8 ਮਈ ਨੂੰ ਦੁਕਾਨਾਂ ਖੋਲ੍ਹ ਪ੍ਰਦਰਸ਼ਨ ਕਰਨ ਦੇ ਐਕਸ਼ਨ ਦੀ BKU ਉਗਰਾਹਾਂ ਵੱਲੋਂ ਡਟਵੀਂ ਹਮਾਇਤ : ਮਾਨ

05/06/2021 8:02:59 PM

ਭਵਾਨੀਗੜ੍ਹ/ਨਵੀਂ ਦਿੱਲੀ,(ਕਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਹੱਦ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਆਉਣ ਵਾਲੇ ਦਿਨਾਂ ਦੇ ਐਕਸ਼ਨਾਂ ਦਾ ਐਲਾਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਯੋਗ ਕਦਮ ਚੁੱਕਣ ਦੀ ਥਾਂ ਲੋਕਾਂ 'ਤੇ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ ਜਿਸ ਵਿੱਚ ਪ੍ਰੇਰ ਕੇ ਸਮਝਾਉਣ ਦੀ ਬਜਾਏ ਧੱਕੇ ਨਾਲ ਟੈਸਟ ਕਰਵਾਏ ਜਾ ਰਹੇ ਹਨ, ਰਾਹਗੀਰਾਂ ਦੇ ਚਲਾਨ ਕੱਟੇ ਜਾ ਰਹੇ ਹਨ। ਕਾਰੋਬਾਰ ਬੰਦ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਇਨ੍ਹਾਂ ਪਾਬੰਦੀਆਂ ਦੇ ਖਿਲਾਫ 8 ਮਈ ਨੂੰ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹ ਕੇ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਜੋ ਐਕਸ਼ਨ ਕੀਤਾ ਜਾਵੇਗਾ। ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਸਰਕਾਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪਾਬੰਦੀਆਂ ਲਾਉਣ ਦੀ ਥਾਂ ਯੋਗ ਪ੍ਰਬੰਧ ਕਰੇ ਅਤੇ ਦੁਕਾਨਦਾਰ 'ਤੇ ਦੁਕਾਨਾਂ ਬੰਦ ਕਰਨ ਦੇ ਹੁਕਮ ਵਾਪਸ ਲਵੇ ਨਾਲ ਹੀ ਉਨ੍ਹਾਂ ਦੂਜਾ ਐਕਸ਼ਨ ਐਲਾਨਦਿਆਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕੰਮਕਾਰ ਕਰਕੇ ਦਿੱਲੀ ਮੋਰਚੇ 'ਚ ਕਿਸਾਨਾਂ ਦੀ ਜੋ ਗਿਣਤੀ ਘਟ ਗਈ ਸੀ। ਉਸ ਨੂੰ ਪੂਰਾ ਕਰਨ ਲਈ 10 ਅਤੇ 12 ਮਈ ਨੂੰ ਪੰਜਾਬ ਦੇ ਹਜ਼ਾਰਾਂ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀ ਵੱਡੇ ਕਾਫਲਿਆਂ ਦੇ ਰੂਪ ਵਿੱਚ ਵਹੀਰਾਂ ਘੱਤ ਕੇ ਦਿੱਲੀ ਮੋਰਚੇ ਵਿੱਚ ਪਹੁੰਚਣਗੇ।
ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਨਾਟਕ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਭਾਜੀ ਦਾ ਲਿਖਿਆ ਨਾਟਕ " ਜੰਗੀ ਰਾਮ ਦੀ ਹਵੇਲੀ " ਖੇਡਿਆ ਗਿਆ। ਅੱਜ ਸਟੇਜ ਸੰਚਾਲਨ ਦੀ ਭੂਮਿਕਾ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਬਾਖ਼ੂਬੀ ਨਿਭਾਈ ਆਤੇ ਸਟੇਜ ਤੋਂ ਬਿੱਟੂ ਮੱਲਣ,ਹਰਜੀਤ ਮਹਿਲਾ ਚੌਕ, ਸਤਪਾਲ ਸਿੰਘ ਫਾਜ਼ਿਲਕਾ ਅਤੇ ਸੰਦੀਪ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।


Bharat Thapa

Content Editor

Related News