ਮਾਨਸਾ ''ਚ ਦੋ ਧੜਿਆਂ ਵਿਚਾਲੇ ਖੂਨੀ ਝੜਪ, ਗੋਲੀਬਾਰੀ ''ਚ ਇਕ ਦੀ ਮੌਤ
Saturday, Mar 14, 2020 - 11:27 AM (IST)
ਮਾਨਸਾ : ਜਿਣਸ ਦੀ ਢੋਆ-ਢੋਆਈ ਲਈ ਇਕ ਸਾਲ ਲਈ ਹੋਣ ਵਾਲੇ ਟੈਂਡਰਾਂ ਸਬੰਧੀ ਸੂਬੇ ਦੀਆਂ ਛੇ ਸਰਕਾਰੀ ਖਰੀਦ ਏਜੰਸੀਆਂ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਜ਼ਿਲਾ ਪਰਿਸ਼ਦ ਕੰਪਲੈਕਸ ਮਾਨਸਾ ਵਿਚ ਟਰੱਕ ਯੂਨੀਅਨ ਦੇ ਦੋ ਸਾਬਕਾ ਪ੍ਰਧਾਨਾਂ ਪ੍ਰਿਤਪਾਲ ਸਿੰਘ ਡਾਲੀ ਅਤੇ ਮਲਕੀਤ ਸਿੰਘ ਭਪਲਾ ਦੇ ਧੜਿਆਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਦੌਰਾਨ ਟਰੱਕ ਯੂਨੀਅਨ ਮਾਨਸਾ ਦੇ ਸਾਬਕਾ ਮੈਂਬਰ ਚੰਦਰ ਮੋਹਨ ਦੀ ਮੌਤ ਹੋ ਗਈ। ਭਾਵੇਂ ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਅਤੇ ਕਈ ਹੋਰਾਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਡਾਲੀ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੂਜੀ ਧਿਰ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਲੜਾਈ ਉਸ ਵੇਲੇ ਹੋਈ, ਜਦੋਂ ਖੁਰਾਕ ਤੇ ਸਪਲਾਈਜ਼ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਵਾਸਤੇ ਦੋਵਾਂ ਧਿਰਾਂ ਦੇ ਆਗੂ ਇਕੱਠੇ ਹੋਏ। ਇਸ ਦੌਰਾਨ ਦੋਹਾਂ ਧਿਰਾਂ 'ਚ ਤੂੰ-ਤੂੰ-ਮੈਂ-ਮੈਂ ਮਗਰੋਂ ਹੱਥੋਪਾਈ ਅਤੇ ਖਿੱਚ-ਧੂਹ ਹੋਈ ਤੇ ਮਗਰੋਂ ਗੋਲੀ ਚੱਲ ਗਈ। ਇਕ ਗੋਲੀ ਚੰਦਰ ਮੋਹਨ ਦੇ ਲੱਗੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਵੈਰੀ ਬਣਿਆ ਵੱਡਾ ਭਰਾ, ਛੋਟੇ ਭਰਾ ਦਾ ਕੀਤਾ ਕਤਲ
ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ, ਥਾਣਾ ਸਿਟੀ-1 ਦੇ ਮੁਖੀ ਸੁਖਜੀਤ ਸਿੰਘ ਅਤੇ ਥਾਣਾ ਸਿਟੀ-2 ਦੇ ਹਰਦਿਆਲ ਦਾਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ : 3 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ