ਨਸ਼ਾ ਸਮੱਗਲਿੰਗ ਦੇ ਮੁੱਦੇ ''ਤੇ ਭਾਜਪਾ ਨੇ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ

Tuesday, Jul 03, 2018 - 05:13 AM (IST)

ਨਸ਼ਾ ਸਮੱਗਲਿੰਗ ਦੇ ਮੁੱਦੇ ''ਤੇ ਭਾਜਪਾ ਨੇ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ

ਕਪੂਰਥਲਾ, (ਗੁਰਵਿੰਦਰ ਕੌਰ, ਮੱਲ੍ਹੀ)- ਨਸ਼ਾ ਸਮੱਗਲਿੰਗ ਦੇ ਮੁੱਦੇ 'ਤੇ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਜ਼ਿਲਾ ਭਾਜਪਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ ਦੀ ਅਗਵਾਈ 'ਚ ਜ਼ਿਲਾ ਭਾਜਪਾ ਵੱਲੋਂ ਪੁਰਾਣੀ ਕਚਹਿਰੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਾਅਰਿਆਂ ਦੀ ਗੂੰਜ 'ਚ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। 
ਭਾਜਪਾ ਸੂਬਾ ਸਕੱਤਰ ਉਮੇਸ਼ ਸ਼ਰਦਾ ਹਾਜ਼ਰ ਹੋਏ ਤੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੇ ਡੇਢ ਸਾਲ ਦੇ ਕਾਰਜਕਾਲ 'ਚ ਨਸ਼ਾ ਸਮੱਗਲਿੰਗ 'ਤੇ ਨਕੇਲ ਕੱਸਣ 'ਚ ਪੂਰੀ ਤਰ੍ਹਾਂ ਫੇਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਦੇ ਹੌਸਲੇ ਬੁਲੰਦ ਹਨ, ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਹੱਥਾਂ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਸਹੁੰ ਖਾਂਦੀ ਸੀ ਕਿ ਨਸ਼ੇ ਨੂੰ 4 ਹਫਤਿਆਂ 'ਚ ਖਤਮ ਕਰ ਦੇਣਗੇ ਪਰ ਡੇਢ ਸਾਲ ਬਾਅਦ ਵੀ ਨਸ਼ਿਆਂ ਨੂੰ ਕੋਈ ਠੱਲ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਨੁਸਾਰ 4 ਹਫਤੇ ਕਿਹੜੇ ਮਹੀਨੇ ਦੇ ਹੁੰਦੇ ਹਨ, ਇਹ ਸਿਰਫ ਮੁੱਖ ਮੰਤਰੀ ਹੀ ਦਸ ਸਕਦੇ ਹਨ ਕਿਉਂਕਿ ਅਜੇ ਤਕ ਨਸ਼ਿਆਂ ਨੂੰ ਸੂਬੇ 'ਚੋਂ ਖਤਮ ਕਰਨ ਦੇ ਕੋਈ ਪੁਖਤਾ ਕਦਮ ਨਹੀਂ ਚੁੱਕਿਆ ਗਿਆ ਤੇ ਨੌਜਵਾਨ ਪੀੜ੍ਹੀ ਨਸ਼ੇ ਦੀ ਦਲ ਦਲ 'ਚ ਫਸ ਕੇ ਆਪਣੀ ਜ਼ਿੰਦਗੀ ਗਵਾ ਰਹੀ ਹੈ ਪਰ ਕਾਂਗਰਸ ਸਰਕਾਰ ਨੂੰ ਕਿਸੇ ਦੀ ਚਿੰਤਾ ਨਹੀਂ ਹੈ। 
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਸੂਬੇ ਦਾ ਹਰ ਨਾਗਰਿਕ ਇਕ ਜਨ ਅੰਦੋਲਨ ਛੇੜ ਕੇ ਸਰਕਾਰ ਦੀਆਂ ਜੜ੍ਹਾਂ ਨੂੰ ਹਲਾ ਦੇਵੇਗਾ। 
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਮੰਨੂੰ ਧੀਰ, ਰਣਜੀਤ ਸਿੰਘ ਮਠਾੜੂ, ਉਪ ਪ੍ਰਧਾਨ ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਸੰਦੀਪ ਸ਼ਰਮਾ, ਸੱਤਪਾਲ ਲਾਹੌਰੀਆ, ਬਲਵਿੰਦਰ ਸਿੰਘ, ਰਾਜੇਸ਼ ਪਾਸੀ, ਡਾ. ਰਣਵੀਰ ਕੌਸ਼ਲ, ਸੁਸ਼ੀਲ ਭੱਲਾ, ਜਿੰਮੀ, ਨਰੇਸ਼ ਸੇਠੀ, ਓਮ ਪ੍ਰਕਾਸ਼, ਵਿਸ਼ਾਲ ਸੋਂਧੀ, ਰਣਜੀਤ, ਕਪੂਰ ਚੰਦ ਥਾਪਰ, ਪਰਮਜੀਤ ਸਿੰਘ, ਸੁਰਿੰਦਰ ਸ਼ਰਮਾ, ਸੁਸ਼ੀਲ ਭੱਲਾ, ਆਸ਼ੀਸ਼ ਗਗਰੇਜਾ, ਅਰੁਨ ਸਿੰਘ ਆਦਿ ਤੋਂ ਇਲਾਵਾ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।


Related News