ਲੋਕ ਸਭਾ ਚੋਣਾਂ ’ਚ ਵੱਡੀ ਗਿਣਤੀ ’ਚ ਵੋਟਾਂ ਹਾਸਲ ਕਰਨ ਵਾਲੀ BJP ਉਪ-ਚੋਣਾਂ ’ਚ ਸਾਬਤ ਹੋਈ ਫਾਡੀ

Sunday, Jul 14, 2024 - 02:10 AM (IST)

ਲੋਕ ਸਭਾ ਚੋਣਾਂ ’ਚ ਵੱਡੀ ਗਿਣਤੀ ’ਚ ਵੋਟਾਂ ਹਾਸਲ ਕਰਨ ਵਾਲੀ BJP ਉਪ-ਚੋਣਾਂ ’ਚ ਸਾਬਤ ਹੋਈ ਫਾਡੀ

ਜਲੰਧਰ, (ਗੁਲਸ਼ਨ)- ਜਲੰਧਰ ਲੋਕ ਸਭਾ ਚੋਣਾਂ 2024 ’ਚ ਪੱਛਮੀ ਵਿਧਾਨ ਸਭਾ ਹਲਕੇ ’ਚ ਤੀਸਰੇ ਸਥਾਨ ’ਤੇ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਬਾਜ਼ੀ ਮਾਰਦੇ ਹੋਏ 55246 ਵੋਟਾਂ ਹਾਸਲ ਕਰ ਕੇ ਵੱਡੀ ਜਿੱਤ ਹਾਸਲ ਕੀਤੀ ਹੈ।

ਪੱਛਮੀ ਹਲਕੇ ’ਚ ਭਾਜਪਾ ਲੋਕ ਸਭਾ ਚੋਣਾਂ ’ਚ ਵੀ ਦੂਜੇ ਸਥਾਨ ’ਤੇ ਰਹੀ ਸੀ ਅਤੇ ਇਸ ਵਿਧਾਨ ਸਭਾ ਉਪ-ਚੋਣਾਂ ’ਚ ਵੀ ਦੂਜੇ ਸਥਾਨ ’ਤੇ ਆਈ ਹੈ ਪਰ ਭਾਜਪਾ ਦਾ ਵੋਟ ਪੱਧਰ ਪਹਿਲਾਂ ਨਾਲੋਂ ਕਾਫ਼ੀ ਘੱਟ ਹੋਇਆ ਹੈ।

ਲੋਕ ਸਭਾ ਚੋਣਾਂ ਤੋਂ ਲੱਗਭਗ ਇਕ ਮਹੀਨੇ ਬਾਅਦ ਹੀ ਭਾਜਪਾ ਨੂੰ ਇੰਨੀਆਂ ਘੱਟ ਵੋਟਾਂ ਮਿਲਣਾ ਆਪਣੇ ਆਪ ’ਚ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਦੇ ਲਈ ਪਾਰਟੀ ਨੂੰ ਆਤਮਮੰਥਨ ਦੀ ਜ਼ਰੂਰਤ ਹੈ, ਕਿਉਂਕਿ ਭਾਜਪਾ ਪੱਛਮੀ ਹਲਕੇ ’ਚ ਆਪਣਾ ਆਧਾਰ ਬਚਾਉਣ ’ਚ ਨਾਕਾਮ ਸਾਬਤ ਹੋਈ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਉਪ-ਚੋਣ ’ਚ ਭਾਜਪਾ ’ਚ ਆਪਸੀ ਤਾਲਮੇਲ ਦੀ ਕਾਫ਼ੀ ਕਮੀ ਰਹੀ।

ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਸ਼ੀਤਲ ਅੰਗੁਰਾਲ ਦੀ ਟੀਮ ਆਪਣੇ ਪੱਧਰ ’ਤੇ ਹੀ ਚੋਣ ਨੂੰ ਮੈਨੇਜ ਕਰਨ ’ਚ ਲੱਗੀ ਰਹੀ। ਅੰਗੁਰਾਲ ਦੀ ਚੋਣ ਸਬੰਧੀ ਮੈਨੇਜਮੈਂਟ ਵੀ ਜ਼ਿਆਦਾ ਚੰਗੀ ਨਾ ਹੋਣ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੈ।

ਭਾਜਪਾ ਦੇ ਵੱਡੇ ਲੀਡਰ ਵੀ ਫੀਲਡ ’ਚ ਜਾ ਕੇ ਕੰਮ ਕਰਨ ਦੀ ਬਜਾਏ ਪ੍ਰੈੱਸ ਕਾਨਫਰੰਸ ਤੱਕ ਹੀ ਸੀਮਿਤ ਰਹੇ। ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ, ਵਿਧਾਇਕ ਅਤੇ ਚੇਅਰਮੈਨ ਸਾਰੇ ਫੀਲਡ ’ਚ ਡਟੇ ਰਹੇ।

ਰਿੰਕੂ ਦੇ ਜ਼ਿਆਦਾਤਰ ਸਮਰਥਕ ‘ਆਪ’ ’ਚ ਚਲੇ ਗਏ

ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਪੱਛਮੀ ਹਲਕੇ ’ਚ ਭਾਜਪਾ ਕਾਫ਼ੀ ਮਜ਼ਬੂਤ ਹੋਵੇਗੀ। ਲੋਕ ਸਭਾ ਚੋਣਾਂ ’ਚ ਸ਼ੀਤਲ ਅੰਗੁਰਾਲ ਨੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਪੂਰਾ ਸਾਥ ਦਿੱਤਾ ਅਤੇ ਦਿਨ-ਰਾਤ ਮਿਹਨਤ ਕੀਤੀ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਪੱਛਮੀ ਹਲਕੇ ’ਚ 43,837 ਵੋਟਾਂ ਮਿਲੀਆਂ ਪਰ ਇਕ ਮਹੀਨੇ ਬਾਅਦ ਹੋਈ ਵਿਧਾਨ ਸਭਾ ਉਪ-ਚੋਣ ’ਚ ਭਾਜਪਾ ਨੂੰ ਸਿਰਫ 17,921 ਵੋਟਾਂ ਮਿਲੀਆਂ।

ਚੋਣਾਂ ਦੌਰਾਨ ਚਰਚਾਵਾਂ ਚੱਲੀਆਂ ਸਨ ਕਿ ਸੁਸ਼ੀਲ ਰਿੰਕੂ ਅੰਦਰਖਾਤੇ ਸ਼ੀਤਲ ਅੰਗੁਰਾਲ ਦੇ ਨਾਲ ਖੁੱਲ੍ਹ ਕੇ ਨਹੀਂ ਚੱਲ ਰਹੇ। ਚੋਣ ਪ੍ਰਚਾਰ ਦੌਰਾਨ ਰਿੰਕੂ ਦੇ ਕਈ ਸਮਰਥਕ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਨਾਲ ਇਨ੍ਹਾਂ ਚਰਚਾਵਾਂ ਨੂੰ ਹੋਰ ਬਲ ਮਿਲਿਆ। ਹਾਲਾਂਕਿ, ਸ਼ੀਤਲ ਅੰਗੁਰਾਲ ਨੇ ਰਿੰਕੂ ਨੂੰ ਆਪਣਾ ਚੋਣ ਇੰਚਾਰਜ ਬਣਾਇਆ ਹੋਇਆ ਸੀ।


author

Rakesh

Content Editor

Related News