ਨਿਗਮ ਚੋਣਾਂ : ਨਵੇਂ ਸਿਰੇ ਤੋਂ ਵਾਰਡਬੰਦੀ ਨੂੰ ਕੋਰਟ ’ਚ ਚੁਣੌਤੀ ਦੇਵੇਗੀ ਭਾਜਪਾ

08/11/2023 1:50:49 PM

ਲੁਧਿਆਣਾ(ਹਿਤੇਸ਼/ਗੁਪਤਾ) : ਭਾਜਪਾ ਨੇ ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਕੋਰਟ ’ਚ ਚੁਣੌਤੀ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਤਰਾਜ਼ ਦਾਖਲ ਕਰਨ ਆਏ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ ਵਲੋਂ ਦਿੱਤੀ ਗਈ। ਉਨ੍ਹਾਂ ਨਾਲ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ ਅਤੇ ਕੈਸ਼ੀਅਰ ਗੁਰਦੇਵ ਸ਼ਰਮ ਦੇਬੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ 10 ਸਾਲ ਤੋਂ ਪਹਿਲਾਂ ਆਬਾਦੀ ਜਾਂ ਏਰੀਆ ਵਧਾਉਣ ਦੀ ਹਾਲਤ ਵਿਚ ਹੀ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਜਾ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਾ ਕਰ ਕੇ ਜੋ ਧੋਖਾ ਕੀਤਾ ਹੈ, ਉਸ ਤੋਂ ਬਾਅਦ ਉਹ ਨਗਰ ਨਿਗਮ ਚੋਣਾਂ ਲਈ ਜਨਤਾ ਦੇ ਵਿਚਕਾਰ ਜਾਣ ਤੋਂ ਡਰ ਰਹੇ ਹਨ, ਜਿਸ ਦੇ ਮੱਦੇਨਜ਼ਰ ਹੁਣ ਰੋਟੇੇਸ਼ਨ ਦੀ ਬਜਾਏ ਬਿਨਾਂ ਜਨਗਣਨਾ ਦੇ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਦੀ ਆੜ ’ਚ ਵਾਰਡਾਂ ਦੀ ਬਾਊਂਡਰੀ ਅਤੇ ਰਿਜ਼ਰਵੇਸ਼ਨ ’ਚ ਬਦਲਾਅ ਕਰ ਕੇ ਪਾਰਟੀਆਂ ਦੇ ਉਨ੍ਹਾਂ ਨੇਤਾਵਾਂ ਨੂੰ ਮੈਦਾਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ‘ਆਪ’ ਦੇ ਨੇਤਾ ਲੋਕਤੰਤਰ ਜ਼ਰੀਏ ਹਰਾ ਨਹੀਂ ਸਕਦੇ। ਭਾਜਪਾ ਨੇਤਾਵਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਿਗਮ ਚੋਣਾਂ : ਨਵੇਂ ਸਿਰੇ ਤੋਂ ਵਾਰਡਬੰਦੀ ਦੌਰਾਨ ਰਿਜ਼ਰਵੇਸ਼ਨ ’ਚ ਬਦਲਾਅ ਕਰਨ ’ਤੇ ਉੱਠੇ ਸਵਾਲ

ਕਮਿਸ਼ਨਰ ਦੀ ਗੈਰ-ਮੌਜੂਦਗੀ ਨੂੰ ਲੈ ਕੇ ਜਤਾਈ ਨਾਰਾਜ਼ਗੀ
ਭਾਜਪਾ ਨੇਤਾਵਾਂ ਵਲੋਂ ਕਮਿਸ਼ਨਰ ਦੀ ਗੈਰ-ਮੌਜੂਦਗੀ ਨੂੰ ਲੈ ਕੇ ਨਾਰਾਜ਼ਗੀ ਜਤਾਈ ਗਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਫਸਰ ‘ਆਪ’ ਵਿਧਾਇਕਾਂ ਦੇ ਦਬਾਅ ’ਚ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ਦਾ ਸਬੂਤ ਇਹ ਹੈ ਕਿ ਫੋਨ ’ਤੇ ਸੂਚਨਾ ਦੇਣ ਦੇ ਬਾਵਜੂਦ ਭਾਜਪਾ ਨੇਤਾਵਾਂ ਦਾ ਵਫਦ ਪੁੱਜਣ ਤੋਂ ਕੁਝ ਦੇਰ ਪਹਿਲਾਂ ਕਮਿਸ਼ਨਰ ਆਫਿਸ ਛੱਡ ਕੇ ਚਲੀ ਗਈ, ਜਿਸ ਕਾਰਨ ਭਾਜਪਾ ਨੇਤਾਵਾਂ ਵਲੋਂ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਇਤਰਾਜ਼ ਦਰਜ ਕਰਵਾਇਆ ਗਿਆ।

ਡੈੱਡਲਾਈਨ ਖਤਮ, 160 ਤੋਂ ਪਾਰ ਹੋਇਆ ਇਤਰਾਜ਼ਾਂ ਦਾ ਅੰਕੜਾ
ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ’ਤੇ ਇਤਰਾਜ਼ ਦਰਜ ਕਰਵਾਉਣ ਦੀ ਡੈੱਡਲਾਈਨ ਵੀਰਵਾਰ ਨੂੰ ਖਤਮ ਹੋ ਗਈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਡਰਾਫਟ ਨੋਟੀਫਿਕੇਸ਼ਨ 1 ਅਗਸਤ ਨੂੰ ਜਾਰੀ ਕੀਤਾ ਗਿਆ ਸੀ ਪਰ ਨਗਰ ਨਿਗਮ ਵਲੋਂ ਜ਼ੋਨ-ਡੀ ਆਫਿਸ ’ਚ ਨਕਸ਼ਾ 4 ਅਗਸਤ ਨੂੰ ਬਾਅਦ ਦੁਪਹਿਰ ਡਿਸਪਲੇ ਕੀਤਾ ਗਿਆ। ਜਿਸ ’ਤੇ ਇਤਰਾਜ਼ ਦਰਜ ਕਰਨ ਲਈ ਇਕ ਹਫਤੇ ਦੀ ਮੋਹਲਤ ਦਿੱਤੀ ਗਈ। ਭਾਵੇਂ ਉਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਆ ਗਈ ਪਰ ਨਗਰ ਨਿਗਮ ਅਤੇ ਸਰਕਾਰ ਵਲੋਂ ਇਤਰਾਜ਼ ਦਰਜ ਕਰਨ ਦੀ ਡੈੱਡਲਾਈਨ ਵਿਚ ਵਾਧਾ ਨਹੀਂ ਕੀਤਾ ਗਿਆ। ਇਹ ਡੈੱਡਲਾਈਨ ਵੀਰਵਾਰ ਨੂੰ ਖਤਮ ਹੋ ਗਈ। ਇਸ ਦੌਰਾਨ ਨਗਰ ਨਿਗਮ ਕੋਲ ਪੁੱਜੇ ਇਤਰਾਜ਼ਾਂ ਦਾ ਅੰਕੜਾਂ 160 ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ 3 ਤਿੰਨ ਸਰਕਾਰੀ ਬੱਸਾਂ ਦਾ ਰਹੇਗਾ ਚੱਕਾ ਜਾਮ

ਇਹ ਵਰਤੀ ਜਾਵੇਗੀ ਪ੍ਰਕਿਰਿਆ
ਸਰਕਾਰ ਵਲੋਂ ਜਾਰੀ ਡਰਾਫਟ ਨੋਟੀਫਿਕੇਸ਼ਨ ਮੁਤਾਬਕ ਡੈੱਡਲਾਈਨ ਖਤਮ ਹੋਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਵਲੋਂ ਇਤਰਾਜਾਂ ਦੇ ਸਬੰਧ ’ਚ ਰਿਪੋਰਟ ਬਣਾ ਕੇ ਲੋਕਲ ਬਾਡੀਜ਼ ਵਿਭਾਗ ਨੂੰ ਭੇਜੀ ਜਾਵੇਗੀ, ਜਿਨ੍ਹਾਂ ਵਲੋਂ ਸਿਫਾਰਿਸ਼ਾਂ ਦੇ ਆਧਾਰ ’ਤੇ ਵਾਰਡਬੰਦੀ ’ਚ ਕੋਈ ਬਦਲਾਅ ਸਬੰਧੀ ਫੈਸਲਾ ਲੈਣ ਤੋਂ ਬਾਅਦ ਫਾਈਨਲ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਜਾਵੇਗਾ।

ਨਾ ਦਿੱਤੀ ਡਿਜੀਟਲ ਸੁਵਿਧਾ, ਨਾ ਹੀ ਨਕਸ਼ਾ ਹੇਠਾਂ ਲਗਾਇਆ
ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਦਾ ਨਕਸ਼ਾ ਜ਼ੋਨ-ਡੀ ਆਫਿਸ ਦੀ ਦੂਜੀ ਮੰਜ਼ਿਲ ਤੋਂ ਲਟਕਾਇਆ ਗਿਆ ਹੈ, ਜਿਸ ਵਿਚ ਹੇਠਾਂ ਜਾਂ ਪਹਿਲੀ ਮੰਜ਼ਿਲ ’ਤੇ ਖੜ੍ਹੇ ਹੋ ਕੇ ਵਾਰਡਾਂ ਦੀ ਬਾਊਂਡਰੀ ਨਜ਼ਰ ਨਹੀਂ ਆ ਰਹੀ ਹੈ, ਜਿਸ ਨੂੰ ਲੈ ਕੇ ਪੌੜੀ ਅਤੇ ਦੂਰਬੀਨ ਲੈ ਕੇ ਆਏ ਕਾਂਗਰਸ ਅਤੇ ਅਕਾਲੀ, ਭਾਜਪਾ ਨੇਤਾਵਾਂ ਵਲੋਂ ਵਿਰੋਧ ਦਰਜ ਕਰਵਾਇਆ ਗਿਆ ਸੀ। ਭਾਵੇਂ ਕਮਿਸ਼ਨਰ ਵਲੋਂ ਨਕਸ਼ਾ ਹੇਠਾਂ ਕਰ ਕੇ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਤਰਾਜ਼ ਦਰਜ ਕਰਵਾਉਣ ਦੀ ਡੈੱਡਲਾਈਨ ਖਤਮ ਹੋਣ ਤੱਕ ਇਸ ਤਰ੍ਹਾਂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਐੱਨ. ਜੀ. ਓ. ਦੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਡਿਜੀਟਲ ਨਕਸ਼ਾ ਮੁਹੱਈਆ ਕਰਵਾਉਣ ਦੀ ਮੰਗ ਨੂੰ ਵੀ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News