ਬਿਹਾਰ : ਵਿਰੋਧੀ ਗਠਜੋੜ ''ਚ ਚਿਹਰੇ ਜ਼ਿਆਦਾ, ਮਜ਼ਬੂਤੀ ਘੱਟ!
Saturday, Dec 22, 2018 - 04:09 PM (IST)

ਜਲੰਧਰ (ਨਰੇਸ਼ ਕੁਮਾਰ)— ਬਿਹਾਰ ਨੂੰ ਭਾਜਪਾ ਨੂੰ ਟੱਕਰ ਦੇਣ ਲਈ ਐੱਨ. ਡੀ. ਏ. ਦੇ ਸਹਿਯੋਗੀ ਰਹੇ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਆਗੂ ਉਪੇਂਦਰ ਕੁਸ਼ਵਾਹਾ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੇ ਗਠਜੋੜ ਦਾ ਹਿੱਸਾ ਬਣੇ ਹਨ। ਇਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਪਾਰਟੀ ਹਮ, ਸੀ. ਪੀ. ਆਈ., ਲੋਕਤਾਂਤਰਿਕ ਜਨਤਾ ਦਲ ਵੀ ਹਨ। ਹਾਲਾਂਕਿ ਸਾਰੀਆਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ ਪਰ ਇਨ੍ਹਾਂ ਪਾਰਟੀਆਂ ਨੇ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਦੇ ਸਾਹਮਣੇ ਬਿਹਾਰ ਦਾ ਸਭ ਤੋਂ ਸਫਲ ਭਾਰਤੀ ਜਨਤਾ ਪਾਰਟੀ ਅਤੇ ਜਦ (ਯੂ) ਦਾ ਗਠਜੋੜ ਹੋਵੇਗਾ ਅਤੇ ਇਸ ਗਠਜੋੜ ਦੇ ਨਾਲ ਰਾਮ ਵਿਲਾਸ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਵੀ ਹੈ। ਬਿਹਾਰ ਦੇ ਚੁਣਾਵੀ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਭਾਜਪਾ ਅਤੇ ਜਦ (ਯੂ) ਦੇ ਗਠਜੋੜ ਦੇ ਮਗਰੋਂ ਹੀ ਲਾਲੂ ਯਾਦਵ ਦੀ ਪਾਰਟੀ ਬਿਹਾਰ ਵਿਚ ਕਮਜ਼ੋਰ ਹੋਈ ਹੈ ਅਤੇ ਜਦ (ਯੂ) ਦੇ ਭਾਜਪਾ ਨਾਲੋਂ ਅਲੱਗ ਹੋਣ ਦੇ ਮਗਰੋ ਹੀ ਉਸ ਨੂੰ ਤਾਕਤ ਮਿਲੀ ਹੈ।
ਅਗਲੀਆਂ ਚੋਣਾਂ ਦੌਰਾਨ ਵੀ ਇਹ ਗਠਜੋੜ ਕਾਂਗਰਸ ਦੇ ਮਹਾਗਠਜੋੜ 'ਤੇ ਭਾਰੀ ਪੈ ਸਕਦਾ ਹੈ। ਇਸ ਦਾ ਕਾਰਨ ਪਿਛਲੀਆਂ ਚੋਣਾਂ ਦੌਰਾਨ ਤਿੰਨਾਂ ਪਾਰਟੀਆਂ ਨੂੰ ਮਿਲੀਆਂ ਵੋਟਾਂ ਹਨ। 2014 ਵਿਚ ਭਾਜਪਾ-ਜਦ (ਯੂ)-ਲੋਜਪਾ ਦਾ ਕੁਲ ਵੋਟ ਸੇਅਰ 52.40 ਫੀਸਦੀ ਬਣਦਾ ਹੈ। ਜੇਕਰ ਇਹ ਵੋਟ ਸ਼ੇਅਰ ਕਾਇਮ ਰਿਹਾ ਤਾਂ ਕਾਂਗਰਸ ਦੇ ਗਠਜੋੜ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਦੋਵਾਂ ਗਠਜੋੜਾਂ ਵਿਚ ਪਰਿਵਾਰ ਨੂੰ ਸ਼ਹਿ ਦਿੱਤੀ ਗਈ ਹੈ। ਇਸ ਦਾ ਦੋਵਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਬਿਹਾਰ ਵਿਚ ਭਾਜਪਾ-ਜਦ (ਯੂ) ਗਠਜੋੜ ਦਾ ਸਫਰ
1999 ਕੁੱਲ 54 ਸੀਟਾਂ
ਭਾਜਪਾ +41
ਵਿਰੋਧੀ ਧਿਰ 13
2004 ਕੁੱਲ ਸੀਟਾਂ 40
ਭਾਜਪਾ +11
ਵਿਰੋਧੀ ਧਿਰ 29
2009 ਕੁੱਲ ਸੀਟਾਂ 40
ਭਾਜਪਾ +32
ਵਿਰੋਧੀ ਧਿਰ 08
ਭਾਜਪਾ-ਜਦ (ਯੂ)-ਲੋਜਪਾ ਦੀ ਮਜ਼ਬੂਤੀ
1- ਕੇਂਦਰ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਸੂਬੇ ਵਿਚ ਨਿਤੀਸ਼ ਕੁਮਾਰ ਦਾ ਭਰੋਸੇਯੋਗ ਚਿਹਰਾ।
2- ਗਠਜੋੜ 'ਚ ਲੜਨ ਦਾ ਸਫਲ ਇਤਿਹਾਸ।
3- ਤਿੰਨ ਪਾਰਟੀਆਂ ਦਾ ਵੋਟ ਸ਼ੇਅਰ ਮਿਲਾ ਕੇ 50 ਫੀਸਦੀ ਤੋਂ ਵੱਧ।
4- ਭਾਜਪਾ ਦਾ ਵੋਟਰ ਨਿਤੀਸ਼ ਕੁਮਾਰ ਦੇ ਨਾਲ ਜੋੜ ਮਹਿਸੂਸ ਕਰਦਾ ਹੈ।
5- ਤਿੰਨਾਂ ਪਾਰਟੀਆਂ ਦਾ ਸੂਬੇ ਵਿਚ ਮਜ਼ਬੂਤ ਕੇਡਰ ਬੇਸ।
ਵਿਰੋਧੀ ਗਠਜੋੜ ਦੀ ਕਮਜ਼ੋਰੀ
1- ਰਾਜਦ ਨੂੰ ਛੱਡ ਕੇ ਕਿਸੇ ਪਾਰਟੀ ਦਾ ਮਜ਼ਬੂਤ ਕੇਡਰ ਨਹੀਂ।
2- ਸੀਟਾਂ ਨੂੰ ਅਲਾਟਮੈਂਟ ਨੂੰ ਲੈ ਕੇ ਖਿੱਚੋਤਾਣ।
3- ਗਠਜੋੜ ਦਾ ਅਕਸ ਮੌਕਾਪ੍ਰਸਤ ਆਗੂਆਂ ਦਾ ਬਣ ਰਿਹਾ ਹੈ।
4-ਸਹਿਯੋਗੀਆਂ ਦੀ ਸੀਟਾਂ 'ਤੇ ਕਾਂਗਰਸ ਤੇ ਰਾਜਦ ਦਾ ਫੋਕਸ ਨਹੀਂ ਬਣਿਆ।
10 ਕਮਜ਼ੋਰ ਸੀਟਾਂ 'ਤੇ ਵਿਰੋਧੀ ਧਿਰ ਦੀ ਨਜ਼ਰ
ਭਾਰਤੀ ਜਨਤਾ ਪਾਰਟੀ ਪਿਛਲੀਆਂ ਚੋਣਾਂ ਦੌਰਾਨ 22 ਸੀਟਾਂ 'ਤੇ ਜਿੱਤੀ ਸੀ ਅਤੇ ਇਨ੍ਹਾਂ ਵਿਚੋਂ 10 ਸੀਟਾਂ 'ਤੇ ਉਸਦੀ ਜਿੱਤ ਦਾ ਫਰਕ 10 ਫੀਸਦੀ ਤੋਂ ਘੱਟ ਸੀ। ਵਿਰੋਧੀ ਧਿਰ ਭਾਜਪਾ ਦੀਆਂ ਇਨ੍ਹਾਂ ਸੀਟਾਂ ਨੂੰ ਕਮਜ਼ੋਰ ਮੰਨ ਰਹੀ ਹੈ। ਇਸ ਲਈ ਵਿਰੋਧੀ ਧਿਰ ਦਾ ਫੋਕਸ ਇਨ੍ਹਾਂ ਸੀਟਾਂ 'ਤੇ ਜ਼ਿਆਦਾ ਰਹੇਗਾ।
ਭਾਜਪਾ ਦੀਆਂ ਕਮਜ਼ੋਰ ਸੀਟਾਂ
ਸੀਟ ਮਾਰਜਨ (% 'ਚ)
ਔਰੰਗਾਬਾਦ 8.63
ਬੇਗੁਸਰਾਏ 5.55
ਦਰਭੰਗਾ 4.34
ਝਾਂਝਰਪੁਰ 5.94
ਮਧੂਬਨੀ 2.44
ਮਹਾਰਾਜਗੰਜ 4.67
ਪਾਟਲੀਪੁੱਤਰ 4.14
ਸਾਰਨ 4.85
ਸਾਸਾਰਾਮ 7.7
ਉਜਿਆਰਪੁਰ 7.09
ਭਾਜਪਾ-ਜਦ (ਯੂ) ਦੇ ਰਿਸ਼ਤੇ ਦਾ ਇਤਿਹਾਸ
ਬਿਹਾਰ ਵਿਚ ਭਾਜਪਾ ਅਤੇ ਜਦ (ਯੂ) ਦਾ ਸਿਆਸੀ ਰਿਸ਼ਤਾ 1996 ਵਿਚ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀ। ਉਦੋਂ ਨਿਤੀਸ਼ ਕੁਮਾਰ ਦੀ ਸਮਤਾ ਪਾਰਟੀ ਨੇ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਸਮਰਥਨ ਦਿੱਤਾ ਸੀ, ਹਾਲਾਂਕਿ ਇਹ ਸਰਕਾਰ 13 ਦਿਨਾਂ ਵਿਚ ਡਿੱਗ ਗਈ ਸੀ ਪਰ ਇਸ ਸਮਰਥਨ ਦੇ ਨਾਲ ਬਿਹਾਰ ਵਿਚ ਸਿਆਸਤ ਦੀ ਇਕ ਨਵੀਂ ਸ਼ੁਰੂਆਤ ਹੋਈ ਸੀ।
1998 ਵਿਚ ਇਕ ਵਾਰ ਫਿਰ ਜਦੋਂ ਐੱਨ. ਡੀ. ਏ. ਨੇ ਆਮ ਚੋਣ ਜਿੱਤੀ ਤਾਂ ਉਸ ਨੂੰ ਸਮਤਾ ਪਾਰਟੀ ਦਾ ਸਮਰਥਨ ਮਿਲਿਆ ਪਰ 13 ਮਹੀਨਿਆਂ ਬਾਅਦ ਇਹ ਸਰਕਾਰ ਡਿੱਗਣ ਮਗਰੋਂ 1999 ਵਿਚ ਆਮ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਨਵੀਂ ਬਣੀ ਪਾਰਟੀ ਜਦ (ਯੂ) ਭਾਜਪਾ ਦੇ ਨਾਲ ਗਠਜੋੜ ਕਰ ਕੇ ਮੈਦਾਨ ਵਿਚ ਉਤਰੀ। ਉਸ ਵੇਲੇ ਇਸ ਗਠਜੋੜ ਨੇ ਸੰਯੁਕਤ ਬਿਹਾਰ ਦੀਆਂ 54 ਸੀਟਾਂ ਵਿਚੋਂ 41 ਸੀਟਾਂ 'ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਵਿਚੋਂ 23 ਭਾਜਪਾ ਤੇ 18 ਸੀਟਾਂ ਜਦ (ਯੂ) ਦੇ ਖਾਤੇ ਵਿਚ ਗਈਆਂ ਸੀ।
ਹਾਲਾਂਕਿ 2004 ਵਿਚ ਇਹ ਬਿਹਾਰ ਦੀਆਂ 40 ਸੀਟਾਂ ਵਿਚੋਂ 11 'ਤੇ ਸੁੰਘੜ ਗਿਆ ਸੀ ਪਰ 2009 ਵਿਚ ਇਸ ਗਠਜੋੜ ਨੇ ਫਿਰ ਵਾਪਸੀ ਸੀ ਅਤੇ ਬਿਹਾਰ ਵਿਚ 32 ਸੀਟਾਂ ਜਿੱਤ ਲਈਆਂ। ਇਨ੍ਹਾਂ ਵਿਚੋਂ 20 ਸੀਟਾਂ ਜਦ (ਯੂ) ਅਤੇ 12 ਸੀਟਾਂ ਭਾਜਪਾ ਨੇ ਜਿੱਤੀਆਂ। 2010 ਵਿਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਨਾਲ ਛਪੀ ਆਪਣੀ ਤਸਵੀਰ ਤੋਂ ਨਿਤੀਸ਼ ਇੰਨੇ ਉਖੜੇ ਕਿ ਆਖੀਰ ਉਨ੍ਹਾਂ ਨੇ ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਤੋੜ ਲਿਆ ਅਤੇ ਇਕੱਲਿਆਂ ਮੈਦਾਨ ਵਿਚ ਉਤਰੇ ਪਰ ਭਾਜਪਾ ਦੇ ਬਗੈਰ ਮੈਦਾਨ ਵਿਚ ਉਤਰਨ ਨਾਲ ਨਿਤੀਸ਼ ਨੂੰ ਨੁਕਸਾਨ ਹੋਇਆ ਅਤੇ ਜਦ (ਯੂ) 2 ਸੀਟਾਂ 'ਤੇ ਸੁੰਘੜ ਗਈ। ਇਸਦੇ ਬਾਅਦ ਨਿਤੀਸ਼ ਪਾਰਟੀ ਨੇ ਆਪਣੇ ਕੱਟੜ ਵਿਰੋਧੀ ਰਹੇ ਲਾਲੂ ਪ੍ਰਸਾਦ ਯਾਦਵ ਨਾਲ ਹੱਥ ਮਿਲਾਇਆ ਅਤੇ 2015 ਦੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜੀਆਂ। ਇਸ ਨਾਲ ਰਾਜਦ ਨੂੰ ਜ਼ਿਆਦਾ ਫਾਇਦਾ ਹੋਇਆ। ਹੁਣ ਇਕ ਵਾਰ ਫਿਰ ਨਿਤੀਸ਼ ਆਪਣੇ ਪੁਰਾਣੇ ਸਹਿਯੋਗੀ ਭਾਜਪਾ ਦੇ ਨਾਲ ਹਨ ਅਤੇ ਇਸ ਗਠਜੋੜ ਵਿਚ ਰਾਮ ਵਿਲਾਸ ਪਾਸਵਾਨ ਵੀ ਸ਼ਾਮਲ ਹਨ। ਪਿਛਲੀਆਂ ਚੋਣਾਂ ਵਿਚ ਇਨ੍ਹਾਂ ਤਿੰਨਾਂ ਦੀਆਂ ਕੁਲ ਵੋਟਾਂ ਮਿਲਾ ਕੇ 52 ਫੀਸਦੀ ਸਨ। ਇਸ ਲਈ ਕਾਗਜ਼ਾਂ 'ਤੇ ਇਹ ਗਠਜੋੜ ਮਜ਼ਬੂਤ ਨਜ਼ਰ ਆ ਰਿਹਾ ਹੈ।