ਚਿੱਟੇ ਦੁੱਧ ਦੇ ਕਾਲੇ ਧੰਦੇ ਦਾ ਪਰਦਾਫਾਸ਼

11/18/2017 6:44:45 AM

ਭਵਾਨੀਗੜ੍ਹ, (ਵਿਕਾਸ, ਅੱਤਰੀ, ਸੰਜੀਵ)- ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੀ ਪੁਲਸ ਨੇ ਪਿੰਡ ਬਾਲਦ ਖੁਰਦ ਦੇ ਇਕ ਘਰ ਵਿਚ ਚੱਲ ਰਹੀ ਮਿਲਾਵਟੀ ਦੁੱਧ ਦੀ ਫੈਕਟਰੀ 'ਤੇ ਛਾਪਾ ਮਾਰ ਕੇ ਜਿਥੇ ਫੈਕਟਰੀ ਚਲਾ ਰਹੇ 2 ਭਰਾਵਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਸਣੇ ਕਾਬੂ ਕੀਤਾ ਉਥੇ ਮੌਕੇ ਤੋਂ 400 ਲੀਟਰ ਮਿਲਾਵਟੀ ਦੁੱਧ, ਵੱਡੀ ਮਾਤਰਾ 'ਚ ਘਿਉ, ਸੁੱਕੇ ਦੁੱਧ ਦਾ ਪਾਊਡਰ ਅਤੇ ਹੋਰ ਸਾਮਾਨ ਬਰਾਮਦ ਕੀਤਾ।
ਜਾਂਚ ਲਈ ਲੈਬ 'ਚ ਭੇਜੇ ਜਾਣਗੇ ਬਰਾਮਦ ਸਾਮਾਨ ਦੇ ਸੈਂਪਲ
ਇਸ ਮੌਕੇ ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਰਵਿੰਦਰ ਗਰਗ ਅਤੇ ਫੂਡ ਸੇਫਟੀ ਅਫਸਰ ਗੌਰਵ ਕੁਮਾਰ ਨੇ
ਦੱਸਿਆ ਕਿ ਫੈਕਟਰੀ 'ਚੋਂ ਬਰਾਮਦ ਦੁੱਧ ਅਤੇ ਹੋਰ ਸਾਮਾਨ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਭੇਜੇ ਜਾਣਗੇ।
ਪਹਿਲਾਂ ਵੀ ਹੋ ਚੁੱਕੀ ਐ ਉਕਤ ਫੈਕਟਰੀ 'ਤੇ ਕਾਰਵਾਈ : ਇਥੇ ਇਹ ਦੱਸਣਯੋਗ ਹੈ ਕਿ 8-9 ਮਹੀਨੇ ਪਹਿਲਾਂ ਵੀ ਪੁਲਸ ਅਤੇ ਸਿਹਤ ਵਿਭਾਗ ਨੇ ਮਿਲਾਵਟਖੋਰੀ ਦੇ ਦੋਸ਼ ਹੇਠ ਉਕਤ ਫੈਕਟਰੀ ਵਿਚ ਛਾਪਾ ਮਾਰ ਕੇ ਕਾਰਵਾਈ ਕੀਤੀ ਸੀ ।
ਨਾਭਾ ਤੇ ਆਲੇ-ਦੁਆਲੇ ਵੇਚਦੇ ਸਨ ਮਿਲਾਵਟੀ ਦੁੱਧ
ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਾਲਦ ਖੁਰਦ ਵਿਚ 2 ਭਰਾ ਆਲੇ-ਦੁਆਲੇ ਦੇ ਪਿੰਡਾਂ 'ਚੋਂ ਗੱਡੀ ਰਾਹੀਂ ਦੁੱਧ ਇਕੱਠਾ ਕਰ ਕੇ ਆਪਣੀ ਫੈਕਟਰੀ ਵਿਚ ਲਿਆਉਂਦੇ ਹਨ, ਜਿਥੇ ਰੱਖੇ ਟੈਂਕਰਾਂ ਅਤੇ ਚਿੱਲਰ 'ਚ ਦੁੱਧ ਦੀ ਮਾਤਰਾ ਵਧਾਉਣ ਲਈ ਇਸ ਵਿਚ ਕਈ ਤਰ੍ਹਾਂ ਦੀਆਂ ਵਸਤੂਆਂ, ਜੋ ਮਨੁੱਖੀ ਸਰੀਰ ਲਈ ਮਾਰੂ ਹਨ, ਦੀ ਮਿਲਾਵਟ ਕਰਦੇ ਹਨ ਅਤੇ ਇਸ ਮਿਲਾਵਟੀ ਦੁੱਧ ਨੂੰ ਅੱਗੇ ਨਾਭਾ ਆਦਿ ਸ਼ਹਿਰਾਂ ਵਿਚ ਵੇਚਦੇ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਨੂੰ ਉਥੋਂ 400 ਲੀਟਰ ਮਿਲਾਵਟੀ ਦੁੱਧ, 60 ਕਿਲੋ ਬਨਸਪਤੀ ਘਿਉ ਅਤੇ 12 ਕਿਲੋ ਸੁੱਕੇ ਦੁੱਧ ਦਾ ਪਾਊਡਰ ਬਰਾਮਦ ਹੋਇਆ । ਖਹਿਰਾ ਨੇ ਦੱਸਿਆ ਕਿ ਫੈਕਟਰੀ ਚਲਾ ਰਹੇ ਦੋਵੇਂ ਭਰਾਵਾਂ ਲਖਵਿੰਦਰ ਸਿੰਘ ਅਤੇ ਮੱਖਣ ਸਿੰਘ ਸਣੇ ਦੋਵਾਂ ਦੀਆਂ ਪਤਨੀਆਂ ਨੂੰ ਕਾਬੂ ਕਰ ਕੇ ਦੁੱਧ ਬਣਾਉਣ ਲਈ ਵਰਤਿਆ ਜਾਂਦਾ ਫੈਕਟਰੀ ਵਿਚ ਪਿਆ ਹੋਰ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।


Related News