ਕੈਪਟਨ ਦੀ ਪਾਰਟੀ ਨੂੰ ਟਿਕਟਾਂ ਦੇਣ ’ਤੇ ਭਾਜਪਾ ’ਚ ਬਗਾਵਤ, ਸੁਰਿੰਦਰ ਸ਼ਰਮਾ ਨੇ ਆਜ਼ਾਦ ਲੜਨ ਦਾ ਕੀਤਾ ਐਲਾਨ
Tuesday, Jan 25, 2022 - 06:40 PM (IST)
ਲੁਧਿਆਣਾ (ਗੁਪਤਾ)-ਹਿੰਦੂ ਬਹੁਗਿਣਤੀ ਵਾਲੇ ਇਲਾਕਿਆਂ ’ਚ ਗੱਠਜੋੜ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ‘ਪੰਜਾਬ ਲੋਕ ਕਾਂਗਰਸ’ ਨੂੰ ਲੁਧਿਆਣਾ ਦੱਖਣੀ ਅਤੇ ਪੂਰਬੀ ਸੀਟਾਂ ਦਿੱਤੇ ਜਾਣ ਨਾਲ ਭਾਜਪਾ ’ਚ ਬਗਾਵਤ ਪੈਦਾ ਹੋ ਗਈ ਹੈ। ਜਿੱਥੇ ਲੁਧਿਆਣਾ ਦੱਖਣੀ ਹਲਕੇ ’ਚ ਪੰਜਾਬ ਲੋਕ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਭਾਜਪਾ ਦੇ ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ ਨੇ ਇਸ ਸੀਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਲੁਧਿਆਣਾ ਪੂਰਬੀ ’ਚ ਵੀ ਪੀ.ਐੱਲ.ਸੀ. ਉਮੀਦਵਾਰ ਨੂੰ ਟਿਕਟ ਦੇਣ ਨਾਲ ਭਾਜਪਾ ਵਰਕਰਾਂ ਦੇ ਚਿਹਰੇ ਮੁਰਝਾ ਗਏ ਹਨ। ਲੁਧਿਆਣਾ ਦੱਖਣੀ ਹਲਕੇ ਤੋਂ ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ ਦੀ ਨੂੰਹ ਇਸ ਵਾਰਡ ਤੋਂ ਕੌਂਸਲਰ ਹਨ, ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਉਨ੍ਹਾਂ ਨੇ 30 ਸਾਲ ਪਾਰਟੀ ਦੀ ਸੇਵਾ ਕੀਤੀ ਹੈ, ਅੱਤਵਾਦ ਸਮੇਂ ਜਾਂ ਕਿਸਾਨ ਅੰਦੋਲਨ ਦਾ ਦੌਰ ਹੋਵੇ, ਉਨ੍ਹਾਂ ਨੇ ਪਾਰਟੀ ਨੂੰ ਕਦੇ ਪਿੱਠ ਨਹੀਂ ਦਿਖਾਈ ਤੇ ਭਾਜਪਾ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ। ਉਨ੍ਹਾਂ ਦੇ ਦੱਖਣੀ ਹਲਕੇ ’ਚ 65 ਫੀਸਦੀ ਵੋਟਰ ਹਿੰਦੂ ਹਨ ਤੇ ਇਲਾਕੇ ’ਚ ਕਿਸੇ ਹੋਰ ਪਾਰਟੀ ਦੀ ਕੋਈ ਹਵਾ ਨਹੀਂ ਹੈ, ਇਸ ਦੇ ਬਾਵਜੂਦ ਪਾਰਟੀ ਨੇ ਵਰਕਰਾਂ ਦੀ ਅਣਦੇਖੀ ਕਰਕੇ ਕਰੋੜਪਤੀ ਉਮੀਦਵਾਰ ਨੂੰ ਪੈਰਾਸ਼ੂਟ ਰਾਹੀਂ ਉਤਾਰ ਦਿੱਤਾ ਹੈ। ਉਹ ਇਸ ਸੀਟ ’ਤੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹਨ, ਇਸ ਲਈ ਵਰਕਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ
ਦੂਜੇ ਪਾਸੇ ਲੁਧਿਆਣਾ ਪੂਰਬੀ ਅਤੇ ਆਤਮਾ ਨਗਰ ਹਲਕਿਆਂ ’ਚ ਪੀ.ਐੱਲ.ਸੀ. ਉਮੀਦਵਾਰ ਨੂੰ ਭਾਜਪਾ ਦਾ ਚੋਣ ਨਿਸ਼ਾਨ ਦੇਣ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਫੇਸਬੁੱਕ 'ਤੇ ਪਾਈਆਂ ਗਈਆਂ ਪੋਸਟਾਂ 'ਚ ਵਰਕਰਾਂ ਨੇ ਸਵਾਲ ਕੀਤਾ ਹੈ ਕਿ ਜੇਕਰ ਭਾਜਪਾ ਦੇ ਚੋਣ ਨਿਸ਼ਾਨ 'ਤੇ ਪੀ.ਐੱਲ.ਸੀ. ਉਮੀਦਵਾਰ ਹੀ ਲੜੇ ਜਾਣ ਤਾਂ ਭਾਜਪਾ ਵਰਕਰਾਂ ’ਚ ਕੀ ਘਾਟ ਹੈ। ਲੁਧਿਆਣਾ ਆਤਮਾ ਨਗਰ ਇਲਾਕੇ ਦੇ ਵਸਨੀਕ ਭਾਜਪਾ ਆਗੂ ਰਾਜੀਵ ਸ਼ਰਮਾ ਨੇ ਕਿਹਾ ਕਿ ਜੇਕਰ ਉਮੀਦਵਾਰ ਪੀ. ਐੱਲ. ਸੀ ਦਾ ਹੈ ਤਾਂ ਉਸ ਨੂੰ ਭਾਜਪਾ ਦਾ ਚੋਣ ਨਿਸ਼ਾਨ ਕਿਵੇਂ ਦਿੱਤਾ ਜਾ ਸਕਦਾ ਹੈ, ਸਿਰਫ਼ ਭਾਜਪਾ ਵਰਕਰ ਨੂੰ ਹੀ ਭਾਜਪਾ ਦਾ ਚੋਣ ਨਿਸ਼ਾਨ ਮਿਲਣਾ ਚਾਹੀਦਾ ਹੈ। ਪਾਰਟੀ ਲੀਡਰਸ਼ਿਪ ਨੂੰ ਸੂਬੇ ’ਚ ਭਾਜਪਾ ਦਾ ਆਧਾਰ ਵਧਾਉਣ ਲਈ ਕਿਸੇ ਵੀ ਕੀਮਤ ’ਤੇ ਹਿੰਦੂ ਬਹੁਗਿਣਤੀ ਵਾਲੀਆਂ ਸੀਟਾਂ ਦੂਜੀਆਂ ਪਾਰਟੀਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਸਨ। ਸਾਨੂੰ ਉਥੇ ਮਜ਼ਬੂਤੀ ਨਾਲ ਚੋਣਾਂ ਲੜ ਕੇ ਆਉਣ ਵਾਲੀ ਲੋਕ ਸਭਾ ਲਈ ਆਪਣਾ ਮੈਦਾਨ ਤਿਆਰ ਕਰਨਾ ਚਾਹੀਦਾ ਹੈ। ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਕਰਨ ਵੇਲੇ ਵੀ ਸ਼ਹਿਰੀ ਹਲਕਾ ਭਾਜਪਾ ਸਿਰਫ਼ ਤਿੰਨ ਸੀਟਾਂ ਹੀ ਲੜਦੀ ਸੀ, ਹੁਣ ਵੀ ਸਿਰਫ਼ ਤਿੰਨ ਸੀਟਾਂ ਹੀ ਲੜ ਰਹੀ ਹੈ, ਅਜਿਹੇ ’ਚ ਵਰਕਰਾਂ ਦੀ ਇੱਛਾ ਦਾ ਕੀ ਬਣੇਗਾ, ਕੀ ਵਰਕਰ ਸਿਰਫ ਦਰੀਆ ਵਿਛਾਉਣ ਲਈ ਹਨ। ਉਨ੍ਹਾਂ ਦੀ ਇੱਛਾ ਦਾ ਕੋਈ ਸਨਮਾਨ ਨਹੀਂ ਹੈ। ਦੂਜੇ ਪਾਸੇ ਭਾਜਪਾ ਲੁਧਿਆਣਾ ਦੇ ਪ੍ਰਧਾਨ ਪੁਸ਼ਪੇਂਦਰ ਸਿੰਘਲ ਤੋਂ ਜਦੋਂ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਰਕਰ ਦੇ ਮਨ ’ਚ ਕੁਝ ਗੱਲਾਂ ਨੂੰ ਲੈ ਕੇ ਗੁੱਸਾ ਜ਼ਰੂਰ ਹੋ ਸਕਦਾ ਹੈ ਪਰ ਭਾਜਪਾ ਵਰਕਰ ਸਮਰਪਿਤ ਹੈ ਅਤੇ ਉਸ ਨੂੰ ਸਮਝਿਆ ਜਾਵੇਗਾ।