ਸੰਨੀ ਦਿਓਲ ਵੱਲੋਂ ਦਿੱਤੇ ਵੈਂਟੀਲੇਟਰ ਲੁਧਿਆਣਾ ਭੇਜਣ ’ਤੇ ਖਫਾ ਹੋਏ ਭਾਜਪਾ ਆਗੂ

05/15/2021 7:06:02 PM

ਗੁਰਦਾਸਪੁਰ (ਹਰਮਨ) : ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਦਿੱਤੇ ਗਏ ਦੋ ਵੈਂਟੀਲੇਟਰਾਂ ਸਮੇਤ 4 ਵੈਂਟੀਲੇਟਰ ਲੁਧਿਆਣਾ ਭੇਜ ਦਿੱਤੇ ਜਾਣ ਸਮੇਤ ਭਾਜਪਾ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੋਵਿਡ-19 ਦੇ ਮਾਮਲੇ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਸ ਅਧੀਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਅਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਨਿੱਜੀ ਸਹਾਇਕ ਪੰਕਜ ਜੋਸ਼ੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੋਦੀ ਸਰਕਾਰ ਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਆਕਸੀਜਨ ਪਲਾਂਟ ਲਗਾ ਰਹੀ ਹੈ। ਇਸੇ ਅਧੀਨ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਵਿਖੇ ਆਕਸੀਜਨ ਪਲਾਂਟ ਲਗਾਏ ਜਾਣਗੇ, ਜਿਸਦੀ ਸ਼ੁਰੂਆਤ ਗੁਰਦਾਸਪੁਰ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਸਦਕਾ ਇਸ ਮੁਹਿੰਮ ਦੀ ਸ਼ੁਰੂਆਤ ਵਿਚ ਹੀ ਗੁਰਦਾਸਪੁਰ ਵਿਖੇ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ’ਚ ਹਰੇਕ ਆਕਸੀਜਨ ਪਲਾਂਟ ’ਤੇ ਕੁਲ 50 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਵੱਲੋਂ 2 ਵੈਂਟੀਲੇਟਰ ਐੱਮ. ਪੀ. ਲੈਂਡ ਫੰਡ ’ਚੋਂ ਸਿਵਲ ਹਸਪਤਾਲ ਨੂੰ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਪਿੰਡਵਾਸੀਆਂ ਨੂੰ ਅਪੀਲ, ਸਿਰਫ਼ ਕੋਰੋਨਾ ਮੁਕਤ ਵਿਅਕਤੀਆਂ ਦੀ ਹੀ ਹੋਵੇ ਪਿੰਡਾਂ ’ਚ ਐਂਟਰੀ

ਇਸਦੇ ਨਾਲ ਹੀ ਇਕ ਨਿੱਜੀ ਹਸਪਤਾਲ ਨੇ ਵੀ ਸੰਸਦ ਮੈਂਬਰ ਦੇ ਯਤਨਾਂ ਸਦਕਾ 2 ਵੈਂਟੀਲੇਟਰ ਦਿੱਤੇ ਸਨ ਪਰ ਕੈਪਟਨ ਸਰਕਾਰ ਨੇ ਗੁਰਦਾਸਪੁਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹੋਏ, ਇਨ੍ਹਾਂ ਵੈਂਟੀਲੇਟਰਾਂ ਨੂੰ ਲੁਧਿਆਣਾ ਭੇਜ ਦਿੱਤਾ ਹੈ। ਗਿੱਲ ਨੇ ਦੱਸਿਆ ਕਿ ਸੰਨੀ ਦਿਓਲ ਵੱਲੋਂ ਪਿਛਲੇ ਸਾਲ ਵੀ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ’ਚ ਸੁਧਾਰ ਲਈ 50 ਲੱਖ ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸੰਨੀ ਦਿਓਲ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਿਵਲ ਹਸਪਤਾਲਾਂ ਨੂੰ ਲਾਈਫ ਸਪੋਰਟ ਸਿਸਟਮ ਨਾਲ ਲੈਸ 2 ਐਂਬੂਲੈਂਸਾਂ ਵੀ ਦਿੱਤੀਆਂ ਸਨ ਪਰ ਪਠਾਨਕੋਟ ਦੀ ਐਂਬੂਲੈਂਸ ਨੂੰ ਪੰਜਾਬ ਸਰਕਾਰ ਨੇ ਕਿਸੇ ਹੋਰ ਜ਼ਿਲ੍ਹੇ ’ਚ ਭੇਜ ਦਿੱਤਾ ਸੀ, ਜਿਸ ਨੂੰ ਸੰਸਦ ਮੈਂਬਰ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਵਾਪਸ ਪਠਾਨਕੋਟ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਵੱਡੇ ਦਮਗਦੇ ਮਾਰਨ ਵਾਲੀ ਪੰਜਾਬ ਸਰਕਾਰ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਇਹ ਸਰਕਾਰ ਦਾਨ ਕੀਤੇ ਵੈਂਟੀਲੇਟਰ ਚਲਾਉਣ ਲਈ ਸਟਾਫ਼ ਤੱਕ ਦਾ ਪ੍ਰਬੰਧ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ’ਤੇ ਜਾਗੋ ਪਾਰਟੀ ਦਾ ਸਖ਼ਤ ਐਕਸ਼ਨ, ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰੇਗੀ ਸ਼ਿਕਾਇਤ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News