2 ਫੁੱਟ ਥਾਂ ਨੂੰ ਲੈ ਕੇ ਹੋਇਆ ਖੂਨੀ ਟਕਰਾਅ, ਚੱਲੀਆਂ ਤਲਵਾਰਾਂ

01/14/2018 12:25:34 PM

ਚੰਡੀਗੜ੍ਹ (ਸੰਦੀਪ) : ਪਿੰਡ ਕਜਹੇੜੀ 'ਚ ਰਹਿਣ ਵਾਲੇ 2 ਪਰਿਵਾਰਾਂ 'ਚ ਸ਼ਨੀਵਾਰ ਨੂੰ 2 ਫੁੱਟ ਥਾਂ ਨੂੰ ਲੈ ਕੇ ਹੋਈ ਲੜਾਈ ਵਿਚ ਤਲਵਾਰਾਂ ਅਤੇ ਪੱਥਰ ਚੱਲ ਗਏ। ਇਸ ਕੁੱਟਮਾਰ 'ਚ ਦੋਵਾਂ ਧਿਰਾਂ ਦੇ ਅੱਧਾ ਦਰਜਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕਜਹੇੜੀ ਚੌਕੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਮੰਨੀਏ ਤਾਂ ਜ਼ਖਮੀਆਂ ਦੀ ਮੈਡੀਕਲ ਰਿਪੋਰਟ ਤੇ ਦੋਵੇਂ ਪਾਸਿਓਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਮਾਮਲੇ 'ਚ ਕਾਰਵਾਈ ਕਰੇਗੀ।  
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਪਿੰਡ 'ਚ ਹੀ ਸਥਿਤ ਥਾਂ 'ਤੇ ਕੰਧ ਬਣਾਉਣ ਤੋਂ ਦੋਵੇਂ ਪਰਿਵਾਰਾਂ 'ਚ ਝਗੜਾ ਹੋ ਗਿਆ। 2 ਫੁੱਟ ਜ਼ਮੀਨ ਦਾ ਝਗੜਾ ਇਸ ਹੱਦ ਤਕ ਵਧ ਗਿਆ ਕਿ ਦੋਵੇਂ ਪਰਿਵਾਰਾਂ 'ਚ ਤਲਵਾਰਾਂ ਤੇ ਪੱਥਰ ਚੱਲ ਗਏ। ਇਸ ਕੁੱਟਮਾਰ ਬਾਰੇ ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਸਾਰੇ ਜ਼ਖਮੀਆਂ ਦਾ ਸੈਕਟਰ-16 ਹਸਪਤਾਲ 'ਚ ਮੈਡੀਕਲ ਤੇ ਇਲਾਜ ਕਰਵਾਇਆ। ਪੁਲਸ ਮੁਤਾਬਕ ਇਸ ਝਗੜੇ ਦੌਰਾਨ ਇਕ ਧਿਰ ਦੇ ਗੁਰਮੀਤ ਸਿੰਘ, ਜਗਜੀਤ ਸਿੰਘ ਤੇ ਕਰਮਜੀਤ ਕੌਰ ਨੂੰ ਸੱਟਾਂ ਲੱਗੀਆਂ ਹਨ, ਜਦੋਂਕਿ ਦੂਜੀ ਧਿਰ ਵਲੋਂ ਜਸਬੀਰ ਸਿੰਘ, ਬਿੰਦਾ ਤੇ ਜਿੰਦਾ ਨੂੰ ਸੱਟਾਂ ਲੱਗੀਆਂ ਹਨ।


Related News