ਕਿਸਾਨ ਘੋਲ : ਕਾਲੇ ਕਾਨੂੰਨਾਂ ਨੇ ਇਕ ਹੋਰ ਕਿਸਾਨ ਦੀ ਲਈ ਜਾਨ
Thursday, Feb 04, 2021 - 01:53 AM (IST)
ਮਾਨਸਾ, (ਜੱਸਲ)- ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਕੋਟਧਰਮੂ ਦੀ ਪਿੰਡ ਇਕਾਈ ਦੇ ਆਗੂ ਗੁਰਜੰਟ ਸਿੰਘ ਪੁੱਤਰ ਜਗਦੀਸ਼ ਸਿੰਘ ਉਮਰ 55 ਸਾਲ ਜੋ ਕਿ ਕਿਸਾਨ ਅੰਦੋਲਨ ’ਚ ਟਿਕਰੀ ਬਾਰਡਰ ’ਤੇ ਲੰਮੇ ਸਮੇਂ ਤੋਂ ਡਟਿਆ ਹੋਇਆ ਸੀ । 19 ਜਨਵਰੀ ਨੂੰ ਠੰਡ ਲੱਗਣ ਕਾਰਨ ਬੀਮਾਰ ਹੋਣ ਕਾਰਨ ਪਹਿਲਾਂ ਮਾਨਸਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਰ ਕੇ ਮਾਨਸਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਪੰਜਾਬ ਕਿਸਾਨ ਯੂਨੀਅਨ ਦਾ ਇਕ ਵਫਦ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਸਮਾਉਂ ਅਤੇ ਗੁਰਜੰਟ ਸਿੰਘ ਮਾਨਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਅਤੇ ਐੱਸ. ਐੱਸ. ਪੀ. ਮਾਨਸਾ ਨੂੰ ਮਿਲਿਆ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਘੋਲ ਦੇ ਸ਼ਹੀਦ ਗੁਰਜੰਟ ਸਿੰਘ ਕੋਟਧਰਮੂ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ :- ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਸਾਰੇ ਲੋਕ ਸਾਡੇ ਨਿਸ਼ਾਨੇ 'ਤੇ : ਜੀ. ਕੇ.
ਦੱਸ ਦੇਈਏ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 70 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਦਿਨ-ਰਾਤ ਅੰਦੋਲਨ ਕਰ ਰਹੇ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨ ਵੱਡੀ ਗਿਣਤੀ ’ਚ ਸਰਹੱਦਾਂ ’ਤੇ ਪਹੁੰਚ ਰਹੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਅਤੇ ਕਿਸਾਨਾਂ ਦੀਆਂ ਬੈਠਕਾਂ ਵੀ ਹੋਈਆਂ, ਜੋ ਬੇਸਿੱਟਾ ਰਹੀਆਂ। ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ 26 ਜਨਵਰੀ,2021 ਨੂੰ ਕਿਸਾਨ ਟਰੈਕਟਰ ਪਰੇਡ ਵੀ ਕੀਤੀ ਗਈ, ਜਿਸ ਦੇ ਕਈ ਭਾਰੀ ਨਤੀਜੇ ਸਾਹਮਣੇ ਆਏ।
ਇਹ ਵੀ ਪੜ੍ਹੋ :- ਵਿਜੀਲੈਂਸ ਬਿਊਰੋ ਵੱਲੋਂ 3 ਪੁਲਸ ਮੁਲਾਜ਼ਮਾਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ, 2 ਮੁਲਾਜ਼ਮ ਰੰਗੇ ਹੱਥੀ ਕਾਬੂ
ਇਸ ਸਬੰਧ ’ਚ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਕਿਸਾਨਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਸਿੰਘੂ ਬਾਰਡਰ ’ਤੇ ਪੁਲਸ ਦੀ ਦੇਖ-ਰੇਖ ਵਿਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਾਉਂਦੇ ਹੋਏ ਵੇਖੇ ਗਏ। ਪੁਲਸ ਵਲੋਂ ਅਜਿਹਾ ਇਸ ਲਈ ਕੀਤਾ ਗਿਆ, ਤਾਂ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਆਵਾਜਾਈ ਸੀਮਤ ਕੀਤੀ ਜਾ ਸਕੇ।