ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਉਤਾਰ ਸਕਦੀ ਹੈ ਹਿੰਦੂ ਚਿਹਰਾ

Sunday, Mar 03, 2024 - 08:41 AM (IST)

ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਉਤਾਰ ਸਕਦੀ ਹੈ ਹਿੰਦੂ ਚਿਹਰਾ

ਲੁਧਿਆਣਾ (ਗੁਪਤਾ) : ਦੇਸ਼ 'ਚ ਲੋਕ ਸਭਾ ਚੋਣਾਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ। ਚੋਣ ਕਮਿਸ਼ਨ ਕਦੇ ਵੀ ਆਮ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਇਸ ਵਾਰ ਪੰਜਾਬ 'ਚ ਭਾਜਪਾ ਦਾ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਹੈ। ਅਜਿਹੇ ਮੌਕੇ ਭਾਜਪਾ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ 'ਚ ਹੈ। ਲੁਧਿਆਣਾ ਲੋਕ ਸਭਾ ਚੋਣ ਖੇਤਰ ਪੰਜਾਬ ਦਾ ਮੁੱਖ ਉਦਯੋਗਿਕ ਸ਼ਹਿਰ ਹੈ ਅਤੇ ਹਿੰਦੂ ਧਰਮ ਦੀ ਵੱਡੀ ਆਬਾਦੀ ਇੱਥੇ ਰਹਿੰਦੀ ਹੈ। ਇਸ ਸੀਟ ’ਤੇ ਇਸ ਵਾਰ ਭਾਜਪਾ ਕਿਸੇ ਉੱਘੇ ਹਿੰਦੂ ਚਿਹਰੇ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ।
ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦੀ ਚੱਲ ਰਹੀ ਚਰਚਾ
ਮੁੱਖ ਤੌਰ ’ਤੇ ਜਤਿੰਦਰ ਮਿੱਤਲ, ਗੁਰਦੇਵ ਸ਼ਰਮਾ ਦੇਬੀ, ਰਜਨੀਸ਼ ਧੀਮਾਨ, ਜੀਵਨ ਗੁਪਤਾ, ਅਨਿਲ ਸਰੀਨ, ਅਰਵਿੰਦ ਖੰਨਾ, ਪ੍ਰਵੀਨ ਬਾਂਸਲ, ਪਵਨ ਪਾਠਕ, ਅਰੁਣੇਸ਼ ਮਿਸ਼ਰਾ, ਸਤੀਸ਼ ਮਲਹੋਤਰਾ, ਐੱਸ.ਐੱਸ.ਚੰਨੀ, ਕੇਵਲ ਸਿੰਘ ਢਿੱਲੋਂ, ਐਡਵੋਕੇਟ ਵਿਕਰਮ ਸਿੰਘ ਸਿੱਧੂ, ਸੁਖਵਿੰਦਰ ਸਿੰਘ ਬਿੰਦਰਾ, ਪਰਮਿੰਦਰ ਬਰਾੜ, ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ਵਿਚ 10 ਹਿੰਦੂ ਉਮੀਦਵਾਰ ਹਨ, ਜਦ ਕਿ 6 ਸਿੱਖ ਉਮੀਦਵਾਰ ਵੀ ਲਾਈਨ 'ਚ ਹਨ।

ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਮਾਮਲੇ 'ਚ ਵੱਡੀ Update, ਆਇਆ ਅਦਾਲਤ ਦਾ ਫ਼ੈਸਲਾ
ਕਿਉਂ ਚੱਲ ਰਹੀ ਹਿੰਦੂ ਉਮੀਦਵਾਰ ਦੇ ਨਾਂ ਦੀ ਚਰਚਾ
ਅਯੁੱਧਿਆ 'ਚ ਸ਼ਾਨਦਾਰ ਸ਼੍ਰੀ ਰਾਮ ਮੰਦਰ ਦੀ ਉਸਾਰੀ ਉਪਰੰਤ ਹਿੰਦੂਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਦ ਬਹੁਤ ਵੱਧ ਗਿਆ ਹੈ। ਰਾਮ ਮੰਦਰ ਦੀ ਉਸਾਰੀ ਤੋਂ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਹਰ ਹਿੰਦੂ ਦੀ ਅੱਖ ਦਾ ਤਾਰਾ ਬਣ ਚੁੱਕੇ ਹਨ। ਲੁਧਿਆਣਾ ’ਚ ਹਿੰਦੂਆਂ ਦੀ ਵੱਡੀ ਗਿਣਤੀ ਹੈ। ਇਸ ਲਈ ਪਾਰਟੀ ਦੇ ਸੀਨੀਅਰ ਹਿੰਦੂ ਨੇਤਾਵਾਂ ਨੂੰ ਲੱਗਦਾ ਹੈ ਕਿ ਇਸ ਸੀਟ ’ਤੇ ਆਸਾਨੀ ਨਾਲ ਵੱਡੀ ਜਿੱਤ ਹਾਸਲ ਹੋਵੇਗੀ। ਲੁਧਿਆਣਾ ਲੋਕ ਸਭਾ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿਚ ਲੁਧਿਆਣਾ ਪੂਰਬੀ, ਪੱਛਮੀ, ਸੈਂਟ੍ਰਲ, ਉੱਤਰੀ, ਸਾਊਥ, ਆਤਮ ਨਗਰ ਸੀਟਾਂ ਸ਼ਹਿਰੀ ਇਲਾਕਿਆਂ ਵਿਚ ਪੈਂਦੀਆਂ ਹਨ, ਜੋ ਹਿੰਦੂਆਂ ਦੀ ਵੱਡੀ ਗਿਣਤੀ ਵਾਲੇ ਇਲਾਕੇ ਸਮਝੇ ਜਾਂਦੇ ਹਨ। ਲੁਧਿਆਣਾ ਵਿਚ ਜਗਰਾਓਂ ਵਿਧਾਨ ਸਭਾ ਸੀਟ ਵੀ 50 ਫੀਸਦੀ ਹਿੰਦੂ ਆਬਾਦੀ ਵਾਲੀ ਸੀਟ ਹੈ। ਗਿੱਲ ਅਤੇ ਦਾਖਾ ਹਲਕੇ ਵਿਚ ਵੀ ਕਾਫੀ ਇਲਾਕਾ ਸ਼ਹਿਰੀ ਵੋਟਰਾਂ ਦਾ ਹੈ।

ਇਹ ਵੀ ਪੜ੍ਹੋ : ਰਾਜਪਾਲ ਨੇ ਹਜ਼ਾਰਾਂ ਪੁਲਸ ਮੁਲਾਜ਼ਮਾਂ ਨੂੰ ਕੀਤਾ ਖ਼ੁਸ਼, ਭੱਤਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਪਾਰਟੀ ਬਾਰੀਕੀ ਨਾਲ ਕਰਵਾ ਰਹੀ ਸਰਵੇ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਵੱਲੋਂ ਕਿਸੇ ਹਰਮਨ ਪਿਆਰੇ ਅਤੇ ਤਜ਼ਰਬੇਕਾਰ ਨੇਤਾ ਨੂੰ ਹੀ ਲੁਧਿਆਣਾ ਲੋਕ ਸਭਾ ਸੀਟ ਤੋਂ ਲੜਾਉਣ ਲਈ ਗੰਭੀਰਤਾ ਨਾਲ ਸਰਵੇ ਕਰਵਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਜੋ ਨੇਤਾ ਸੀਟ ਮੰਗ ਰਹੇ ਹਨ, ਉਨ੍ਹਾਂ ਵਿਚ ਗੁਰਦੇਵ ਸ਼ਰਮਾ ਦੇਬੀ, ਐਡਵੋਕੇਟ ਵਿਕਰਮ ਸਿੱਧੂ, ਪ੍ਰਵੀਨ ਬਾਂਸਲ ਆਦਿ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੋਣਾਂ ਦੀ ਸਿਆਸਤ ਦੀ ਜਾਣਕਾਰੀ ਹੈ, ਜਦ ਕਿ ਪਾਰਟੀ ਦੇ ਬੇਹੱਦ ਪੁਰਾਣੇ ਵਰਕਰ ਜਤਿੰਦਰ ਮਿੱਤਲ, ਜੋ ਸਾਬਕਾ ਲੁਧਿਆਣਾ ਭਾਜਪਾ ਪ੍ਰਧਾਨ ਰਹੇ ਹਨ ਅਤੇ ਮੌਜੂਦਾ ਸਮੇਂ ਵਿਚ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਹਨ ਅਤੇ ਆਰ.ਐੱਸ.ਐੱਸ. ਦੇ ਵਰਕਰ ਵੀ ਹਨ, ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਕਈ ਉਮੀਦਵਾਰਾਂ ਨੂੰ ਚੋਣ ਲੜਵਾ ਚੁੱਕੇ ਹਨ। ਉਨ੍ਹਾਂ ਨੂੰ ਵੀ ਚੋਣਾਂ ਦੀ ਸਿਆਸਤ ਦਾ ਡੂੰਘਾ ਤਜ਼ੁਰਬਾ ਹੈ। ਇਸੇ ਤਰ੍ਹਾਂ ਲੁਧਿਆਣਾ ਭਾਜਪਾ ਦੇ ਪ੍ਰਧਾਨ ਰਜਨੀਸ਼ ਧੀਮਾਨ ਵੀ ਇਕ ਮਜ਼ਬੂਤ ਉਮੀਦਵਾਰ ਹਨ, ਜੋ ਓ. ਬੀ. ਸੀ. ਚਿਹਰਾ ਹਨ ਅਤੇ ਵੱਖ-ਵੱਖ ਵਿਧਾਨ ਸਭਾ ਚੋਣਾਂ ਵਿਚ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਜੀਵਨ ਗੁਪਤਾ ਜੋ ਪ੍ਰਦੇਸ਼ ਜ. ਸੈਕਟਰੀ ਦੇ ਮਹੱਤਵਪੂਰਨ ਅਹੁਦੇ ’ਤੇ ਰਹੇ ਹਨ ਅਤੇ ਕੋਰ ਕਮੇਟੀ ਦੇ ਮੈਂਬਰ ਹਨ, ਉਹ ਵੀ ਉਮੀਦਵਾਰ ਹਨ। ਇਨ੍ਹਾਂ ਵਿਚੋਂ ਪਾਰਟੀ ਕਿਸੇ ਇਕ ਨੂੰ ਲੋਕ ਸਭਾ ਚੋਣਾਂ ਵਿਚ ਉਤਾਰ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News