ਮੁਹੰਮਦ ਮੁਸਤਫ਼ਾ ਦੇ ਵਿਵਾਦਤ ਬਿਆਨ ’ਤੇ ਤਰੁਣ ਚੁੱਘ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ
Saturday, Jan 22, 2022 - 07:00 PM (IST)
ਜਲੰਧਰ (ਵੈੱਬ ਡੈਸਕ)—ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਦਾ ਮਾਮਲਾ ਭਖਣਾ ਸ਼ੁਰੂ ਹੋ ਗਿਆ ਹੈ। ਇਸ ’ਤੇ ਭਾਜਪਾ ਆਗੂ ਤਰੁਣ ਚੁੱਘ ਨੇ ਸਖ਼ਤ ਸ਼ਬਦਾਂ ’ਤੇ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਹਿੰਦੂ ਅਤੇ ਮੁਸਲਮਾਨਾਂ ’ਚ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸਮਾਜਿਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਾਂਗਰਸ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕੀ ਕਾਂਗਰਸ ਨੂੰ ਇਕ 1984 ਦੇ ਦੰਗੇ ਕਰਵਾ ਕੇ ਖ਼ੁਸ਼ੀ ਨਹੀਂ ਮਿਲੀ, ਜੋ ਹੁਣ ਉਹ ਪੰਜਾਬ ਨੂੰ ਫਿਰ ਦੰਗਿਆਂ ਦੀ ਅੱਗ ’ਚ ਧੱਕਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੁਹੰਮਦ ਮੁਸਤਫ਼ਾ ਦਾ ਬਿਆਨ ਇਕ ਧਮਕੀ ਭਰਿਆ ਅਤੇ ਨਿੰਦਣਯੋਗ ਬਿਆਨ ਹੈ। ਇਹ ਲੋਕਤੰਤਰ ਖ਼ਿਲਾਫ਼ ਕਾਂਗਰਸ ਦੀ ਸਰਕਾਰ ਪੰਜਾਬ ਦੇ ਅੰਦਰ ਨੰਗਾ ਨਾਚ ਕਰ ਰਹੀ ਹੈ। ਪੰਜਾਬ ਦੀ ਚੰਨੀ ਸਰਕਾਰ ਕਾਨੂੰਨ ਵਿਵਸਥਾ ਨੂੰ ਸੰਭਾਲ ਨਹੀਂ ਪਾ ਰਹੀ ਹੈ ਅਤੇ ਹਿੰਦੂਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ ਕਿ ਮਾਲੇਰਕੋਟਲਾ ਦੇ ਅੰਦਰ ਹਿੰਦੂ-ਸਿੱਖ ਭਾਈਚਾਰਾ ਜਲਸਾ ਅਤੇ ਕੋਈ ਪ੍ਰੋਗਰਾਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਾਬਕਾ ਡੀ. ਜੀ. ਪੀ. ਵੱਲੋਂ ਦਿੱਤੇ ਗਏ ਬਿਆਨ ਤੋਂ ਚੰਗੀ ਤਰ੍ਹਾਂ ਸਮਝ ਆਉਂਦਾ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦੀ ਵਿਵਸਥਾ ਕਿਹੋ ਜਿਹੀ ਹੈ ਅਤੇ ਪੰਜਾਬ ਕਾਂਗਰਸ ਦੇ ਲੀਡਰ ਕਿਵੇਂ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ
ਨਵਜੋਤ ਸਿੰਘ ਸਿੱਧੂ ਨੂੰ ਲੰਮੇ ਹੱਥੀਂ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦਾ ਬਿਆਨ ਹੈ। ਸਿੱਧੂ ਜਿਹੜੇ ਰੋਜ਼ ਇਮਰਾਨ ਖ਼ਾਨ ਨੂੰ ਅਮਨ ਦਾ ਮਸੀਹਾ ਦੱਸਦੇ ਹਨ। ਰਾਕੇਟ ਲਾਂਚਰ ਅਤੇ ਟਿਫਿਨ ਬੰਬ ਭੇਜਣ ਵਾਲਾ ਕੀ ਅਮਨ ਦਾ ਮਸੀਹਾ ਹੈ? ਉਨ੍ਹਾਂ ਕਿਹਾ ਕਿ ਹੁਣ ਉਸੇ ਅਮਨ ਦੇ ਮਸੀਹਾ ਦੇ ਕੌਮ ਦੇ ਸਿਪਾਹੀ ਖੁੱਲ੍ਹੇਆਮ ਮਲੇਰਕੋਟਲਾ ’ਚ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਸੋਚ ਹੈ, ਕਾਂਗਰਸ ਦੀ ਆਈਡੋਲਾਜੀ ਬੋਲ ਰਹੀ ਹੈ ਕਿ ਜੋ ਪਾਕਿਸਤਾਨ ਕਹੇਗਾ, ਉਹ ਨਵਜੋਤ ਸਿੰਘ ਸਿੱਧੂ ਅਤੇ ਮੁਹੰਮਦ ਮੁਸਤਫ਼ਾ ਆਈ. ਐੱਸ. ਆਈ. ਦੇ ਏਜੰਡੇ ਨੂੰ ਲਾਗੂ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਚੰਨ੍ਹੀ ਸਾਬ੍ਹ ਅਤੇ ਅਤੇ ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਪ੍ਰਧਾਨ ਦਾ ਸਲਾਹਕਾਰ ਜੋ ਬੋਲ ਰਿਹਾ ਹੈ, ਕੀ ਇਹ ਉਨ੍ਹਾਂ ਦਾ ਆਫੀਸ਼ੀਅਲ ਬਿਆਨ ਹੈ? ਤਰੁਣ ਚੁੱਘ ਨੇ ਪੰਜਾਬ ਸਰਕਾਰ ਤੋਂ ਤੁਰੰਤ ਮੁਹੰਮਦ ਮੁਸਤਫ਼ਾ ’ਤੇ ਧਮਕੀ ਦਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਮੁਸਤਫ਼ਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਮੁਹੰਮਦ ਮੁਸਤਫ਼ਾ ਦੇ ਬਿਆਨ ’ਤੇ ਸਖ਼ਤ ਕਾਰਵਾਈ ਕਰਨ ਕਰਨ।
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁਹੰਮਦ ਮੁਸਤਫ਼ਾ ਮਾਲੇਰਕੋਟਲਾ ਵਿਖੇ ਪਤਨੀ ਰਜ਼ੀਆ ਸੁਲਤਾਨਾ ਦੇ ਹੱਕ ’ਚ ਪ੍ਰਚਾਰ ਕਰਨ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸੀ ਕਿ ਅੱਲ੍ਹਾ ਦੀ ਕਸਮ, ਮੈਂ ਕੌਮ ਦਾ ਸਿਪਾਹੀ ਹਾਂ, ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਜਲਦੇ ਦੇ ਬਰਾਬਰ ਹਿੰਦੂਆਂ ਨੂੰ ਜਗ੍ਹਾ ਦਿੱਤੀ ਤਾਂ ਚੰਗਾ ਨਹੀਂ ਹੋਵੇਗਾ। ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਵੱਲੋਂ ਦਿੱਤਾ ਗਿਆ ਇਹ ਵਿਵਾਦਤ ਬਿਆਨ ਹੁਣ ਭਖਣ ਲੱਗਾ ਹੈ। ਇਸ ਬਿਆਨ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਹੈ।
ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ