ਅਹਿਮ ਖ਼ਬਰ : ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਰੈਲੀ ਮਗਰੋਂ ਹੁਣ ਨਸ਼ਾ-ਮੁਕਤੀ ਯਾਤਰਾ ਵੀ ਮੁਲਤਵੀ

Monday, Mar 20, 2023 - 09:35 AM (IST)

ਅਹਿਮ ਖ਼ਬਰ : ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਰੈਲੀ ਮਗਰੋਂ ਹੁਣ ਨਸ਼ਾ-ਮੁਕਤੀ ਯਾਤਰਾ ਵੀ ਮੁਲਤਵੀ

ਜਲੰਧਰ (ਗੁਲਸ਼ਨ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨਵਰੀ 'ਚ ਪੰਜਾਬ ਰੈਲੀ ਰੱਦ ਹੋਣ ਤੋਂ ਬਾਅਦ ਹੁਣ ਮਾਰਚ 'ਚ ਸੰਭਾਵਿਤ ਨਸ਼ਿਆਂ ਖ਼ਿਲਾਫ਼ ਕੱਢੀ ਜਾਣ ਵਾਲੀ ਸੂਬਾ ਪੱਧਰੀ ਨਸ਼ਾ-ਮੁਕਤੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਨਸ਼ਾ-ਮੁਕਤੀ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਜਾਣੀ ਸੀ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਸਾਹਨੇਵਾਲ 'ਚ ਗੁਰੂ ਗੋਬਿੰਦ ਸਿੰਘ ਮਾਰਗ ਦਾ ਗੇਟ ਟੁੱਟਣ 'ਤੇ SGPC ਨਾਰਾਜ਼, ਜਾਣੋ ਕੀ ਹੈ ਪੂਰਾ ਮਾਮਲਾ

ਨਸ਼ਾ-ਮੁਕਤੀ ਯਾਤਰਾ ਨੂੰ ਲੈ ਕੇ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੂਪਾਣੀ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ਅਤੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਨਾ ਸਮੇਤ ਪ੍ਰਮੁੱਖ ਆਗੂਆਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮਾਰਚ ਮਹੀਨੇ 'ਚ ਹੀ ਇਹ ਯਾਤਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ। ਸਿਰਫ਼ ਤਾਰੀਖ਼ ਦਾ ਐਲਾਨ ਹੋਣਾ ਬਾਕੀ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਨਸ਼ਾ-ਮੁਕਤੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪਿੱਛੇ ਅੰਮ੍ਰਿਤਪਾਲ ਦਾ ਮੁੱਦਾ ਵੀ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਇਸ ਸਮੇਂ ਠੀਕ ਨਹੀਂ ਹੈ। ਅਜਨਾਲਾ ਕਾਂਡ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ’ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : 'ਅੰਮ੍ਰਿਤਪਾਲ' ਦੀ ਗ੍ਰਿਫ਼ਤਾਰੀ 'ਤੇ ਭਖਿਆ ਪੰਜਾਬ ਦਾ ਮਾਹੌਲ, ਹੁਣ ਰਾਜਾ ਵੜਿੰਗ ਬੋਲੇ-ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹੁੰਦੇ'

ਇਸ ਵੇਲੇ ਪੰਜਾਬ ਸਰਕਾਰ, ਪੁਲਸ ਪ੍ਰਸ਼ਾਸਨ ਅਤੇ ਜਨਤਾ ਦਾ ਸਾਰਾ ਧਿਆਨ ਇਸ ਭਖਦੇ ਮਸਲੇ ਵੱਲ ਹੈ। ਭਾਜਪਾ ਜਲੰਧਰ 'ਚ ਹੋਣ ਵਾਲੀਆਂ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਦੇ ਇਸ ਵੱਡੇ ਪ੍ਰੋਗਰਾਮ ਦਾ ਆਯੋਜਨ ਕਰਨਾ ਚਾਹੁੰਦੀ ਸੀ ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਇਸ ਸਬੰਧੀ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਦਾ ਕਹਿਣਾ ਹੈ ਕਿ ਨਸ਼ਾ-ਮੁਕਤੀ ਯਾਤਰਾ ਲਈ ਸੂਬਾਈ ਟੀਮ ਵੱਲੋਂ ਇਕ ਰੋਡਮੈਪ ਤਿਆਰ ਕੀਤਾ ਗਿਆ ਸੀ, ਜਿਸ ਨੂੰ ਮਨਜ਼ੂਰੀ ਲਈ ਕੇਂਦਰ ਨੂੰ ਭੇਜਿਆ ਗਿਆ ਸੀ। ਫਿਲਹਾਲ ਇਸ ਦੀ ਮਨਜ਼ੂਰੀ ਨਹੀਂ ਆਈ ਹੈ। ਕੇਂਦਰੀ ਗ੍ਰਹਿ ਮੰਤਰੀ ਤੋਂ ਸਮਾਂ ਮਿਲਣ ਤੋਂ ਬਾਅਦ ਹੀ ਯਾਤਰਾ ਸਬੰਧੀ ਤਿਆਰੀ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News