ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਬੋਲੇ, ਕਾਂਗਰਸ ਖ਼ਤਮ, ਅਕਾਲੀ ਦਲ ਖ਼ਾਲੀ ਹੋ ਗਿਆ ਤੇ ਹੁਣ ਭਾਜਪਾ ਹੀ ਇਕੋ-ਇਕ ਬਦਲ
Sunday, Apr 30, 2023 - 12:28 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ)– ਜਲੰਧਰ ਲੋਕ ਸਭਾ ਜ਼ਿਮਨੀ ’ਤੇ ਸਿਆਸਤ ਕਾਫ਼ੀ ਗਰਮਾਈ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਦੀ ਜਿੱਤ ਲਈ ਜ਼ੋਰ ਲਾਇਆ ਜਾ ਰਿਹਾ ਹੈ। ਜਿੱਥੇ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਜੰਗ ਵਿਚ ਮੋਰਚਾ ਖੋਲ੍ਹਿਆ ਹੋਇਆ ਹੈ, ਉੱਥੇ ਹੀ ਸਭ ਤੋਂ ਵੱਡਾ ਵੱਕਾਰ ਦਾ ਸਵਾਲ ਸੱਤਾਧਾਰੀ ਪਾਰਟੀ ’ਤੇ ਬਣਿਆ ਹੋਇਆ ਹੈ ਕਿ ਇਸ ਚੋਣ ਨੂੰ ਕਿਵੇਂ ਜਿੱਤਿਆ ਜਾਵੇ। ਵਰਣਨਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਵੱਖ-ਵੱਖ ਹੋ ਕੇ ਚੋਣ ਲੜ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰਾਂ ’ਚ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਪਿੰਡਾਂ ’ਚ ਭਾਜਪਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਭਾਜਪਾ ਦੀ ਇਸ ਚੋਣ ਨੂੰ ਜਿੱਤਣ ਦੀ ਤਿਆਰੀ ਕਿਹੋ ਜਿਹੀ ਹੈ? ਭਾਜਪਾ ਦੇ ਨੇਤਾ ਕਹਿੰਦੇ ਹਨ ਕਿ 2024 ਦੀਆਂ ਚੋਣਾਂ ਦਾ ਮੋਰਚਾ ਅਸੀਂ ਇਸ ਜ਼ਿਮਨੀ ਚੋਣ ਤੋਂ ਖੋਲ੍ਹਣਾ ਹੈ। ਚੋਣ ਸਬੰਧੀ ਭਾਜਪਾ ਦੀ ਕੀ ਤਿਆਰੀ ਹੈ ਅਤੇ ਭਾਜਪਾ ਇਸ ਚੋਣ ਨੂੰ ਕਿਸ ਨਜ਼ਰੀਏ ਨਾਲ ਵੇਖਦੀ ਹੈ, ਇਸ ਸਬੰਧੀ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਭਾਜਪਾ ਦੇ ਕੌਮੀ ਬੁਲਾਰੇ ਅਤੇ ਸੁਪਰੀਮ ਕੋਰਟ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਚੋਣ ਮੌਸਮ ਅਤੇ ਹਵਾ ਦਾ ਰੁਖ਼ ਭਾਜਪਾ ਦੇ ਹੱਕ ਵਿਚ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ 14 ਮਹੀਨਿਆਂ ਦਾ ਰਿਪੋਰਟ ਕਾਰਡ ਲਾਲ ਲਕੀਰਾਂ ਨਾਲ ਭਰਿਆ ਪਿਆ ਹੈ ਅਤੇ ਅਕਾਲੀ ਦਲ ਖਾਲੀ ਹੋ ਚੁੱਕਾ ਹੈ ਤੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਭਾਜਪਾ ਹੀ ਪੰਜਾਬ ’ਚ ਆਖਰੀ ਬਦਲ ਹੈ। ਪੰਜਾਬ ਨੇ ਅਜੇ ਭਾਜਪਾ ਨੂੰ ਇਨਸਾਫ ਦੇ ਤਰਾਜ਼ੂ ’ਚ ਨਹੀਂ ਤੋਲਿਆ। ਸਾਨੂੰ ਉਮੀਦ ਹੈ ਕਿ 13 ਮਈ ਨੂੰ ਜੋ ਨਤੀਜਾ ਆਏਗਾ, ਉਹ ਭਾਜਪਾ ਦੇ ਹੱਕ ਵਿਚ ਹੀ ਹੋਵੇਗਾ।
ਇਹ ਵੀ ਪੜ੍ਹੋ : ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼
ਆਮ ਆਦਮੀ ਪਾਰਟੀ ਨੇ ਲੋਕਾਂ ਦੀ ਪਿੱਠ ’ਚ ਧੋਖੇ ਦਾ ਛੁਰਾ ਮਾਰਿਆ
ਇਸ ਦੇ ਕੁਝ ਮੁੱਖ ਕਾਰਨ ਇਹ ਹਨ ਕਿ ਪਹਿਲੀ ਗੱਲ ਇਹ ਹੈ ਕਿ ਆਮ ਆਦਮੀ ਦੀ ਸ਼ਾਬਾਸ਼ੀ ਦੀ ਥਾਪੀ ਅਤੇ ਧੋਖੇ ਦਾ ਛੁਰਾ ਦੋਵੇਂ ਹੀ ਪਿੱਠ ’ਤੇ ਪੈਂਦੇ ਹਨ। ਵੋਟਰਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸ਼ਾਬਾਸ਼ੀ ਦੀ ਥਾਪੀ ਦਿੱਤੀ ਪਰ ਇਸ ਪਾਰਟੀ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ’ਚ ਲੋਕਾਂ ਨਾਲ ਸਿਰਫ ਧੋਖਾ ਹੀ ਕੀਤਾ ਹੈ ਮਤਲਬ ਪਾਰਟੀ ਨੇ ਲੋਕਾਂ ਦੀ ਪਿੱਠ ’ਚ ਧੋਖੇ ਦਾ ਛੁਰਾ ਮਾਰਿਆ ਹੈ। ਇਕ ਸ਼ੇਅਰ ’ਚ ਸ਼ੇਰਗਿੱਲ ਨੇ ਕਿਹਾ–
ਕਹਾਂ ਤੋ ਤੈਅ ਥਾ ਹਰ ਘਰ ਕੇ ਲੀਏ ਚਿਰਾਗ।
ਆਜ ਰੌਸ਼ਨੀ ਮਯੱਸਰ ਨਹੀਂ ਪੂਰੇ ਸ਼ਹਿਰ ਕੇ ਲੀਏ।।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਾਅਦਾ ਨੌਕਰੀਆਂ ਦੇਣ ਦਾ ਸੀ, ਹਰ ਨੌਜਵਾਨ ਖੁਸ਼ ਹੋਵੇਗਾ ਪਰ ਹੋਇਆ ਕੀ 11 ਸਾਲਾ ਬੱਚੀ ਨਾਲ ਪਟਿਆਲਾ ’ਚ ਰੇਪ। ਕਬੱਡੀ ਖਿਡਾਰੀ ਸੰਦੀਪ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਤਕ ਇਨਸਾਫ ਮੰਗ ਰਹੇ ਹਨ।
ਇਹ ਵੀ ਪੜ੍ਹੋ :ਜਲੰਧਰ: ਸ਼ਾਪਿੰਗ ਮਾਲ ’ਚ ਖੁੱਲ੍ਹੇ ਸਪਾ ਸੈਂਟਰ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਜਿਸਮਫਰੋਸ਼ੀ ਦਾ ਧੰਦਾ
ਜਲੰਧਰ ’ਚ ਸਪੋਰਟਸ ਯੂਨੀਵਰਸਿਟੀ ਬਣਨੀ ਤਾਂ ਦੂਰ, ਯੂਨੀਵਰਸਿਟੀ ਦੇ ਨਾਂ ’ਤੇ ਇੱਟ ਤਕ ਨਹੀਂ ਲੱਗੀ
ਸ਼ੇਰਗਿੱਲ ਨੇ ਕਿਹਾ ਕਿ ਜਲੰਧਰ ’ਚ ਆ ਕੇ ਅਰਵਿੰਦ ਕੇਜਰੀਵਾਲ ਨੇ ਛਾਤੀ ਠੋਕ ਕੇ ਸਪੋਰਟਸ ਯੂਨੀਵਰਸਿਟੀ ਦੇਣ ਦਾ ਵਾਅਦਾ ਕੀਤਾ ਸੀ। ਦੂਜਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਕਿਸੇ ਦਲਿਤ ਨੂੰ ਉਪ-ਮੁੱਖ ਮੰਤਰੀ ਬਣਾਉਣ ਦਾ ਕੀਤਾ ਸੀ।
ਤੀਜੀ ਗੱਲ ਕਹੀ ਸੀ ਕਿ ਅਸੀਂ ਨਸ਼ਾ ਸਮੱਗਲਿੰਗ ’ਚ ਸ਼ਾਮਲ ਵੱਡੀਆਂ-ਵੱਡੀਆਂ ਮੱਛੀਆਂ ਫੜਾਂਗੇ। ਸਪੋਰਟਸ ਯੂਨੀਵਰਸਿਟੀ ਬਣਨੀ ਤਾਂ ਦੂਰ ਦੀ ਗੱਲ, ਯੂਨੀਵਰਸਿਟੀ ਦੇ ਨਾਂ ’ਤੇ ਇਕ ਇੱਟ ਤਕ ਨਹੀਂ ਰੱਖੀ ਗਈ। ਦੂਜੀ ਗੱਲ ਮੱਛੀਆਂ ਤਾਂ ਦੂਰ, ਮੱਛਰ ਤਕ ਨਹੀਂ ਫੜਿਆ ਗਿਆ। ਸੁਪਰੀਮ ਕੋਰਟ ਤਕ ਆਮ ਆਦਮੀ ਪਾਰਟੀ ਨੂੰ ਕਹਿ ਚੁੱਕੀ ਹੈ ਕਿ ‘ਆਪ’ ਸਰਕਾਰ ਨਸ਼ਿਆਂ ਦੇ ਮੁੱਦੇ ’ਤੇ ਗੰਭੀਰ ਨਹੀਂ ਹੈ। 200 ਤੋਂ ਵੱਧ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀਆਂ ਹਨ।
ਭਾਜਪਾ ਵਿਕਾਸ ਦੇ ਮਾਡਲ ’ਤੇ ਚੋਣ ਲੜ ਰਹੀ ਹੈ
ਜਦੋਂ ਭਾਜਪਾ ਦੇ ਬੁਲਾਰੇ ਨੂੰ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਲਾਲ ਲਕੀਰਾਂ ਨਾਲ ਭਰਿਆ ਪਿਆ ਹੈ ਤਾਂ ਕੀ ਤੁਸੀਂ ਇਸ ਰਿਪੋਰਟ ਕਾਰਡ ਦੇ ਆਧਾਰ ’ਤੇ ਜਿੱਤਣਾ ਚਾਹੁੰਦੇ ਹੋ ਜਾਂ ਭਾਜਪਾ ਦਾ ਆਪਣਾ ਵੀ ਕੋਈ ਰੋਡ ਮੈਪ ਹੈ। ਇਸ ’ਤੇ ਬੁਲਾਰੇ ਸ਼ੇਰਗਿੱਲ ਨੇ ਕਿਹਾ ਕਿ ਅੱਜ ਪੰਜਾਬ ਦਾ ਉਦਯੋਗਪਤੀ ਉੱਤਰ ਪ੍ਰਦੇਸ਼ ’ਚ ਜਾ ਕੇ ਮੁੱਖ ਮੰਤਰੀ ਆਦਿੱਤਿਆਨਾਥ ਨਾਲ ਗੱਲ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਮੁਕਾਬਲੇ ਉੱਤਰ ਪ੍ਰਦੇਸ਼ ’ਚ ਲਾਅ ਐਂਡ ਆਰਡਰ ਦੀ ਸਥਿਤੀ ਬਿਹਤਰ ਹੈ। ਉੱਥੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਿਹਤਰ ਹਨ ਅਤੇ ਅਸੀਂ ਉਨ੍ਹਾਂ ਯੋਜਨਾਵਾਂ ਦੇ ਆਧਾਰ ’ਤੇ ਚੋਣ ਲੜ ਰਹੇ ਹਾਂ। ਉਨਾਂ ਕਿਹਾ ਕਿ ਦਿੱਲੀ ਤੋਂ ਨਕੋਦਰ ਤਕ ਇਕ ਐਕਸਪ੍ਰੈੱਸ-ਵੇਅ ਆਇਆ ਹੈ, ਜਿਸ ਉੱਪਰ ਹਜ਼ਾਰਾਂ ਕਰੋੜ ਰੁਪਏ ਖਰਚ ਹੋ ਰਹੇ ਹਨ। ਲਗਭਗ 50 ਹਜ਼ਾਰ ਕਰੋੜ ਤੋਂ ਵੱਧ ਦਾ ਖਰਚਾ ਆਏਗਾ। ਉਹ ਇਕੱਲੀ ਸੜਕ ਨਹੀਂ ਬਣ ਰਹੀ, ਸਗੋਂ ਦਿੱਲੀ ਤੋਂ ਚੱਲ ਕੇ ਵਿਕਾਸ ਦਾ ਮਾਡਲ ਜਲੰਧਰ ਆ ਰਿਹਾ ਹੈ ਅਤੇ ਭਾਜਪਾ ਇਸੇ ਵਿਕਾਸ ਦੇ ਮਾਡਲ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੁਲਸ ਨਾਕਾ ਲਾ ਦਿੰਦੀ ਹੈ, ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਕਾ ਲਾਇਆ ਹੋਇਆ ਹੈ ਅਤੇ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਵਾਸੀਆਂ ਤਕ ਪਹੁੰਚਣ ਹੀ ਨਹੀਂ ਦੇ ਰਹੇ। ਅਸੀਂ ਉਹ ਨਾਕਾ ਹਟਾਉਣਾ ਹੈ।
‘ਆਪ’ ਨੇ ਕਿਸੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਉੱਪ-ਮੁੱਖ ਮੰਤਰੀ ਕਿਉਂ ਨਹੀਂ ਬਣਾਇਆ?
ਪੰਜਾਬ ਖ਼ਾਸ ਤੌਰ ’ਤੇ ਜਲੰਧਰ ਦੇ ਵੋਟਰ ਤੁਹਾਨੂੰ ਵੋਟ ਕਿਉਂ ਪਾਉਣ? ਜਲੰਧਰ ’ਚ ਐੱਸ. ਸੀ. ਵਰਗ ਵੀ ਬੈਠਾ ਹੈ ਅਤੇ ਵਪਾਰੀ ਵਰਗ ਵੀ ਅਤੇ ਖੇਤੀਬਾੜੀ ਨਾਲ ਸਬੰਧਤ ਵਰਗ ਵੀ ਬੈਠਾ ਹੈ। ਭਾਜਪਾ ਦੀ ਜਲੰਧਰ ਨੂੰ ਕੀ ਦੇਣ ਹੈ ਕਿ ਜਲੰਧਰ ਦੇ ਲੋਕ ਪ੍ਰਭਾਵਿਤ ਹੋ ਕੇ ਭਾਜਪਾ ਨੂੰ ਵੋਟ ਪਾਉਣ? ਇਸ ’ਤੇ ਬੁਲਾਰੇ ਨੇ ਕਿਹਾ ਕਿ ਪਹਿਲੀ ਗੱਲ ਨੁਮਾਇੰਦਗੀ ਨੂੰ ਲੈ ਕੇ ਹੈ। ਆਮ ਆਦਮੀ ਪਾਰਟੀ ਨੇ ਕਿਸੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਉਪ-ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਸੀ ਪਰ ਕਿਉਂ ਨਹੀਂ ਬਣਾਇਆ? ਦੂਜੇ ਪਾਸੇ ਕੇਂਦਰ ’ਚ ਭਾਜਪਾ ਦੀ ਸਰਕਾਰ ’ਚ 27 ਓ. ਬੀ. ਸੀ. ਮੰਤਰੀ ਹਨ। ਦੇਸ਼ ਵਿਚ ਹੁਣੇ ਜਿਹੇ ਬਣੇ 10 ਰਾਜਪਾਲਾਂ ਵਿਚ 7 ਦੇ ਲਗਭਗ ਓ. ਬੀ. ਸੀ. ਤੇ ਦਲਿਤ ਵਰਗ ਤੋਂ ਹਨ। ਦੂਜੀ ਗੱਲ ਐੱਮ. ਐੱਸ. ਐੱਮ. ਈ. ਮੁਦਰਾ ਲੋਨ ਯੋਜਨਾ 2014 ਤੋਂ 2022 ਤਕ ਤਿੰਨ ਗੁਣਾ ਹੋਈ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਢੇ 3 ਕਰੋੜ ਘਰ ਬਣੇ, ਜਿਸ ਵਿਚ ਪੰਜਾਬ ਵਿਚ ਵੀ ਵੱਡੇ ਪੱਧਰ ’ਤੇ ਯੋਜਨਾ ਤਹਿਤ ਘਰ ਬਣੇ ਹਨ। ਆਟੋ ਮੋਬਾਇਲ ’ਚ ਅਸੀਂ ਜਾਪਾਨ ਨੂੰ ਪਿੱਛੇ ਛੱਡ ਚੁੱਕੇ ਹਾਂ।
ਇਹ ਵੀ ਪੜ੍ਹੋ : ਪੰਜਾਬ ’ਚ ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨ
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਹੈ ਕਿ ਭਾਜਪਾ ਦੇਸ਼ ’ਤੇ ਡਿਕਟੇਟਰਸ਼ਿਪ ਕਰ ਰਹੀ ਹੈ। ਮਾਨ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਸੀ? ਉਹ ਲੋਕਤੰਤਰੀ ਢੰਗ ਨਾਲ ਕੰਮ ਕਰ ਰਿਹਾ ਸੀ ਅਤੇ ਜੇ ਉਹ ਗਲਤ ਕੰਮ ਕਰ ਰਿਹਾ ਸੀ ਤਾਂ ਪਹਿਲਾਂ ਕੀ ਸੁੱਤੇ ਰਹੇ? ਇਸ ’ਤੇ ਸ਼ੇਰਗਿੱਲ ਨੇ ਕਿਹਾ ਕਿ ਮਾਨ ਸਾਹਿਬ ਇਕ ਸੀਨੀਅਰ ਨੇਤਾ ਹਨ। ਉਨ੍ਹਾਂ ’ਤੇ ਟਿੱਪਣੀ ਕਰਨਾ ਗਲਤ ਹੋਵੇਗਾ ਪਰ ਇਕ ਗੱਲ ਜ਼ਰੂਰ ਕਹਾਂਗਾ ਕਿ ਜੇ ਭਾਜਪਾ ਡਿਕਟੇਟਰ ਹੈ ਤਾਂ ਫਿਰ ਮਾਨ ਮੈਂਬਰ ਪਾਰਲੀਮੈਂਟ ਦਾ ਸਵਾਦ ਕਿਉਂ ਲੈ ਰਹੇ ਹਨ? ਜੇ ਇਹ ਕਹਿਣਾ ਹੈ ਕਿ ਭਾਰਤ ’ਚ ਲੋਕ ਦੁਖੀ ਹਨ ਤਾਂ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ, ਫਿਰ ਤਾਂ ਮਾਨ ਨੂੰ ਵੀ ਚਲੇ ਜਾਣਾ ਚਾਹੀਦਾ ਹੈ। ਦੂਜੇ ਪਾਸੇ ਕਿਹੜੀ ਦੁਨੀਆ ਦੀ ਡਿਕਟੇਟਰਸ਼ਿਪ ਹੈ ਕਿ ਤੁਸੀਂ ਟੀ. ਵੀ.’ਤੇ ਬੈਠ ਕੇ ਕਹੋ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਸੀ। ਕਿਹੜੇ ਦੇਸ਼ ਦੀ ਲੀਡਰਸ਼ਿਪ ਇਕ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੂੰ 3500 ਕਿਲੋਮੀਟਰ ਦਾ ਸਫਰ ਕਰਨ ਦਿੰਦੀ ਹੈ, ਉਹ ਵੀ ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਦੇ ਹੋਏ?
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ’ਤੇ ਜੋ ਵੀ ਕਾਰਵਾਈ ਹੋਈ ਹੈ, ਉਹ ਕਾਨੂੰਨ ਤੋੜਨ ’ਤੇ ਹੋਈ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਗ੍ਰਹਿ ਮੰਤਰੀ ਨੇ ਖੁਦ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਸਲੇ ’ਤੇ ਚੰਗਾ ਕੰਮ ਕਰ ਰਹੀ ਹੈ। ਕਾਂਗਰਸ ਸਮੇਤ ਹਰੇਕ ਸਿਆਸੀ ਪਾਰਟੀ ਨੇ ਇਸ ਮਸਲੇ ’ਤੇ ਸਿਆਸੀ ਰੋਟੀਆਂ ਸੇਕੀਆਂ ਹਨ ਪਰ ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੱਤ ਲਈ ਅਤੇ ਇਕ ਹੋਰ ਬਾਰਡਰ ਸਟੇਟ ਦੇ ਹਿੱਤ ਲਈ ਅਸੀਂ ਇਸ ’ਤੇ ਕੋਈ ਸਿਆਸਤ ਨਹੀਂ ਕਰਾਂਗੇ। ਲਾਅ ਐਂਡ ਆਰਡਰ ਆਪਣਾ ਕੰਮ ਕਰੇ, ਇੱਥੇ ਲੋੜ ਹੋਵੇਗੀ ਤਾਂ ਕੇਂਦਰ ਸਰਕਾਰ ਹਰ ਮਦਦ ਦੇਵੇਗੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰੀਆਂ 'ਤੇ ਨਕੇਲ ਕੱਸਣ ਲਈ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ