ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਵਾਲਿਆਂ ਨਾਲ ਸੰਪਰਕ ਵਧਾਏਗੀ ਭਾਜਪਾ
Saturday, Jun 24, 2023 - 03:57 PM (IST)
ਚੰਡੀਗੜ੍ਹ- ਇਕ ਪਾਸੇ ਜਿੱਥੇ ਵਿਰੋਧੀ ਧਿਰ ਏਕਤਾ ਅਤੇ ਸਾਂਝਾ ਪ੍ਰੋਗਰਾਮ ਬਣਾਉਣ ਵਿਚ ਜੁਟੀ ਹੋਈ ਹੈ, ਉਥੇ ਹੀ ਭਾਜਪਾ ਦੀਆਂ ਨਜ਼ਰਾਂ ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਸੂਬੇ ਦੇ 27 ਲੱਖ ਲੋਕਾਂ 'ਤੇ ਹੈ। ਇਸ ਵਿਚ ਸਭ ਤੋਂ ਵੱਡੀ ਗਿਣਤੀ ਕਿਸਾਨਾਂ ਦੀ ਹੈ। ਸੂਬੇ ਦੇ 23 ਲਖ ਕਿਸਾਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਕਿਸਾਨ ਸਨਸਾਨ ਫੰਡ' ਦਾ ਲਾਭ ਲੈ ਰਹੇ ਹਨ। ਇਨ੍ਹਾਂ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਮਿਲ ਰਹੇ ਹਨ। ਇਹ ਹੀ ਨਹੀਂ ਭਾਜਪਾ ਪਹਿਲਾਂ ਹੀ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲੱਬਧੀਆਂ ਦੇ ਸਹਾਰੇ 2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੁਹਿੰਮ ਛੇੜ ਦਿੱਤੀ ਹੈ। ਇਸ ਲੜੀ ਵਿਚ ਭਾਜਪਾ ਦੇ ਰਾਸ਼ਟਰੀ ਮੁਖੀ ਜੇ. ਪੀ. ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਵਿਚ ਰੈਲੀ ਕਰ ਚੁੱਕੇ ਹਨ।
ਤਿੰਨ ਕੇਂਦਰੀ ਮੰਤਰੀ ਲਗਾਤਾਰ ਸੂਬੇ ਵਿਚ ਜਨ ਸੰਪਰਕ ਰੈਲੀਆਂ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰਦਾਸਪੁਰ ਦੀ ਰੈਲੀ ਦੌਰਾਨ ਪਿੰਡਾਂ ਤੱਕ ਪਾਰਟੀ ਦਾ ਦਬਦਬਾ ਬਣਾਉਣ ਦੇ ਸੰਕੇਤ ਵੀ ਦਿੱਤੇ ਸਨ। 'ਕਿਸਾਨ ਸਨਸਾਨ ਫੰਡ' ਦੇ ਤਹਿਤ ਹੁਣ ਤੱਕ ਕਿਸਾਨਾਂ ਦੇ 4300 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਸਨਮਾਨ ਫੰਡ ਦੇ ਇਲਾਵਾ 'ਉੱਜਵਲ ਯੋਜਨਾ' ਅਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ ਵੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੈ। ਭਾਜਪਾ ਹੁਣ ਇੰਨੀ ਵੱਡੀ ਗਿਣਤੀ ਵਿਚ ਲਾਭ ਲੈਣ ਵਾਲੇ ਲੋਕਾਂ ਨਾਲ ਸੰਪਰਕ ਬਣਾਏਗੀ।
ਇਹ ਵੀ ਪੜ੍ਹੋ: ਸਹੁਰਿਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਾਣਕਾਰੀ ਮੁਤਾਬਕ ਕੇਂਦਰੀ ਯੋਜਨਾਵਾਂ ਦਾ ਲਾਭ ਚੁੱਕਣ ਵਾਲੇ ਲੋਕਾਂ ਦਾ ਡਾਟਾ ਵੀ ਭਾਜਪਾ ਦੀ ਕੇਂਦਰੀ ਟੀਮ ਨੇ ਸੂਬਾ ਇਕਾਈ ਨੂੰ ਸੌਂਪ ਦਿੱਤਾ ਹੈ ਕਿਉਂਕਿ ਭਾਜਪਾ ਨੂੰ ਪਤਾ ਹੈ ਕਿ ਇਕੱਲੇ ਜੇਕਰ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਪਿੰਡ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਭਾਜਪਾ ਦੇ ਇਕ ਸੀਨੀਅਰ ਨੇਤਾ ਦੱਸਦੇ ਹਨ ਕਿ ਸੰਪਰਕ ਮੁਹਿੰਮ ਤਹਿਤ ਭਾਜਪਾ ਪੇਂਡੂ ਖੇਤਰ ਦੇ ਲੋਕਾਂ ਨਾਲ ਸੰਪਰਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨ ਨੂੰ ਲੈ ਕੇ ਪੇਂਡੂ ਅਤੇ ਖ਼ਾਸ ਕਰਕੇ ਕਿਸਾਨਾਂ ਵਿਚ ਭਾਜਪਾ ਦਾ ਜੋ ਚਿਹਰਾ ਕਿਸਾਨ ਵਿਰੋਧੀ ਬਣਾਇਆ ਗਿਆ ਸੀ ਹੁਣ ਇਸ ਵਿਚ ਸੁਧਾਰ ਹੁੰਦਾ ਵਿਖਾਈ ਦੇ ਰਿਹਾ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਸ ਦਾ ਅਸਰ ਵੀ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਇਹ ਹੀ ਨਹੀਂ ਅਗਲੇ ਮਹੀਨਿਆਂ ਤੋਂ ਭਾਜਪਾ ਨਸ਼ੇ ਖ਼ਿਲਾਫ਼ 'ਜਨਤਕ ਜਾਗਰੂਕਤਾ' ਮੁਹਿੰਮ ਵੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਨਸ਼ਾ ਇਕ ਅਜਿਹੀ ਸਮੱਸਿਆ ਹੈ, ਜਿਸ ਨਾਲ ਸ਼ਹਿਰ ਅਤੇ ਪਿੰਡ ਦੋਹਾਂ ਦੇ ਲੋਕ ਪਰੇਸ਼ਾਨ ਹਨ। ਇਸ ਤਰ੍ਹਾਂ ਭਾਜਪਾ ਇਕ ਤੀਰ ਨਾਲ ਦੋ ਨਿਸ਼ਾਨ ਕਰੇਗੀ। ਇਕ ਪਾਸੇ ਜਿੱਥੇ ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਨਾਲ ਸੰਪਰਕ ਕਰੇਗੀ, ਉਥੇ ਹੀ ਨਸ਼ੇ ਖ਼ਿਲਾਫ਼ ਮੁਹਿੰਮ ਚਲਾ ਕੇ ਪਿੰਡ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰੇਗੀ।
ਇਹ ਵੀ ਪੜ੍ਹੋ: 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਪਾਕਿ ਤੋਂ 90 ਸਾਲਾ ਅਫ਼ਜਲ ਬੀਬੀ ਪੁੱਜੀ ਰੂਪਨਗਰ, ਯਾਦਾਂ ਹੋਈਆਂ ਤਾਜ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani