ਨਵੀਂ ਵਾਰਡਬੰਦੀ ਖਿਲਾਫ ਕਾਨੂੰਨੀ ਮਾਹਿਰਾਂ ਤੋਂ ਸਲਾਹ ਲਵੇਗੀ ਭਾਜਪਾ

Wednesday, Nov 22, 2017 - 06:16 AM (IST)

ਨਵੀਂ ਵਾਰਡਬੰਦੀ ਖਿਲਾਫ ਕਾਨੂੰਨੀ ਮਾਹਿਰਾਂ ਤੋਂ ਸਲਾਹ ਲਵੇਗੀ ਭਾਜਪਾ

ਅੰਮ੍ਰਿਤਸਰ,   (ਕਮਲ/ਵੜੈਚ)-   ਸਰਕਾਰ ਦੀ ਨਵੀਂ ਹੱਦਬੰਦੀ ਦੇ ਵਿਰੋਧ 'ਚ ਜ਼ਿਲਾ ਭਾਜਪਾ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਜ਼ਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2 ਮਹੀਨਿਆਂ ਵਿਚ ਬਿਨਾਂ ਤਿਆਰੀ ਦੇ ਹੱਦਬੰਦੀ ਕੀਤੀ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਕਰਦੇ ਸਮੇਂ ਇਹ ਫ਼ੈਸਲਾ ਲਿਆ ਗਿਆ ਸੀ ਕਿ 1 ਵਾਰਡ ਵਿਚ ਘੱਟੋ-ਘੱਟ 10 ਹਜ਼ਾਰ ਵੋਟਾਂ ਹੋਣਗੀਆਂ, ਜ਼ਿਆਦਾਤਰ ਵੋਟਾਂ ਦੀ ਗਿਣੀ 13 ਹਜ਼ਾਰ ਹੋਵੇਗੀ ਪਰ ਸਰਕਾਰ ਵੱਲੋਂ ਜਾਰੀ ਕੀਤੀਆਂ ਵੋਟਰ ਲਿਸਟਾਂ ਵਿਚ ਕਾਫ਼ੀ ਬੇਨਿਯਮੀਆਂ ਹਨ।
ਉਨ੍ਹਾਂ ਕਿਹਾ 85 ਨੰਬਰ ਵਾਰਡ ਵਿਚ 2029 ਤੇ 36 ਨੰਬਰ ਵਾਰਡ 'ਚ 23798 ਵੋਟਾਂ ਹਨ। ਰਾਜੇਸ਼ ਹਨੀ ਨੇ ਕਿਹਾ ਕਿ 20 ਅਕਤੂਬਰ ਤੱਕ ਦਾ ਸਮਾਂ ਇਤਰਾਜ਼ ਦਰਜ ਕਰਵਾਉਣ ਲਈ ਨਿਸ਼ਚਿਤ ਕੀਤਾ ਗਿਆ ਸੀ। ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟਰ ਲਿਸਟ ਉਪਲਬਧ ਨਹੀਂ ਕਰਵਾਈ ਗਈ। ਇਸ ਹੱਦਬੰਦੀ ਤੋਂ ਰਾਜਨੀਤਕ ਦਲ ਤਾਂ ਕੀ, ਆਮ ਜਨਤਾ ਵੀ ਖੁਸ਼ ਨਹੀਂ ਹੈ। ਸਿਆਸੀ ਪਾਰਟੀਆਂ ਦੇ ਇਤਰਾਜ਼ਾਂ 'ਤੇ ਕੋਈ ਸੁਣਵਾਈ ਨਹੀਂ ਕੀਤੀ ਗਈ। ਕਾਂਗਰਸ ਦੇ ਕੁਝ ਨੇਤਾਵਾਂ ਨੂੰ ਖੁਸ਼ ਕਰਨ ਲਈ ਇਹ ਵਾਰਡਬੰਦੀ ਕੀਤੀ ਗਈ ਹੈ।
ਰਾਜੇਸ਼ ਹਨੀ ਨੇ ਕਿਹਾ ਕਿ ਪੁਰਾਣੇ ਨੋਟੀਫਿਕੇਸ਼ਨ ਅਨੁਸਾਰ 14 ਨੰਬਰ ਵਾਰਡ ਜਨਰਲ ਸੀ, ਜਿਸ ਨੂੰ ਨਵੀਂ ਸੂਚੀ ਵਿਚ ਐੱਸ. ਸੀ. ਲਈ ਰਾਖਵਾਂ ਕੀਤਾ ਗਿਆ ਹੈ। ਵਾਰਡ-80 ਨੂੰ ਐੱਸ. ਸੀ. ਤੋਂ ਜਨਰਲ ਕਰ ਦਿੱਤਾ ਗਿਆ ਹੈ। ਕਈ ਵਾਰਡਾਂ ਦੇ ਨੰਬਰ ਬਦਲ ਦਿੱਤੇ ਗਏ ਹਨ। ਵਾਰਡ-42 ਦਾ ਨੰਬਰ 45 ਕਰ ਦਿੱਤਾ ਗਿਆ ਹੈ, 2 ਵਾਰਡ ਓ. ਬੀ. ਸੀ. ਵਰਗ ਲਈ ਰਾਖਵੇਂ ਕੀਤੇ ਗਏ ਹਨ। ਨਿਯਮਾਂ ਅਨੁਸਾਰ ਇਕ ਵਾਰਡ ਔਰਤਾਂ ਲਈ ਰਾਖਵਾਂ ਹੋਣਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ। ਕਾਂਗਰਸ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵੋਟਰ ਲਿਸਟਾਂ ਵਿਚ ਭਾਰੀ ਹੇਰ-ਫੇਰ ਕੀਤਾ ਹੈ। ਉਨ੍ਹਾਂ ਕਾਂਗਰਸ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਸਰਕਾਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਕਈ ਬਦਲਾਅ ਕਰ ਰਹੀ ਹੈ, ਜੋ ਨਿਆਂ ਸੰਗਤ ਨਹੀਂ ਹੈ। ਨਕਸ਼ੇ ਵਿਚ ਭਾਰੀ ਹੇਰਾ-ਫੇਰੀ ਕੀਤੀ ਜਾ ਰਹੀ ਹੈ। ਭਾਜਪਾ ਕਾਂਗਰਸ ਦੇ ਮਨਸੂਬਿਆਂ ਨੂੰ ਕਾਮਯਾਬ ਹੋਣ ਨਹੀਂ ਦੇਵੇਗੀ। ਇਸ ਦੇ ਲਈ ਸਾਨੂੰ ਸੜਕਾਂ 'ਤੇ ਵੀ ਕਿਉਂ ਨਾ ਉਤਰਨਾ ਪਏ ਤਾਂ ਭਾਜਪਾ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨੀ ਮਾਹਿਰਾਂ ਨਾਲ ਨਵੀਂ ਹੱਦਬੰਦੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੇ ਹਾਂ, ਉਨ੍ਹਾਂ ਦੀ ਰਾਇ ਲੈਣ ਤੋਂ ਬਾਅਦ ਅਸੀਂ ਕੋਈ ਫ਼ੈਸਲਾ ਲਵਾਂਗੇ।
ਇਸ ਮੌਕੇ ਰਾਸ਼ਟਰੀ ਸਕੱਤਰ ਤਰੁਣ ਚੁੱਘ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਜ਼ਿਲਾ ਭਾਜਪਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਮਾਨਵ ਤਨੇਜਾ, ਸੁਰੇਸ਼ ਮਹਾਜਨ, ਰਾਕੇਸ਼ ਗਿੱਲ, ਸੰਜੇ ਕੁੰਦਰਾ, ਮਨੂੰ ਗਰੋਵਰ ਆਦਿ ਮੌਜੂਦ ਸਨ।


Related News