ਪੰਜਾਬ ਦੀ ਇਸ ਜੇਲ੍ਹ ਦੇ ਕੈਦੀ 'ਕਾਲੇ ਪੀਲੀਏ' ਦੇ ਕਲਾਵੇ 'ਚ ਆਏ, ਸਾਹਮਣੇ ਆਏ ਅਸਲ ਅੰਕੜੇ

Thursday, Nov 03, 2022 - 10:07 AM (IST)

ਨਾਭਾ (ਭੂਪਾ) : ਕਾਲੇ ਪੀਲੀਏ ਨੇ ਨਾਭਾ ਦੀ ਜ਼ਿਲ੍ਹਾ ਜੇਲ੍ਹ ਨੂੰ ਘੇਰ ਹੀ ਲਿਆ ਹੈ। ਬੀਤੇ ਦਿਨੀਂ ਜੇਲ੍ਹ ਸੁਪਰੀਡੈਂਟ ਵੱਲੋਂ ਨਕਾਰੇ ਜਾਣ ਤੋਂ ਬਾਅਦ ਨਾਭਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਅੰਕੜੇ ਪੇਸ਼ ਕਰ ਕੇ ਮਾਮਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਐੱਸ. ਐੱਮ. ਓ. ਰੈਂਕ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅੰਦਰ 800 ਦੇ ਕਰੀਬ ਹਵਾਲਾਤੀਆਂ ਅਤੇ ਕੈਦੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ’ਚੋਂ 148 ਕੈਦੀ ਹਵਾਲਾਤੀ ਕਾਲੇ ਪੀਲੀਏ ਤੋਂ ਪੀੜਤ ਪਾਏ ਗਏ ਹਨ, ਜਦੋਂ ਕਿ ਬੀਤੇ ਦਿਨ ਅਫ਼ਵਾਹਾਂ ਅਨੁਸਾਰ ਪੀੜਤਾਂ ਦੀ ਗਿਣਤੀ 300 ਤੋਂ ਉੱਪਰ ਦੱਸੀ ਜਾ ਰਹੀ ਸੀ। ਜੇਲ੍ਹ ਅੰਦਰ ਫੈਲੀ ਕਾਲੇ ਪੀਲੀਏ ਦੀ ਬੀਮਾਰੀ ਨਾਲ ਸਿਹਤ ਵਿਭਾਗ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਸਰਕਾਰੀ ਅਧਿਕਾਰੀਆਂ ਨੇ ਫੋਨ ਸਾਇਲੈਂਟ ’ਤੇ ਲਾ ਲਏ। ਪਤਾ ਲੱਗਿਆ ਕਿ ਮੀਟਿੰਗਾਂ ਦੇ ਦੌਰ ਤੋਂ ਬਾਅਦ ਰਾਜਿੰਦਰਾ ਹਸਪਤਾਲ ਦੀਆਂ ਟੀਮਾਂ ਦੇ ਨਾਭਾ ਜੇਲ੍ਹ ਨਿਰੀਖਣ ਕਰਨ ਦੇ ਹਵਾਲੇ ਨਾਲ ਅਸਪੱਸ਼ਟ ਅਫ਼ਵਾਹਾਂ ਦਾ ਦੌਰ ਚੱਲਿਆ ਰਿਹਾ ਪਰ ਪੁਸ਼ਟੀ ਕਰਨ ਨੂੰ ਕਿਸੇ ਵੀ ਅਧਿਕਾਰੀ ਨੇ ਹੱਥ ਨਾ ਫੜ੍ਹਾਇਆ।

ਇਹ ਵੀ ਪੜ੍ਹੋ : ਪੰਜਾਬ ਭਰ ਦੇ ਕਿਸਾਨਾਂ ਨੂੰ PAU ਦੀ ਸਲਾਹ, ਕਣਕ ਦਾ ਵੱਧ ਝਾੜ ਲੈਣ ਲਈ ਇਸ ਤਾਰੀਖ਼ ਤੱਕ ਕਰੋ ਬਿਜਾਈ

ਅਖ਼ੀਰ ’ਚ ਜੇਲ੍ਹ ਅਧਿਕਾਰੀਆਂ ਵੱਲੋਂ ਸਪੱਸ਼ਟੀਕਰਨ ਤੋਂ ਬਾਅਦ ਸਥਿਤੀ ਦੇ ਨਾਰਮਲ ਹੋਣ ਦੇ ਮਜ਼ਬੂਤ ਦਾਅਵੇ ਜ਼ਰੂਰ ਕੀਤੇ ਗਏ। ਨਾਭਾ ਸਿਵਲ ਹਸਪਤਾਲ ਦੇ ਕਾਰਜਕਾਰੀ ਐੱਸ. ਐੱਮ. ਓ. ਡਾ. ਪ੍ਰਦੀਪ ਅਰੋੜਾ ਨੇ ਦੱਸਿਆ ਕਿ ਨਾਭਾ ਜੇਲ੍ਹ ’ਚੋਂ 800 ਕਰੀਬ ਹਵਾਲਾਤੀ ਅਤੇ ਕੈਦੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ’ਚ 148 ਹਵਾਲਾਤੀ, ਕੈਦੀ ਕਾਲੇ ਪੀਲੀਏ ਤੋਂ ਪੀੜਤ ਪਾਏ ਗਏ। ਉਨ੍ਹਾਂ ਦੱਸਿਆ ਕਿ ਪੀੜਤ ਪਾਏ ਗਏ ਹਵਾਲਾਤੀਆਂ, ਕੈਦੀਆਂ ਦੇ ਅਤੀਤ (ਹਿਸਟਰੀ) ਅਨੁਸਾਰ ਜੇਲ੍ਹ ਆਉਣ ਤੋਂ ਪਹਿਲਾਂ ਉਹ ਡਰੱਗ ਐਡਿਕਟ ਰਹੇ ਸਨ। ਇਸ ਤੋਂ ਇਲਾਵਾ ਅਜਿਹੇ ਕੈਦੀ, ਹਵਾਲਤੀ ਵੀ ਹਨ, ਜਿਨ੍ਹਾਂ ਨੇ ਆਪਣੇ ਸਰੀਰਾਂ ’ਤੇ ਟੈਟੂ ਗੁਦਵਾਏ ਹੋਏ ਹਨ। ਦੋਹਾਂ ਕਿਸਮਾਂ ’ਚ ਸਰਿੰਜ ਦਾ ਇਸਤੇਮਾਲ ਹੁੰਦਾ ਹੈ, ਜੋ ਕਾਲੇ ਪੀਲੀਏ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜੇਲ੍ਹ ’ਚ ਸੈਂਪਲਾਂ ਤੋਂ ਪਾਜ਼ੇਟਿਵ ਪਾਏ ਕੈਦੀਆਂ ਅਤੇ ਹਵਾਲਾਤੀਆਂ ਦੇ ਅਗਲੇਰੇ ਟੈਸਟਾਂ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਬਾਅਦ ਪਤਾ ਚੱਲੇਗਾ ਕਿ ਮਰੀਜ਼ ਨੂੰ ਇਲਾਜ ਦੀ ਲੋੜ ਹੈ ਜਾਂ ਪਰਹੇਜ਼ ਦੀ।

ਇਹ ਵੀ ਪੜ੍ਹੋ : ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਇਆ 50 ਹਜ਼ਾਰ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਕੀ ਕਹਿੰਦੇ ਹਨ ਨਾਭਾ ਜੇਲ੍ਹ ਸੁਪਰੀਡੈਂਟ ਰਮਨਦੀਪ ਭੰਗੂ?
ਨਾਭਾ ਜੇਲ੍ਹ ਸੁਪਰੀਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਵੱਲੋਂ ਨਕਾਰਨ ਦਾ ਕਾਰਨ ਅੰਕੜਿਆਂ ਨੂੰ 300 ਦੇ ਕਰੀਬ ਦੱਸਿਆ ਜਾ ਰਿਹਾ ਸੀ, ਜਦੋਂ ਕਿ ਸਥਿਤੀ ਕੁੱਝ ਹੋਰ ਹੈ। ਦੂਜੇ ਪਾਸੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਟੈਸਟ ’ਚ 10 ਫ਼ੀਸਦੀ ਮੈਡੀਕਲ ਰੇਸ਼ੋ ਪਾਜ਼ੇਟਿਵ ਆਉਣ ਦੀ ਸੰਭਾਵਿਤ ਹੀ ਹੁੰਦੀ ਹੈ। ਇਹ ਟੈਸਟ ਪੂਰੇ ਪੰਜਾਬ ਦੀਆਂ ਜੇਲ੍ਹਾਂ ’ਚ ਹੋ ਰਹੇ ਹਨ। ਅਜਿਹੇ ਕੈਦੀ ਜਾਂ ਹਵਾਲਾਤੀ ਦੇ ਅਗਲੇਰੇ ਟੈਸਟ ਹੋਣਗੇ, ਜਿਨ੍ਹਾਂ ’ਚ ਵਾਇਰਲ ਲੋਡ ਦੀ ਮਾਤਰਾ ਅਨੁਸਾਰ ਤੈਅ ਹੋਵੇਗਾ ਕਿ ਮਰੀਜ਼ ਨੂੰ ਦਵਾਈ ਦੀ ਲੋੜ ਹੈ ਜਾਂ ਨਹੀਂ। ਉਨ੍ਹਾਂ ਮਜ਼ਬੂਤੀ ਨਾਲ ਕਿਹਾ ਕਿ ਯੋਗ ਪਾਏ ਜਾਣ ਵਾਲੇ ਸਾਰੇ ਮਰੀਜ਼ਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖ਼ਤਾ ਸਿਹਤ ਸੇਵਾਵਾਂ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News