ਭਾਜਪਾ ਨੂੰ ਪੁੱਠਾ ਪੈਣ ਲੱਗਾ ਪੰਜਾਬ ’ਚ ਵੋਟ ਬੈਂਕ ਲਈ ਖੇਡਿਆ ਪੈਂਤੜਾ, ਵਿਰੋਧੀ ਸੁਰ ਹੋਣ ਲੱਗੇ ਤੇਜ਼

Wednesday, Sep 20, 2023 - 01:30 PM (IST)

ਭਾਜਪਾ ਨੂੰ ਪੁੱਠਾ ਪੈਣ ਲੱਗਾ ਪੰਜਾਬ ’ਚ ਵੋਟ ਬੈਂਕ ਲਈ ਖੇਡਿਆ ਪੈਂਤੜਾ, ਵਿਰੋਧੀ ਸੁਰ ਹੋਣ ਲੱਗੇ ਤੇਜ਼

ਜਲੰਧਰ (ਅਨਿਲ ਪਾਹਵਾ)–ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਵੱਲੋਂ ਜਾਰੀ ਕੀਤੀ ਗਈ ਸੂਬਾ ਕਾਰਜਕਾਰਨੀ ਦੀ ਸੂਚੀ ਤੋਂ ਬਾਅਦ ਪੰਜਾਬ ਭਾਜਪਾ ’ਚ ਅੱਖੋਂ-ਪਰੋਖੇ ਕੀਤੇ ਗਏ ਟਕਸਾਲੀ ਨੇਤਾਵਾਂ ਨੇ ਰੋਸ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਹਰ ਵਾਰ ਨਵੀਂ ਸੂਚੀ ਆਉਣ ਤੋਂ ਬਾਅਦ ਸੂਬਾ ਭਾਜਪਾ ਨੂੰ ਕੁਝ ਲੋਕਾਂ ਦੇ ਵਿਰੋਧ ਸਹਿਣ ਕਰਨਾ ਪੈਂਦਾ ਹੀ ਹੈ ਪਰ ਇਸ ਵਾਰ ਮਾਮਲਾ ਕੁਝ ਟੇਢਾ ਜਿਹਾ ਹੈ। ਇਸ ਵਾਰ ਪਾਰਟੀ ਅੰਦਰ ਨੇਤਾਵਾਂ ਵਿਚ ਖਿੱਚੋਤਾਣ ਨਹੀਂ ਹੈ, ਸਗੋਂ ਇਸ ਵਾਰ ਦੀ ਖਿੱਚੋਤਾਣ ਬਾਹਰੋਂ ਖ਼ਾਸ ਤੌਰ ’ਤੇ ਕਾਂਗਰਸ ’ਚੋਂ ਆਏ ਲੋਕਾਂ ਨੂੰ ਤਰਜੀਹ ਦੇਣ ਕਾਰਨ ਪੈਦਾ ਹੋ ਰਹੀ ਹੈ। ਪਾਰਟੀ ਨੇ ਇਸ ਵਾਰ ਪੰਜਾਬ ’ਚ ਸੂਬਾ ਭਾਜਪਾ ਦੇ ਅਹੁਦੇਦਾਰਾਂ ਦੀ ਸੂਚੀ ਵਿਚ 17 ਸਿੱਖ ਚਿਹਰੇ ਸ਼ਾਮਲ ਕੀਤੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਿਚ 14 ਜੱਟ ਸਿੱਖ ਹਨ। ਪਾਰਟੀ ਦੀ ਸੋਚ ਸੰਭਵ ਤੌਰ ’ਤੇ ਇਹ ਰਹੀ ਹੋਵੇਗੀ ਕਿ ਸੂਬੇ ’ਚ 21 ਫ਼ੀਸਦੀ ਜੱਟ ਸਿੱਖ ਵੋਟ ਸ਼ੇਅਰ ਨੂੰ ਕੈਸ਼ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।

ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿਉਂਕਿ ਪਾਰਟੀ ਅੰਦਰ ਜੱਟ ਸਿੱਖ ਚਿਹਰੇ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ। ਉਂਝ ਪਾਰਟੀ ਨੂੰ ਦਿਹਾਤੀ ਇਲਾਕਿਆਂ ਵਿਚ ਸਿੱਖ ਵੋਟ ਬੈਂਕ ਨੂੰ ਲੁਭਾਉਣ ਲਈ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਭਾਜਪਾ ਸ਼ਹਿਰੀ ਪਾਰਟੀ ਗਿਣੀ ਜਾਂਦੀ ਹੈ। ਸ਼ਾਇਦ ਇਸੇ ਲਈ ਪਾਰਟੀ ਨੇ ਹੁਣ ਬਾਹਰਲੀਆਂ ਪਾਰਟੀਆਂ ’ਚੋਂ ਆਏ ਸਿੱਖ ਚਿਹਰਿਆਂ ਦੇ ਦਮ ’ਤੇ ਸਿੱਖ ਵੋਟ ਬੈਂਕ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ।

ਬਾਣੀਆ ਵੋਟ ਬੈਂਕ ਅੱਖੋਂ-ਪਰੋਖੇ
ਸੁਨੀਲ ਜਾਖੜ ਦੀ ਟੀਮ ਵਿਚ ਬੇਸ਼ੱਕ ਜੱਟ ਸਿੱਖ ਚਿਹਰੇ ਵੱਡੀ ਗਿਣਤੀ ਵਿਚ ਹਨ ਪਰ ਪਾਰਟੀ ਦਾ ਸ਼ੁਰੂ ਤੋਂ ਸਾਥੀ ਰਿਹਾ ਹਿੰਦੂ-ਬਾਣੀਆ ਵੋਟ ਲਗਭਗ ਗਾਇਬ ਹੈ। ਨਵੀਂ ਕਾਰਜਕਾਰਣੀ ’ਚ ਬਾਣੀਆ ਭਾਈਚਾਰੇ ਨੂੰ ਕੋਈ ਖਾਸ ਜਗ੍ਹਾ ਨਹੀਂ ਦਿੱਤੀ ਗਈ। ਪਾਰਟੀ ਨੂੰ ਪੰਜਾਬ ’ਚ ਬਾਣੀਆ ਵੋਟ ਦਾ ਹਮੇਸ਼ਾ ਸਮਰਥਨ ਰਿਹਾ ਹੈ। ਹਰ ਦੌਰ ’ਚ ਇਸ ਵੋਟ ਬੈਂਕ ਨੇ ਅੱਖਾਂ ਮੀਚ ਕੇ ਪਾਰਟੀ ਦੇ ਹੱਕ ’ਚ ਵੋਟ ਪਾਈ ਹੈ ਪਰ ਇਕ-ਅੱਧੇ ਚਿਹਰੇ ਨੂੰ ਛੱਡ ਕੇ ਕਿਸੇ ਨੂੰ ਵੀ ਬਾਣੀਆ ਭਾਈਚਾਰੇ ਤੋਂ ਟੀਮ ਵਿਚ ਸ਼ਾਮਲ ਨਾ ਕੀਤੇ ਜਾਣ ਕਾਰਨ ਆਉਣ ਵਾਲੇ ਦਿਨਾਂ ਵਿਚ ਭਾਜਪਾ ਨੂੰ ਕੁਝ ਹੱਦ ਤਕ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਬ੍ਰਾਹਮਣ-ਖੱਤਰੀ ਵੋਟ ਬੈਂਕ ਨੂੰ ਵੀ ਅਹਿਮੀਅਤ
ਸੂਬਾ ਭਾਜਪਾ ਮੁਖੀ ਸੁਨੀਲ ਜਾਖੜ ਦੀ ਟੀਮ ਵਿਚ ਬੇਸ਼ੱਕ ਬਾਣੀਆ ਭਾਈਚਾਰੇ ਨੂੰ ਕੋਈ ਖ਼ਾਸ ਜਗ੍ਹਾ ਨਹੀਂ ਮਿਲੀ ਪਰ ਬ੍ਰਾਹਮਣ-ਖੱਤਰੀ ਵੋਟ ਬੈਂਕ ਨੂੰ ਕਾਫ਼ੀ ਅਹਿਮੀਅਤ ਦਿੱਤੀ ਗਈ ਹੈ। ਸੂਬਾ ਕਾਰਜਕਾਰਨੀ ਅਤੇ ਕੋਰ ਕਮੇਟੀ ਸਮੇਤ ਸਾਰੀਆਂ ਸ਼੍ਰੇਣੀਆਂ ਵਿਚ ਬ੍ਰਾਹਮਣ ਖੱਤਰੀ ਵੋਟ ਬੈਂਕ ਨਾਲ ਸਬੰਧਤ ਕਾਫ਼ੀ ਲੋਕ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸੁਭਾਸ਼ ਸ਼ਰਮਾ, ਅਰਵਿੰਦ ਖੰਨਾ, ਅਨਿਲ ਸਰੀਨ, ਸੰਜੀਵ ਖੰਨਾ, ਦੁਰਗੇਸ਼ ਸ਼ਰਮਾ, ਰਾਕੇਸ਼ ਸ਼ਰਮਾ ਆਦਿ ਪ੍ਰਮੁੱਖ ਨਾਂ ਹਨ।

ਸਰਬਜੀਤ ਮੱਕੜ ਵੀ ਅੱਖੋਂ-ਪਰੋਖੇ
ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਇਸ ਸੂਚੀ ਵਿਚ ਕੋਈ ਜਗ੍ਹਾ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦੀ ਅਗਲੀ ਰਣਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਗਏ ਮੱਕੜ ਨੂੰ ਕਾਫੀ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਵੇਗੀ ਪਰ ਸੂਬਾ ਕਾਰਜਕਾਰਣੀ ਦੀ ਸੂਚੀ ਵਿਚ ਕਿਤੇ ਵੀ ਮੱਕੜ ਦਾ ਨਾਂ ਨਹੀਂ ਹੈ। ਇਸ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਮੱਕੜ ਦਾ ਹੁਣ ਅਗਲਾ ਕਦਮ ਕੀ ਹੋਵੇਗਾ।

ਦੋਆਬਾ ਇਲਾਕੇ ਨੂੰ ਅਹਿਮੀਅਤ
ਦੋਆਬਾ ਇਲਾਕੇ ਨੂੰ ਜਾਖੜ ਨੇ ਸਭ ਤੋਂ ਵੱਧ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਵੱਲੋਂ ਕੋਰ ਗਰੁੱਪ ਵਿਚ ਜਾਖੜ ਸਮੇਤ 21 ਵਿਅਕਤੀ ਹਨ, ਜਿਨ੍ਹਾਂ ਵਿਚ 7 ਦੋਆਬਾ ਇਲਾਕੇ ਤੋਂ ਹਨ। ਇਨ੍ਹਾਂ ਵਿਚ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸੋਮ ਪ੍ਰਕਾਸ਼, ਚਰਨਜੀਤ ਸਿੰਘ ਅਟਵਾਲ, ਅਵਿਨਾਸ਼ ਰਾਏ ਖੰਨਾ, ਜੰਗੀ ਲਾਲ ਮਹਾਜਨ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਪਾਰਟੀ ਦੀ ਸੂਬਾ ਇਕਾਈ ਵਿਚ ਕੇ. ਡੀ. ਭੰਡਾਰੀ, ਰਾਜੇਸ਼ ਬਾਘਾ, ਰਾਕੇਸ਼ ਰਾਠੌੜ ਅਤੇ ਮੀਨੂ ਸੇਠੀ ਦੁਆਬਾ ਇਲਾਕੇ ਨਾਲ ਸਬੰਧਤ ਹਨ।

ਵਿਰੋਧੀ ਸੁਰ ਹੋਣ ਲੱਗੇ ਤੇਜ਼
ਸੁਨੀਲ ਜਾਖੜ ਦੀ ਨਵੀਂ ਟੀਮ ਦੇ ਗਠਨ ਤੋਂ ਬਾਅਦ ਸੂਬੇ ’ਚ ਟਕਸਾਲੀ ਨੇਤਾਵਾਂ ਵਿਚ ਰੋਸ ਪੈਦਾ ਹੋਣ ਲੱਗਾ ਹੈ। ਸੂਬਾ ਭਾਜਪਾ ਦੇ ਅਹਿਮ ਚਿਹਰੇ ਵਜੋਂ ਜਾਣੇ ਜਾਂਦੇ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਤਾਂ ਬਾਕਾਇਦਾ ਟਕਸਾਲੀ ਨੇਤਾਵਾਂ ਤੇ ਵਰਕਰਾਂ ਦੀ ਬੈਠਕ ਸੱਦ ਲਈ ਹੈ, ਜੋ 24 ਸਤੰਬਰ (ਐਤਵਾਰ) ਨੂੰ ਭਾਜਪਾ ਸੂਬਾ ਦਫਤਰ ਚੰਡੀਗੜ੍ਹ ’ਚ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਭਾਜਪਾ ਦੇ ਸੰਗਠਨ ਮੰਤਰੀ ਐੱਮ. ਸ਼੍ਰੀਨਿਵਾਸਲੂ ਸਾਹਮਣੇ ਮੁੱਦਾ ਉਠਾਇਆ ਜਾਵੇਗਾ। ਇਸ ਸਬੰਧੀ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿਚ ਭਾਜਪਾ ਦੇ ਪੁਰਾਣੇ ਨੇਤਾਵਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਅਗਰਵਾਲ ਭਾਈਚਾਰਾ ਜਿਸ ਦਾ ਯੋਗਦਾਨ ਭਾਜਪਾ ਲਈ ਹਮੇਸ਼ਾ ਰਿਹਾ ਹੈ, ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ। ਕਾਂਗਰਸ ਤੇ ਬਾਹਰਲੀਆਂ ਪਾਰਟੀਆਂ ’ਚੋਂ ਆਏ ਲੋਕਾਂ ਨੂੰ ਸਨਮਾਨ ਦਿੱਤਾ ਗਿਆ, ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਗਈ ਜਿਨ੍ਹਾਂ ਨੂੰ ਭਾਜਪਾ ਦੀ ਸੋਚ ਬਾਰੇ ਕੁਝ ਪਤਾ ਹੀ ਨਹੀਂ। ਹੁਣੇ ਜਿਹੇ ਇਹ ਲੋਕ ਪਾਰਟੀ ਵਿਚ ਆਏ ਹਨ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦੇ ਵੀ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

ਗਰੇਵਾਲ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਵਿਚ ਕਰੱਪਸ਼ਨ ਕਰਕੇ ਈ. ਡੀ., ਸੀ. ਬੀ. ਆਈ. ਅਤੇ ਇਨਕਮ ਟੈਕਸ ਵਿਭਾਗਾਂ ਦੇ ਡਰੋਂ ਇਹ ਲੋਕ ਭਾਜਪਾ ਵਿਚ ਆਏ ਸਨ ਅਤੇ ਪਾਰਟੀ ਵਿਚ ਸ਼ੈਲਟਰ ਲਿਆ ਸੀ ਪਰ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ। ਗਰੇਵਾਲ ਨੇ ਕਿਹਾ ਕਿ ਸ਼ਰਮ ਆਉਂਦੀ ਹੈ ਜਦੋਂ ਪੰਜਾਬ ਵਿਜੀਲੈਂਸ ਵੱਲੋਂ ਇਨ੍ਹਾਂ ਲੋਕਾਂ ’ਤੇ ਸ਼ਿਕੰਜਾ ਕੱਸਿਆ ਜਾਂਦਾ ਹੈ ਅਤੇ ਖ਼ਬਰਾਂ ਵਿਚ ਲਿਖਿਆ ਹੁੰਦਾ ਹੈ ਕਿ ਭਾਜਪਾ ਨੇਤਾ ਫੜਿਆ ਗਿਆ, ਜਿਸ ਕੋਲੋਂ ਵੱਡੀ ਪ੍ਰਾਪਰਟੀ ਮਿਲੀ। ਇਸ ਨਾਲ ਪਾਰਟੀ ਦੇ ਪੁਰਾਣੇ ਟਕਸਾਲੀ ਅਤੇ ਮਿਹਨਤ ਕਰਕੇ ਪਾਰਟੀ ਨੂੰ ਇੱਥੋਂ ਤਕ ਪਹੁੰਚਾਉਣ ਵਾਲੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਫਤਰ ਨੂੰ ਬਣਾਉਣ ਲਈ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਘਰ-ਘਰ ਜਾ ਕੇ ਚੰਦਾ ਮੰਗਿਆ ਸੀ ਅਤੇ ਹੁਣ ਜਦੋਂ ਦਫ਼ਤਰ ਬਣ ਕੇ ਤਿਆਰ ਹੋ ਗਿਆ ਤਾਂ ਉਹ ਕਾਂਗਰਸ ’ਚੋਂ ਆਏ ਲੋਕਾਂ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News