ਰੇਲਵੇ ਦੇ ਓਪਨ ਏਰੀਆ ’ਚੋਂ ਮਿਲੀ ਲਹੂ-ਲੁਹਾਨ ਲਾਸ਼, ਕੋਲ ਪਿਅਾ ਸੀ ਖੂਨ ਨਾਲ ਲਥਪਥ ਪੱਥਰ

08/19/2018 5:59:39 AM

ਚੰਡੀਗਡ਼੍ਹ, (ਲਲਨ)- ਰੇਲਵੇ ਸਟੇਸ਼ਨ ਦੇ ਓਪਨ ਏਰੀਆ ਵਿਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਲਹੂ-ਲੁਹਾਨ ਪਿਆ ਮਿਲਿਆ,  ਜਿਸ ਕੋਲ ਖੂਨ ਨਾਲ ਲਥਪਥ ਪੱਥਰ ਵੀ ਪਿਆ ਸੀ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਨੇ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਦੀ ਪਛਾਣ ਦਡ਼ਵਾ ਨਿਵਾਸੀ ਮਦਾਨੂ ਯਾਦਵ ਵਜੋਂ ਹੋਈ। ਮਦਾਨੂ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸਦੇ ਪਤੀ ਦੀ ਹੱਤਿਆ ਉਸ ਦੇ ਦੋਸਤਾਂ ਨੇ ਸ਼ਰਾਬ ਪਿਲਾਉਣ ਮਗਰੋਂ ਕੀਤੀ ਹੈ।
 ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਰੇਹਡ਼ੀਆਂ ’ਤੇ ਲੋਕ ਜੰਮ ਕੇ ਸ਼ਰਾਬ ਪੀਂਦੇ ਹਨ। ਜੀ. ਆਰ. ਪੀ. ਨੇ ਮਦਾਨੂ ਦੀ ਪਤਨੀ ਇਸ਼ਰਾਵਤੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ 3 ਸ਼ੱਕੀਆਂ ਨੂੰ ਰਾਊਂਡਅਪ ਕੀਤਾ ਹੈ। ਇਸ਼ਰਾਵਤੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਸ ਦਾ ਪਤੀ ਕੰਮ ਦੀ ਭਾਲ ’ਚ ਨਿਕਲਿਆ ਸੀ। ਜੀ. ਆਰ. ਪੀ. ਸਟੇਸ਼ਨ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ। 
ਮੌਕੇ ’ਤੇ ਪਹੁੰਚ ਕੇ ਵੇਖਿਅਾ ਕਿ ਵਿਅਕਤੀ ਦੇ ਸਿਰ ਦੇ ਪਿਛਲੇ ਪਾਸੇ ਸੱਟ ਦੇ ਨਿਸ਼ਾਨ ਸਨ, ਜੋ ਪੱਥਰ ਦੇ ਲਗ ਰਹੇ ਸਨ। ਜ਼ਖਮਾਂ ਵਿਚੋਂ ਖੂਨ ਵਗ ਰਿਹਾ ਸੀ। ਇਸ ਤੋਂ ਬਾਅਦ ਪੁਲਸ ਨੇ ਮਦਾਨੂ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ, ਜਿਥੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਮਦਾਨੂ ਨੂੰ ਮ੍ਰਿਤਕ ਐਲਾਨ ਦਿੱਤਾ।  
ਖ਼ਰਾਬ ਸੀ. ਸੀ. ਟੀ. ਵੀ. ਕੈਮਰਿਅਾਂ ਕਾਰਨ ਨਹੀਂ ਮਿਲਿਆ ਸੁਰਾਗ
 ਜੀ. ਆਰ. ਪੀ. ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਜਾਂਚੇ ਤਾਂ ਉਨ੍ਹਾਂ ਵਿਚ ਕੋਈ ਪੁਖਤਾ ਸੁਰਾਗ ਹੱਥ ਨਹੀਂ ਲੱਗਿਆ ਹੈ। ਥਾਣਾ ਇੰਚਾਰਜ ਮੁਤਾਬਕ ਕਈ ਹੋਟਲਾਂ ਦੇ ਸੀ. ਸੀ. ਟੀ. ਵੀ. ਕੈਮਰੇ ਖ਼ਰਾਬ ਪਏ ਹਨ। ਨਾਲ ਹੀ ਜਿਥੇ ਕੈਮਰੇ ਠੀਕ ਹਨ, ਉਥੇ ਹਨੇਰੇ ਕਾਰਨ ਕੁਝ ਵੀ ਸਾਫ਼ ਨਹੀਂ ਦਿਖ ਰਿਹਾ। ਥਾਣਾ ਇੰਚਾਰਜ ਮੁਤਾਬਕ ਘਟਨਾ ਸਥਾਨ ਦੇ ਆਸ-ਪਾਸ ਦਾ ਮੋਬਾਇਲ ਦਾ ਡੰਪ ਡਾਟਾ ਚੁੱਕਿਆ ਜਾਵੇਗਾ।  
ਸ਼ਾਮ ਹੁੰਦਿਅਾਂ ਹੀ ਰੇਹਡ਼ੀਆਂ ਵਾਲੇ ਪਿਲਾਉਂਦੇ ਹਨ ਸ਼ਰਾਬ 
 ਰੇਲਵੇ ਦੇ ਓਪਨ ਏਰੀਆ ’ਚ ਰੋਜ ਸ਼ਾਮ ਜਾਮ ਟਕਰਾਉਂਦੇ ਹਨ ਤੇ ਲਡ਼ਾਈ-ਝਗਡ਼ੇ ਹੁੰਦੇ ਰਹਿੰਦੇ ਹਨ। ਹਾਲਾਂਕਿ ਇਸ ਸਭ ਤੋਂ  ਜੀ. ਆਰ. ਪੀ. ਤੇ ਆਰ. ਪੀ. ਐੱਫ. ਬੇਖਬਰ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਰੋਜ਼ਾਨਾ ਮੱਛੀ ਤੇ ਮੀਟ ਦੀਆਂ 15-16 ਰੇਹਡ਼ੀਆਂ ਲਗਦੀਆਂ ਹਨ ਤੇ ਲੋਕ ਇਥੇ ਸ਼ਰਾਬ ਪੀਂਦੇ ਹਨ। ਇਸ ਸਬੰਧੀ ਕਈ ਲੋਕ ਪੁਲਸ ਨੂੰ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।


Related News