ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ’ਚੋਂ 9 ਸੀਟਾਂ ’ਤੇ ਭਾਜਪਾ ਪਹਿਲੀ ਵਾਰ ਲੜੇਗੀ ਚੋਣ
Sunday, Jul 02, 2023 - 07:10 PM (IST)
ਜਲੰਧਰ (ਸੋਮਨਾਥ)–ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਲਈ ਸਿਆਸੀ ਪਾਰਟੀਆਂ ਕੋਲ ਲਗਭਗ 8 ਮਹੀਨਿਆਂ ਦਾ ਸਮਾਂ ਬਚਿਆ ਹੈ। ਬਾਕੀ 2 ਮਹੀਨੇ ਚੋਣ ਪ੍ਰਕਿਰਿਆ ਵਿਚ ਬੀਤ ਜਾਣਗੇ। ਕੌਮੀ ਅਤੇ ਸੂਬਾ ਪੱਧਰੀ ਸਿਆਸੀ ਪਾਰਟੀਆਂ ਵਿਚ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਰਣਨੀਤੀ ਬਣਨ ਲੱਗੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ 300 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿੱਥੋਂ ਤਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਗੱਲ ਹੈ ਤਾਂ ਭਾਜਪਾ 9 ਸੀਟਾਂ ’ਤੇ ਪਹਿਲੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਵਰਣਨਯੋਗ ਹੈ ਕਿ ਲਗਭਗ ਢਾਈ ਦਹਾਕਿਆਂ ਤਕ ਸ਼੍ਰੋਮਣੀ ਅਕਾਲੀ ਦਲ ਦੀ ਸਾਥੀ ਰਹੀ ਭਾਰਤੀ ਜਨਤਾ ਪਾਰਟੀ ਸਿਰਫ ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀਆਂ ਲੋਕ ਸਭਾ ਸੀਟਾਂ ’ਤੇ ਹੀ ਚੋਣ ਲੜਦੀ ਰਹੀ ਹੈ, ਜਦੋਂਕਿ ਬਾਕੀ 10 ਸੀਟਾਂ ਸ਼੍ਰੋਮਣੀ ਅਕਾਲੀ ਦਲ (ਬ) ਲਈ ਛੱਡ ਦਿੱਤੀਆਂ ਜਾਂਦੀਆਂ ਸਨ। 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਸਿਰਫ਼ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਹੀ ਚੋਣ ਜਿੱਤ ਸਕੀ ਸੀ ਅਤੇ ਗੁਰਦਾਸਪੁਰ ਸੀਟ ਤੋਂ ਸੰਨੀ ਦਿਓਲ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਚੋਣ ਜਿੱਤੇ ਸਨ, ਜਦੋਂਕਿ ਅੰਮ੍ਰਿਤਸਰ ਦੀ ਸੀਟ ਭਾਜਪਾ ਦੇ ਹੱਥੋਂ ਨਿਕਲ ਗਈ ਸੀ। ਇਸ ਸੀਟ ’ਤੇ ਹਰਦੀਪ ਸਿੰਘ ਪੁਰੀ ਚੋਣ ਲੜੇ ਸਨ।
ਹਾਲਾਂਕਿ ਜਲੰਧਰ ਲੋਕ ਸਭਾ ਸੀਟ ’ਤੇ ਵੀ 2 ਮਹੀਨੇ ਪਹਿਲਾਂ ਹੋਈ ਉਪ-ਚੋਣ ਵਿਚ ਭਾਜਪਾ ਨੇ ਇੰਦਰ ਇਕਬਾਲ ਸਿੰਘ ਰਿੰਕੂ ’ਤੇ ਦਾਅ ਖੇਡਿਆ ਸੀ। ਚੋਣ ਸਰਗਰਮੀਆਂ ਦੇ ਅੰਤਿਮ ਹਫ਼ਤੇ ਵਿਚ ਭਾਜਪਾ ਦੇ ਹੱਕ ’ਚ ਕੁਝ ਲਹਿਰ ਤਾਂ ਬਣੀ ਪਰ ਇਹ ਲਹਿਰ ਸਿਰਫ ਸ਼ਹਿਰੀ ਵੋਟਾਂ ਤਕ ਹੀ ਸੀਮਿਤ ਰਹਿ ਗਈ। ਸ਼ਹਿਰੀ ਤੇ ਪੇਂਡੂ ਖੇਤਰਾਂ ਦੀ ਕੁਲ ਵੋਟ ਮਿਲਾ ਕੇ ਭਾਜਪਾ ਨੂੰ 1,34,800 ਵੋਟਾਂ ਮਿਲੀਆਂ ਸਨ, ਜਦੋਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 3,02,279 ਵੋਟਾਂ ਲੈ ਕੇ ਚੋਣ ਜਿੱਤ ਗਏ ਸਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਟੁੱਟਿਆ ਗਠਜੋੜ, 2022 ਦੀ ਚੋਣ ਵਿਚ ਦੋਵਾਂ ਪਾਰਟੀਆਂ ਨੂੰ ਮਿਲੀ ਹਾਰ
1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋਇਆ ਸੀ, ਜੋ ਸਤੰਬਰ 2020 ਵਿਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਟੁੱਟ ਗਿਆ। ਲਗਭਗ ਢਾਈ ਦਹਾਕਿਆਂ ਦੇ ਗਠਜੋੜ ਦੌਰਾਨ 15 ਸਾਲ ਤਕ ਪੰਜਾਬ ਦੀ ਸੱਤਾ ਗਠਜੋੜ ਦੇ ਹੱਥਾਂ ਵਿਚ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਕਹਿ ਕੇ ਗਠਜੋੜ ਤੋਡ਼ ਦਿੱਤਾ ਸੀ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਨੂੰ ਧੋਖੇ ਵਿਚ ਰੱਖਿਆ ਹੈ।
ਹਾਲਾਂਕਿ ਗਠਜੋੜ ਦੌਰਾਨ 2014 ਵਿਚ ਕੇਂਦਰ ਦੀ ਸੱਤਾ ’ਤੇ ਭਾਰਤੀ ਜਨਤਾ ਪਾਰਟੀ ਦੇ ਕਾਬਜ਼ ਹੋਣ ਤੋਂ ਬਾਅਦ ਜੋਸ਼ ਨਾਲ ਭਰੇ ਭਾਜਪਾ ਨੇਤਾਵਾਂ ਤੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੇ ਦਮ ’ਤੇ ਪੰਜਾਬ ਵਿਚ ਚੋਣ ਲੜਨ ਦੀ ਹੁੰਕਾਰ ਭਰੀ ਜਾਂਦੀ ਰਹੀ ਪਰ ਗਠਜੋੜ ਟੁੱਟਣ ਤੋਂ ਬਾਅਦ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਸਿਆਸੀ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ ਤਾਂ ਦੋਵਾਂ ਨੂੰ ਬਹੁਤ ਸਿਆਸੀ ਨੁਕਸਾਨ ਉਠਾਉਣਾ ਪਿਆ।
ਮੁੱਦਿਆਂ ਨੂੰ ਸਹੀ ਢੰਗ ਨਾਲ ਨਹੀਂ ਉਠਾ ਰਹੀ ਭਾਜਪਾ
2014 ਵਿਚ ਹੋਈ ਲੋਕ ਸਭਾ ਚੋਣ ਦੌਰਾਨ ਡਰੱਗਜ਼ ਦੇ ਮੁੱਦੇ ’ਤੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਜਿਹਾ ਆ ਗਿਆ। ਆਮ ਆਦਮੀ ਪਾਰਟੀ ਨੇ ਬੜੇ ਜ਼ੋਰ-ਸ਼ੋਰ ਨਾਲ ਡਰੱਗਜ਼ ਦਾ ਮੁੱਦਾ ਚੁੱਕਿਆ ਅਤੇ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਜਿੱਤ ਲਈਆਂ। ਇਸ ਸਿਆਸੀ ਭੂਚਾਲ ਕਾਰਨ ਪੰਜਾਬ ਦੀ ਸੱਤਾ ’ਤੇ ਕਾਬਜ਼ ਗਠਜੋੜ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ ਅਤੇ ਉਸ ਨੂੰ ਪੰਜਾਬ ਦੇ ਨੌਜਵਾਨਾਂ ਦੀ ਚਿੰਤਾ ਤਾਂ ਹੋਈ ਪਰ ਜ਼ਿਆਦਾ ਦਿਨ ਤਕ ਨਹੀਂ। ਜਲਦੀ-ਜਲਦੀ ’ਚ ਸਰਕਾਰ ਵਲੋਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਫੜ-ਫੜ ਕੇ ਹਸਪਤਾਲਾਂ ਵਿਚ ਸੁੱਟਿਆ ਗਿਆ। ਲਗਾਤਾਰ ਨਸ਼ਾ ਸਮੱਗਲਰਾਂ ਨੂੰ ਫੜ ਕੇ ਜੇਲ ਦੀ ਹਵਾ ਖੁਆਈ ਗਈ ਪਰ ਸਰਕਾਰ ਲੰਮੇ ਸਮੇਂ ਤਕ ਨਸ਼ੇ ਦੇ ਆਦੀ ਨੌਜਵਾਨਾਂ ਦਾ ਖਰਚ ਨਹੀਂ ਉਠਾ ਸਕੀ ਅਤੇ ਅਖੀਰ ਵਿਚ ਉਸ ਨੂੰ ਨਸ਼ੇੜੀ ਨੌਜਵਾਨਾਂ ਦੇ ਇਲਾਜ ਤੋਂ ਹੱਥ ਪਿੱਛੇ ਖਿੱਚਣਾ ਪਿਆ। ਪੰਜਾਬ ’ਚ ਮੁੱਦੇ ਅੱਜ ਵੀ ਉਸੇ ਤਰ੍ਹਾਂ ਖੜ੍ਹੇ ਹਨ ਜਿਵੇਂ ਪਹਿਲਾਂ ਸਨ ਪਰ ਭਾਰਤੀ ਜਨਤਾ ਪਾਰਟੀ ਸਿਰਫ ਚੋਣ ਦੌਰ ਵਿਚ ਕੁਝ ਦਿਨ ਰੌਲਾ ਪਾ ਕੇ ਚੁੱਪ ਬੈਠ ਜਾਂਦੀ ਹੈ।
ਇਹ ਵੀ ਪੜ੍ਹੋ-ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ
ਕੈਪਟਨ ਪਰਿਵਾਰ ਤੇ ਸੁਨੀਲ ਜਾਖੜ ’ਤੇ ਨਜ਼ਰਾਂ
ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਪਹਿਲਾਂ ਆਪਣੀ ਸਿਆਸੀ ਪਾਰਟੀ ਬਣਾ ਕੇ ਅਤੇ ਫਿਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਕੇ ਭਗਵੇ ਰੰਗ ਵਿਚ ਰੰਗ ਚੁੱਕੇ ਹਨ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਹਨ, ਜਿਨ੍ਹਾਂ ਦੇ ਹੁਣ ਭਾਜਪਾ ਵਿਚ ਜਾਣ ਦੀ ਸੰਭਾਵਨਾ ਹੈ। ਭਾਜਪਾ ਵਲੋਂ ਕੈ. ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਵਰਣਨਯੋਗ ਹੈ ਕਿ ਕੈ. ਅਮਰਿੰਦਰ ਸਿੰਘ ਇਕ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਚੁੱਕੇ ਹਨ, ਉਨ੍ਹਾਂ ਨੂੰ ਵੀ ਕਿਸੇ ਸੀਟ ਤੋਂ ਚਿਹਰੇ ਦੇ ਰੂਪ ਵਿਚ ਉਤਾਰਿਆ ਜਾ ਸਕਦਾ ਹੈ। ਜਾਖੜ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ ਅਤੇ ਜਿੱਤ ਪ੍ਰਾਪਤ ਕੀਤੀ ਸੀ ਪਰ 2019 ਦੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਹੱਥੋਂ ਹਾਰ ਗਏ ਸਨ।
ਇਨ੍ਹਾਂ ਲੋਕ ਸਭਾ ਹਲਕਿਆਂ ਵਿਚ ਭਾਜਪਾ ਕਾਡਰ ਕਿੰਨਾ ਮਜ਼ਬੂਤ
ਲੋਕ ਸਭਾ ਸੀਟ | ਸੰਸਦ ਮੈਂਬਰ ਤੇ ਸਿਆਸੀ ਚਿਹਰਾ | ਵੋਟ ਹਾਸਲ |
ਗੁਰਦਾਸਪੁਰ | ਸੰਨੀ ਦਿਓਲ | 558719 |
ਅੰਮ੍ਰਿਤਸਰ | ਹਰਦੀਪ ਸਿੰਘ ਪੁਰੀ | 345406 |
ਹੁਸ਼ਿਆਰਪੁਰ | ਸੋਮ ਪ੍ਰਕਾਸ਼ | 421320 |
ਜਲੰਧਰ | ਇੰਦਰ ਇਕਬਾਲ ਸਿੰਘ ਅਟਵਾਲ | 134800 |
ਇਨ੍ਹਾਂ ਸੀਟਾਂ ’ਤੇ ਕਰਨੀ ਪਵੇਗੀ ਸਖ਼ਤ ਮਿਹਨਤ
ਲੋਕ ਸਭਾ ਸੀਟ : ਖਡੂਰ ਸਾਹਿਬ, ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਤੇ ਪਟਿਆਲਾ।
ਕੀ ਇਕ ਵਾਰ ਫਿਰ ਗਠਜੋੜ ਹੋਵੇਗਾ?
2 ਮਹੀਨੇ ਪਹਿਲਾਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਵੇਲੇ ਭਾਜਪਾ ਦੇ ਕੌਮੀ ਨੇਤਾਵਾਂ ਵਲੋਂ ਸੋਗ ਪ੍ਰਗਟ ਕਰਨ ਲਈ ਆਉਣਾ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਲੋਂ ਦਿੱਤੇ ਗਏ ਸੰਕੇਤਾਂ ਨਾਲ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੀ ਚਰਚਾ ਤੇਜ਼ ਤਾਂ ਹੋਈ ਸੀ ਪਰ ਗੱਲ ਅੱਗੇ ਨਹੀਂ ਵਧੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋ ਕੇ ਗਠਜੋੜ ਦਾ ਰਸਤਾ ਖੋਲ੍ਹ ਦਿੱਤਾ ਹੈ ਪਰ ਅਜੇ ਤਕ ਭਾਜਪਾ ਵਲੋਂ ਕੋਈ ਸੰਕੇਤ ਨਹੀਂ ਦਿੱਤਾ ਗਿਆ। ਇਸ ਦੌਰਾਨ ਚਰਚਾ ਇਹ ਵੀ ਹੈ ਕਿ ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਹੁੰਦਾ ਹੈ ਤਾਂ ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਸੋਚਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani