ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Wednesday, Oct 14, 2020 - 12:13 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਮੋਮੀ)— ਸੋਮਵਾਰ ਦੀ ਸ਼ਾਮ ਚੌਲਾਂਗ ਟੋਲ ਪਲਾਜ਼ਾ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹੋਏ ਹਮਲੇ ਦੇ ਸਬੰਧ 'ਚ ਟਾਂਡਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰਦੇ ਰਹੇ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਬੀਤੀ ਦੇਰ ਰਾਤ ਅਸ਼ਵਨੀ ਸ਼ਰਮਾ ਦੇ ਪੀ. ਐੱਸ. ਓ. ਹਰੀ ਸਿੰਘ ਦੇ ਬਿਆਨ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ
ਆਪਣੇ ਬਿਆਨ 'ਚ ਪੀ. ਐੱਸ. ਓ. ਨੇ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਵੱਲੋਂ ਲਾਏ ਧਰਨੇ ਵਾਲੇ ਸਥਾਨ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਦਾ ਰਾਹ ਰੋਕਣ ਦੇ ਨਾਲ-ਨਾਲ ਡੰਡੇ ਆਦਿ ਨਾਲ ਹਮਲਾ ਕਰਦੇ ਹੋਏ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਹੈ। ਹਾਈ ਪ੍ਰੋਫ਼ਾਈਲ ਮਾਮਲਾ ਹੋਣ ਕਰਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਦਿੱਤੇ ਜਾਂਚ ਦੇ ਹੁਕਮਾਂ ਤੋਂ ਬਾਅਦ ਟਾਂਡਾ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
ਇਸ ਦੇ ਨਾਲ ਹੀ ਸੂਬੇ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਗੁੱਸੇ ਨੂੰ ਭਾਂਪਦੇ ਹੋਏ ਜਿੱਥੇ ਖ਼ੁਦ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵੀ ਦਿੱਤੀਆਂ ਸਟੇਟਮੈਂਟਾਂ 'ਚ ਇਸ ਹਮਲੇ 'ਚ ਕਿਸਾਨਾਂ ਦੀ ਸਿੱਧੀ ਸ਼ਮੂਲੀਅਤ ਦੱਸਣ ਤੋਂ ਬਚਿਆ ਗਿਆ ਅਤੇ ਸ਼ਰਾਰਤੀ ਅਨਸਰਾਂ ਨੂੰ ਜ਼ਿਮੇਵਾਰ ਠਹਿਰਾਉਂਦੇ ਹੋਏ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਗਏ। ਇਸੇ ਤਰ੍ਹਾਂ ਹੀ ਪੁਲਸ ਵੀ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਆਪਣੀ ਜਾਂਚ 'ਚ ਫੁਰਤੀ ਵਿਖਾਉਣ ਅਤੇ ਕਿਸੇ ਸਖ਼ਤ ਕਾਰਵਾਈ ਕਰਨ ਦੇ ਰੌਂਅ 'ਚ ਨਹੀਂ ਲੱਗਦੀ। ਉਧਰ ਕਿਸਾਨ ਜਥੇਬੰਦੀ ਨੇ ਵੀ ਭਾਜਪਾ ਪ੍ਰਧਾਨ 'ਤੇ ਕਿਸਾਨਾਂ ਵੱਲੋਂ ਹਮਲੇ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: ਕੁੜੀ ਦੇ ਚੱਕਰ 'ਚ ਭੋਗਪੁਰ ਵਿਖੇ ਨੌਜਵਾਨ 'ਤੇ ਚੱਲੀਆਂ ਸਨ ਗੋਲੀਆਂ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ
ਜ਼ਿਕਰਯੋਗ ਹੈ ਕਿ ਚੌਲਾਗ ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਦੋਆਬਾ ਕਿਸਾਨ ਕਮੇਟੀ ਦੇ ਕਾਰਕੁੰਨਾਂ ਨੇ ਸੋਮਵਾਰ ਸ਼ਾਮ ਹਾਈਵੇਅ 'ਤੇ ਜਾ ਰਹੇ ਭਾਜਪਾ ਦੇ ਸੂਬਾਈ ਆਗੂ ਦਾ ਰਸਤਾ ਰੋਕ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਸੂਬਾ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਦੀਆਂ ਗੱਡੀਆਂ ਦਾ ਕਾਫ਼ਲਾ ਜਲੰਧਰ ਤੋਂ ਭਾਜਪਾ ਮੀਟਿੰਗ 'ਚ ਹਿੱਸਾ ਲੈਣ ਉਪਰੰਤ ਵਾਪਸ ਜਾ ਰਿਹਾ ਸੀ, ਜਿਸ ਦੌਰਾਨ ਰਸਤੇ 'ਚ ਉਨ੍ਹਾਂ ਦੀ ਗੱਡੀ ਨੂੰ ਕਿਸਾਨਾਂ ਵੱਲੋਂ ਰੋਕ ਕੇ ਕਾਰ ਦੀ ਭੰਨਤੋੜ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ