ਬਲੱਡ ਬੈਂਕ ’ਚ ਫਰਜ਼ੀਵਾੜਾ, ਮੁਲਜ਼ਮਾਂ ਨੂੰ ਭੇਜਿਆ ਜੇਲ
Tuesday, Aug 07, 2018 - 06:23 AM (IST)

ਜਲੰਧਰ, (ਸੁਧੀਰ)- ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ’ਚ ਹੋਏ ਫਰਜ਼ੀਵਾੜੇ ਦੇ ਮਾਮਲੇ ’ਚ ਪੁਲਸ ਵੱਲੋਂ ਫੜੇ ਗਏ 5 ਲੋਕਾਂ ਨੂੰ ਥਾਣਾ 2 ਦੀ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਹੈ, ਜਿਥੇ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਉਥੇ ਦੂਜੇ ਪਾਸੇ ਪੁਲਸ ਇਸ ਮਾਮਲੇ ’ਚੈਂਕ ਦੇ ਮਾਲਕ ਡਾ. ਆਈ. ਜੀ. ਅਗਰਵਾਲ ਦੀ ਤਲਾਸ਼ ਕਰ ਰਹੀ ਹੈ, ਜਦਕਿ ਪੁਲਸ ਨੇ ਫਿਲਹਾਲ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਥਾਨਕ ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ’ਚ ਖੂਨ ਦਾਨ ਕਰਨ ਵਾਲੀ ਸੰਸਥਾ ਨੇ ਹਸਪਤਾਲ ਦੇ ਬਲੱਡ ਬੈਂਕ ’ਚ ਫਰਜ਼ੀਵਾੜੇ ਨੂੰ ਲੈ ਕੇ ਹੰਗਾਮਾ ਕੀਤਾ ਸੀ। ਨਾਲ ਹੀ ਸਿਹਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਹਸਪਤਾਲ ਦੇ ਬਲੱਡ ਬੈਂਕ ਨੂੰ ਸੀਲ ਕਰ ਕੇ ਰਿਕਾਰਡ ਕਬਜ਼ੇ ’ਚ ਲੈ ਲਿਆ ਸੀ। ਬਲੱਡ ਬੈਂਕ ਸੰਸਥਾ ਦੇ ਨੀਰਜ ਬਖਸ਼ੀ ਵਾਲੀ ਫਗਵਾੜਾ ਨੇ ਮੁਲਜ਼ਮਾਂ ’ਤੇ ਕਾਰਵਾਈ ਸਬੰਧੀ ਥਾਣਾ 2 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।
ਪੁਲਸ ਨੇ ਡਾ. ਹਰਜੀਤ ਸਿੰਘ ਬੀ. ਟੀ. ਓ. ਵਾਸੀ ਗਰੀਨ ਮਾਡਲ ਟਾਊਨ, ਸੁਪਰਵਾਈਜ਼ਰ ਭੁਪਿੰਦਰ ਸਿੰਘ ਵਾਸੀ ਜ਼ਿਲਾ ਸੰਗਰੂਰ, ਟੈਕਨੀਸ਼ੀਅਨ ਵੇਦ ਪ੍ਰਕਾਸ਼ ਜ਼ਿਲਾ ਸੰਗਰੂਰ, ਟੈਕਨੀਸ਼ੀਅਨ ਦਿਨੇਸ਼ ਕੁਮਾਰ ਵਾਸੀ ਪਿੰਡ ਅਮਰਪੁਰ ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼), ਬਬਲੂ ਵਾਸੀ ਜੀਂਦ ਹਰਿਆਣਾ ਖਿਲਾਫ ਮਾਮਾਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਅੱਜ ਡਾ. ਆਈ. ਜੀ. ਅਗਰਵਾਲ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਹੈ।