ਸੰਗਰੂਰ ''ਚ ਸਮਾਰਟ ਮੀਟਰਾਂ ਦਾ ਤਿੱਖਾ ਵਿਰੋਧ, BKU ਨੇ 10 ਮੀਟਰ ਉਤਾਰ ਕੇ ਵਿਭਾਗ ਨੂੰ ਕੀਤੇ ਵਾਪਸ
Wednesday, Jun 07, 2023 - 04:04 PM (IST)
ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਖਨੌਰੀ 'ਚ ਚਿਪ ਵਾਲੇ 10 ਸਮਾਰਟ ਮੀਟਰ ਉਤਾਰ ਕੇ ਪਾਵਰਕਾਮ ਨੂੰ ਵਾਪਸ ਕਰ ਦਿੱਤੇ ਗਏ ਹਨ। ਯੂਨੀਅਨ ਵੱਲੋਂ ਪਹਿਲਾਂ ਵੀ 4 ਮੀਟਰ ਉਤਾਰ ਕੇ ਵਿਭਾਗ ਨੂੰ ਵਾਪਸ ਕੀਤੇ ਜਾ ਚੁੱਕੇ ਹਨ। ਦੱਸ ਦੇਈਏ ਕਿ ਭਾਕਿਯੂ ਨੇ ਐਲਾਨ ਕੀਤਾ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ 'ਚ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ। ਭਾਕਿਯੂ ਦੇ ਇਕ ਆਗੂ ਦਾ ਕਹਿਣਾ ਹੈ ਕਿ ਵਾਰਡ 1, 6, 7 ਅਤੇ 13 'ਚ ਕਈ ਘਰਾਂ ਦੇ ਮੀਟਰ ਖ਼ਰਾਬ ਹੋਣ 'ਤੇ ਲੋਕਾਂ ਵੱਲੋਂ ਨਵੇਂ ਮੀਟਰ ਲਗਾਉਣ ਲਈ ਪਾਵਰਕਾਮ ਨੂੰ ਅਪੀਲ ਕੀਤੀ ਗਈ ਸੀ। ਹੁਣ ਪਾਵਰਕਾਮ ਵੱਲੋਂ ਮੀਟਰ ਦੇ ਨਾਮ 'ਤੇ ਸਮਾਰਟ ਮੀਟਰ ਲਾਏ ਜਾ ਰਹੇ ਹਨ, ਜਿਸ ਦਾ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀ ਲੋਕਾਂ ਦੀ ਸਹਿਮਤੀ ਦੇ ਬਿਨਾਂ ਚੋਰੀ ਮੀਟਰ ਲਾ ਕੇ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ
ਭਾਕਿਯੂ ਆਗੂ ਨੇ ਕਿਹਾ ਕਿ ਵਿਭਾਗ ਸਮਾਰਟ ਮੀਟਰ ਲਾਉਣ ਦਾ ਕਾਰਣ ਬਿਜਲੀ ਚੋਰੀ ਨੂੰ ਰੋਕਣਾ ਦੱਸ ਰਹੀ ਹੈ ਪਰ ਸੱਚਾਈ ਇਹ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਇਸ ਦਾ ਲਾਭ ਪਹੁੰਚਣਾ ਹੈ। ਉੱਥੇ ਹੀ ਪਾਵਰਕਾਮ ਦੇ ਓ. ਸੀ. ਡੀ. ਨੇ ਕਿਹਾ ਕਿ ਲੋਕਾਂ ਦੀ ਸਹਿਮਤੀ ਤੋਂ ਬਾਅਦ ਹੀ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ 'ਚ ਰਿਚਾਰਜ ਦੀ ਵਿਵਸਥਾ ਨਹੀਂ ਹੈ। ਹੁਣ ਤੱਕ 500 ਤੋਂ ਜ਼ਿਆਦਾ ਮੀਟਰ ਲਾਏ ਜਾ ਚੁੱਕੇ ਹਨ। ਭਾਕਿਯੂ ਲੋਕਾਂ ਨੂੰ ਬਹਿਲਾ-ਫੂਸਲਾ ਕੇ ਮੀਟਰ ਉਤਾਰ ਰਹੀ ਹੈ, ਜੋ ਕਿ ਸਹੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ BJP ਨੇ ਉਲੀਕੀ ਵੱਡੀ ਰਣਨੀਤੀ, ਪੰਜਾਬ 'ਚ ਦੋ ਵਿਸ਼ਾਲ ਰੈਲੀਆਂ ਕਰਨਗੇ ‘ਸ਼ਾਹ’
ਦੱਸ ਦੇਈਏ ਕਿ ਯੂਨੀਅਨ ਨੇ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਮੁੜ ਤੋਂ ਸਮਾਰਟ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦਾ ਤਿੱਖਾ ਵਿਰੋਧ ਕਰਨਗੇ। ਭਾਕਿਯੂ ਨੇ ਦਾਅਵਾ ਕੀਤਾ ਕੇ ਸਮਾਰਟ ਮੀਟਰ ਦਾ ਰਿਚਾਰਜ ਖ਼ਤਮ ਹੋਣ 'ਤੇ ਖ਼ਪਤਕਾਰਾਂ ਦੇ ਘਰ ਦੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ ਜਦਕਿ ਪੁਰਾਣੇ ਮੀਟਰਾਂ 'ਚ ਅਜਿਹਾ ਕੋਈ ਵਿਵਸਥਾ ਨਹੀਂ ਹੈ। ਖ਼ਪਤਕਾਰ ਜੇਕਰ ਪੈਸੇ ਨਾ ਹੋਣ 'ਤੇ ਬਿੱਲ ਦਾ ਭੁਗਤਾਨ ਨਹੀਂ ਕਰਦਾ ਤਾਂ ਉਸਦੇ ਬਾਵਜੂਦ ਬਿਜਲੀ ਸਪਲਾਈ ਚਾਲੂ ਰਹਿੰਦੀ ਹੈ। ਫਿਰ ਪੈਸਿਆਂ ਦਾ ਪ੍ਰਬੰਧ ਹੋਣ 'ਤੇ ਬਿੱਲ ਭਰ ਦਿੱਤਾ ਜਾਂਦਾ ਹੈ ਪਰ ਸਮਾਰਟ ਮੀਟਰ ਲੱਗਣ ਕਾਰਨ ਬਿਜਲੀ ਖ਼ਪਤਕਾਰ ਨੂੰ ਮਿਲਣ ਵਾਲੀ ਸਬਸਿਡੀ ਖ਼ਤਮ ਹੋ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।