122 ਲਾਭਪਾਤਰੀਅਾਂ ਦੇ ਨੀਲੇ ਕਾਰਡ ਪਾੜੇ
Friday, Jun 29, 2018 - 12:33 AM (IST)

ਜਾਡਲਾ, (ਜਸਵਿੰਦਰ)- ਆਟਾ-ਦਾਲ ਸਕੀਮ ਤਹਿਤ ਲਾਭ ਰਹਿ ਰਹੇ ਪਿੰਡ ਮੁਬਾਰਕਪੁਰ ਦੇ ਕਰੀਬ 122 ਲਾਭਪਾਤਰੀਅਾਂ ਦੇ ਨੀਲੇ ਕਾਰਡ ਇਕ ਮੋਹਤਬਰ ਵੱਲੋਂ ਇਹ ਕਹਿ ਕੇ ਪਾਡ਼ ਦਿੱਤੇ ਗਏ ਕਿ ਇਨ੍ਹਾਂ ’ਤੇ ਬਾਦਲ ਦੀ ਫੋਟੋ ਲੱਗੀ ਹੈ। ਪਿੰਡ ਵਾਸੀ ਸੇਵਾ ਮੁਕਤ ਸੂਬੇਦਾਰ ਸੁੱਚਾ ਰਾਮ, ਨੀਲਮ ਰਾਣੀ, ਨੇਹਾ ਰਾਣੀ, ਪਿੰਕੀ ਰਾਣੀ, ਜੋਗਿੰਦਰ ਕੌਰ, ਤੀਰਥ ਕੌਰ, ਕਮਲ, ਸੁਲਿੰਦਰ ਕੌਰ ਆਦਿ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਕਾਰਨ ਕਰੀਬ ਛੇ ਮਹੀਨੇ ਹੋ ਗਏ ਹਨ, ਉਨ੍ਹਾਂ ਨੂੰ ਨੀਲੇ ਕਾਰਡਾਂ ’ਤੇ ਕਣਕ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨੀਲੇ ਕਾਰਡਾਂ ਦੇ ਵਿਚਕਾਰ ਵਾਲੇ ਪੇਜ਼ ਹੀ ਪਿੰਡ ਦੇ ਇਕ ਮੋਹਤਬਰ ਵਿਅਕਤੀ ਵੱਲੋਂ ਪਾਡ਼ ਦਿੱਤੇ ਗਏ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਭਾਰੀ ਰੋਸ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀ ਹਲਕਾ ਵਿਧਾਇਕ ਨੂੰ ਵੀ ਮਿਲੇ ਹਨ ਪਰ ਫਿਰ ਵੀ Îਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਆਉਣ ਵਾਲੇ ਦਿਨਾਂ ’ਚ ਆਪਣੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕਰਨ ਲਈ ਮਜਬੂਰ ਹੋਣਗੇ।
ਨੀਲੇ ਕਾਰਡਾਂ ਨੂੰ ਪਾੜਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ : ਏ. ਡੀ. ਸੀ.
ਉਧਰ, ਜਦੋਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਨੀਲੇ ਕਾਰਡਾਂ ਨੂੰ ਪਾਡ਼ ਦੇਵੇ। ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਕੋਈ ਰੋਕ ਨਹੀਂ ਸਕਦਾ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।