ਸ੍ਰੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਖੁਸ਼ੀ ਮਨਾ ਰਹੇ ਭਾਜਪਾ ਦੇ ਸਮਰਥਕਾਂ ਨੂੰ ਕਿਸਾਨਾਂ ਨੇ ਘੇਰਿਆ

Wednesday, Nov 17, 2021 - 01:01 AM (IST)

ਸ੍ਰੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਖੁਸ਼ੀ ਮਨਾ ਰਹੇ ਭਾਜਪਾ ਦੇ ਸਮਰਥਕਾਂ ਨੂੰ ਕਿਸਾਨਾਂ ਨੇ ਘੇਰਿਆ

ਗੁਰਦਾਸਪੁਰ(ਚਾਵਲਾ)- ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਗੁਰਦਾਸਪੁਰ ਵਿੱਚ ਭਾਜਪਾ ਸਮਰਥਕਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਸੀ ਕਿ ਇਸੇ ਦੌਰਾਨ ਕੁਝ ਨੌਜਵਾਨਾਂ ਨੇ ਕਿਸਾਨ ਏਕਤਾ ਜਿੰਦਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿਤੇ। ਜਿਸ ਤੋਂ ਬਾਅਦ ਦੋਵੇਂ ਧਿਰਾਂ ਆਹਮੋ-ਸਾਹਮਣੇ ਸੜਕ 'ਤੇ ਹੀ ਬੈਠ ਗਈਆਂ ਅਤੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਹਾਲਤਾਂ ਨੂੰ ਵਿਗੜਦਾ ਦੇਖ ਡੀ. ਐੱਸ. ਪੀ. ਸਿਟੀ ਸੁਖਪਾਲ ਸਿੰਘ ਹੋਰ ਪੁਲਸ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਵੱਲੋਂ ਦੋਨਾਂ ਧਿਰਾਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ ਗਿਆ ਅਤੇ ਇਕ-ਇਕ ਕਰ ਕੇ ਉੱਥੋਂ ਕੱਢ ਕੇ ਵਿਗੜ ਰਹੇ ਮਾਹੌਲ 'ਤੇ ਕਾਬੂ ਪਾਇਆ। ਉਥੇ ਹੀ ਭਾਜਪਾ ਆਗੂਆਂ ਨੇ ਕਿਹਾ ਕਿ ਹਿੰਦੂ ਸਿੱਖ ਭਾਈਚਾਰੇ ਨੂੰ ਆਹਤ ਕਰ ਰਹੀ ਹੈ ਕਾਂਗਰਸ ਅਤੇ ਕਾਂਗਰਸ ਦੀ ਸ਼ਹਿ 'ਤੇ ਹੀ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ 'ਤੇ ਤੁਲੇ ਹੋਏ ਹਨ | ਉਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਕਿਸਾਨਾਂ ਦੇ ਜਖਮਾਂ 'ਤੇ ਲੂਣ ਲਗਾ ਰਹੀ ਹੈ। ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਖੁਸ਼ੀ ਹੈ ਕਿ ਕਰਤਾਰਪੁਰ ਲਾਂਘਾ ਸਰਕਾਰ ਨੇ ਖੋਲਿਆ ਹੈ ਅਤੇ ਇਹ ਖੁਸ਼ੀ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੈ ਪਰ ਭਾਜਪਾ ਇਹ ਲੱਡੂ ਵੰਡ ਕੇ ਵਿਖਾਵਾ ਕਰ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਮੌਕੇ 'ਤੇ ਪੁਹੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸਮਝਾ ਲਿਆ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ ।


author

Bharat Thapa

Content Editor

Related News