਵਿਭਾਗ ਨੇ ਨਾ ਸਿਰਫ ਉਕਤ ਵਿਦਿਆਕਥੀ ਦੇ ਸਕੂਲ 'ਚ ਸਗੋਂ ਹੋਰ ਸਕੂਲਾਂ 'ਚ ਵੀ ਬੱਚਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਟੀਮਾਂ ਬਣਾ ਕੇ ਉਕਤ ਵਿਦਿਆਰਥੀ ਦੇ ਦੋਸਤਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੱਖ-ਵੱਖ ਸਕੂਲਾਂ ਦੀਆਂ ਲਿਸਟਾਂ ਤਿਆਰ ਕਰ ਕੇ ਆਪਣੀ ਸਪੈਸ਼ਲ ਟੀਮ ਨੂੰ ਦੇ ਦਿੱਤੀ ਗਈ ਹੈ। ਇਹ ਟੀਮਾਂ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਜਿਹੀ ਗੇਮ ਤੋਂ ਦੂਰ ਰਹਿਣ ਲਈ ਜਾਗਰੂਕ ਕਰੇਗੀ। ਇਸ ਤੋਂ ਇਲਾਵਾ ਸੁਸਾਈਡ ਦੀ ਕੋਸ਼ਿਸ਼ ਕਰਨ ਵਾਲੇ ਬੱਚਿਆਂ ਦੇ ਸਾਥੀਆਂ ਨੂੰ ਲੱਭਣ ਲਈ ਖਾਸ ਤੌਰ 'ਤੇ ਆਰਮੀ ਸਕੂਲ ਦੇ ਪ੍ਰਿੰਸੀਪਲ, ਸਟਾਫ ਤੇ ਉਕਤ ਬੱਚੇ ਦੇ ਸਹਿਪਾਠੀਆਂ ਨਾਲ ਗੱਲਬਾਤ ਕਰ ਰਹੇ ਹਨ।
ਪੁਲਸ ਦੇ ਕੋਲ ਹੁਣ ਤਕ ਬਲੂ ਵੇਲ੍ਹ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ। ਗੇਮ ਦਾ ਸ਼ਿਕਾਰ ਹੋਏ ਬੱਚੇ ਦੇ ਪਰਿਵਾਰਕ ਮੈਂਬਰ , ਸਕੂਲ ਤੇ ਨਾ ਹੀ ਕਿਸੇ ਸੋਸ਼ਲ ਐਕਟੀਵਿਸਟ ਨੇ ਗੇਮ ਦੇ ਖਿਲਾਫ ਆਵਾਜ਼ ਉਠਾਈ ਹੈ। ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੇਮ ਦੇ ਖਿਲਾਫ ਕੋਈ ਸ਼ਿਕਾਇਤ ਕਿਸੇ ਵੀ ਥਾਣੇ 'ਚ ਕਿਸੇ ਵੀ ਵਿਅਕਤੀ ਵਲੋਂ ਨਹੀਂ ਦਿੱਤੀ ਗਈ ਹੈ। ਮਾਮਲੇ 'ਚ ਪੁਲਸ ਦੀ ਦਿਲਚਸਪੀ ਨਾ ਲੈਣ 'ਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਗੇਮ ਖੇਡ ਰਹੇ ਦੂਜੇ ਬੱਚਿਆਂ ਨੂੰ ਲੱਭਣ ਲਈ ਸਿਹਤ ਵਿਭਾਗ ਦੇ ਮਨੋਰੋਗ ਮਾਹਿਬ ਆਪਣਾ ਕੰਮ ਕਰ ਰਹੇ ਹਨ। ਇਹ ਸਿਹਤ ਵਿਭਾਗ ਨਾਲ ਜੁੜਿਆ ਮਾਮਲਾ ਹੈ। ਇਸ 'ਚ ਪੁਲਸ ਵਿਭਾਗ ਦਾ ਕੋਈ ਦਖਲ ਨਹੀਂ ਹੈ।
