ਲੋਕਤੰਤਰੀ ਅਧਿਕਾਰਾਂ ਦੀ ਰੱਖਿਆ ਲਈ ਭਾਜਪਾ ਪੰਜਾਬ ’ਚ ਕਰੇਗੀ ਜਨਤਕ ਪ੍ਰੋਗਰਾਮ: ਅਸ਼ਵਨੀ ਸ਼ਰਮਾ
Monday, Dec 28, 2020 - 12:17 AM (IST)
ਲੁਧਿਆਣਾ, (ਗੁਪਤਾ)– ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਉਂਦੇ ਕਿਹਾ ਕਿ ਕਾਂਗਰਸ ਦੀ ਕਠਪੁਤਲੀ ਡੀ. ਜੀ. ਪੀ. ਦੇ ਰਹਿੰਦੇ ਹੋਏ ਭਾਜਪਾ ਦੇ ਸਮਾਗਮਾਂ ’ਚ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਤੋੜ-ਭੰਨ ਅਤੇ ਕੁੱਟ-ਮਾਰ ਦੇ ਮਾਮਲੇ ’ਚ ਪੁਲਸ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਬਠਿੰਡਾ ਵਿਚ ਵੀ ਪੁਲਸ ਨੇ ਜੋ ਐੱਫ. ਆਈ. ਆਰ. ਦਰਜ ਕੀਤੀ ਹੈ, ਉਸ ਨੂੰ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਕ ਵਫਦ 28 ਦਸੰਬਰ ਨੂੰ ਡੀ. ਜੀ. ਪੀ. ਨੂੰ ਮਿਲ ਕੇ ਇਸ ਬਾਰੇ ਵਿਚ ਵਿਰੋਧ ਪ੍ਰਗਟ ਕਰੇਗਾ।
ਅੱਜ ਇਥੇ ਸਰਕਟ ਹਾਊਸ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਸੰਵਿਧਾਨ ਵੱਲੋਂ ਦਿੱਤੇ ਗਏ ਮੌਲਿਕ ਅਧਿਕਾਰਾਂ ਤਹਿਤ ਜਲਦੀ ਹੀ ਪੰਜਾਬ ’ਚ ਜਨਤਕ ਪ੍ਰੋਗਰਾਮ ਕਰਨ ਦਾ ਐਲਾਨ ਕਰੇਗੀ ਅਤੇ ਵਰਕਰਾਂ ਨੂੰ ਹੋਣ ਵਾਲੀ ਹਿੰਸਾ ਦਾ ਜਵਾਬ ਗਾਂਧੀਵਾਦੀ ਤਰੀਕੇ ਨਾਲ ਦੇਣ ਨੂੰ ਕਹੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੇ ਇਸ਼ਾਰੇ ’ਤੇ ਪੁਲਸ ਵੱਲੋਂ ਭਾਜਪਾ ਵਰਕਰਾਂ ਨੂੰ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਅਤੇ ਵਰਕਰਾਂ ਨੂੰ ਪੁਲਸ ਵੱਲੋਂ ਵੀ ਮਾਰਿਆ-ਕੁੱਟਿਆ ਜਾ ਰਿਹਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਿੱਦ ਛੱਡ ਕੇ ਦੇਸ਼ ਦੇ ਭਲੇ ਲਈ ਆਪਣਾ ਅੰਦੋਲਨ ਖਤਮ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਪ੍ਰਦੇਸ ਉੱਪ ਪ੍ਰ੍ਰਧਾਨ ਪ੍ਰਵੀਨ ਬਾਂਸਲ, ਜਨਰਲ ਸਕੱਤਰ ਜੀਵਨ ਗੁਪਤਾ, ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਬੋਲਾਰਾ ਅਨਿਲ ਸਰੀਨ, ਸਹਿ-ਖਜ਼ਾਨਚੀ ਰਵਿੰਦਰ ਅਰੋੜਾ, ਪ੍ਰਦੇਸ਼ ਕਾਰਜਕਰਨੀ ਮੈਂਬਰ ਅਰੁਣੇਸ਼ ਮਿਸ਼ਰਾ, ਮੀਡੀਆ ਇੰਚਾਰਜ ਡਾ. ਸਤੀਸ਼ ਕੁਮਾਰ ਵੀ ਮੌਜੂਦ ਸਨ।