BJP ਪੰਜਾਬ ਦੇ ਸਾਬਕਾ ਪ੍ਰਧਾਨ ਦੀ ਰਿਹਾਇਸ਼ ਘੇਰਨ ਪੁੱਜੇ ਕਿਸਾਨ, ਪੁਲਸ ਨੇ ਬੈਰੀਕੇਡ ਲਾ ਕੇ ਰੋਕਿਆ (ਤਸਵੀਰਾਂ)
Saturday, Jun 05, 2021 - 02:44 PM (IST)
ਲੁਧਿਆਣਾ (ਸਲੂਜਾ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੁਰਪੂਰਾ ਦੀ ਅਗਵਾਈ 'ਚ ਕਿਸਾਨਾਂ ਨੇ ਕ੍ਰਾਂਤੀ ਦਿਵਸ ਮਨਾਉਂਦੇ ਹੋਏ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਦੀ ਰਿਹਾਇਸ਼ ਦਾ ਘਿਰਾਅ ਕੀਤਾ। ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੌਰਾਨ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਲੈ ਕੇ ਆ ਰਹੀ ਵੱਡੀ ਖ਼ਬਰ, PGI ਨੇ ਜਾਰੀ ਕੀਤਾ ਬਿਆਨ
ਕਿਸਾਨਾਂ ਵੱਲੋਂ ਭਾਜਪਾ ਆਗੂ ਦੀ ਰਿਹਾਇਸ਼ ਘੇਰਨ ਬਾਰੇ ਜਿਵੇਂ ਹੀ ਪੁਲਸ ਨੂੰ ਖ਼ਬਰ ਮਿਲੀ ਤਾਂ ਪੁਲਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਭਾਜਪਾ ਆਗੂ ਦੀ ਰਿਹਾਇਸ਼ ਸਾਹਮਣ ਧਰਨੇ 'ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਮੌਕੇ ਕਿਸਾਨ ਆਗੂ ਨੁਰਪੂਰਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਲਈ ਮੋਦੀ ਸਰਕਾਰ ਨੇ ਇਹ ਖੇਤੀ ਬਿੱਲ ਲਾਗੂ ਕੀਤੇ ਹਨ, ਜਦੋਂ ਉਨ੍ਹਾਂ ਨੂੰ ਇਹ ਮਨਜ਼ੂਰ ਨਹੀਂ ਹਨ ਤਾਂ ਫਿਰ ਕਿਉਂ ਇਹ ਬਿੱਲ ਉਨ੍ਹਾਂ 'ਤੇ ਜ਼ਬਰਦਸਤੀ ਥੋਪੇ ਜਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਵੀ ਕੇਂਦਰੀ ਅਨਾਜ ਭੰਡਾਰ 'ਚ ਪੰਜਾਬ ਦੀ ਕਿਰਸਾਨੀ ਦਾ ਅਹਿਮ ਯੋਗਦਾਨ ਹੈ। ਅਨਾਜ ਦੇ ਖੇਤਰ 'ਚ ਭਾਰਤ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਲੇ ਪੰਜਾਬ ਦੇ ਕਿਸਾਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹੀ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ 'ਚ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਵੱਡੀ ਗਿਣਤੀ 'ਚ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਨੁਰਪੂਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਚਾਲ ਚੱਲ ਕੇ ਕਿਸਾਨੀ ਅੰਦੋਲਨ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੋਰਚੇ 'ਤੇ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ