ਆਗਾਮੀ ਵਿਧਾਨ ਸਭਾ ਚੋਣਾਂ ''ਤੇ ਭਾਜਪਾ ਨੇਤਾ ਦਾ ਵੱਡਾ ਬਿਆਨ

Wednesday, Nov 04, 2020 - 02:11 PM (IST)

ਆਗਾਮੀ ਵਿਧਾਨ ਸਭਾ ਚੋਣਾਂ ''ਤੇ ਭਾਜਪਾ ਨੇਤਾ ਦਾ ਵੱਡਾ ਬਿਆਨ

ਬਠਿੰਡਾ (ਵਰਮਾ) : ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਮਿੰਨੀ ਸਕੱਤਰੇਤ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਪਾਰਟੀ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੀਆਂ 117 ਸੀਟਾਂ ਲਈ ਚੋਣ ਆਪਣੇ ਦਮ 'ਤੇ ਲੜੇਗੀ। ਸੂਬੇ ਦੀ ਸਥਿਤੀ ਬਾਰੇ ਦਿੱਤੇ ਜੁਆਬ 'ਚ ਉਨ੍ਹਾਂ ਕਿਹਾ ਕਿ ਦੂਸਰਾ ਹੱਲ ਵੀ ਲੱਭਿਆ ਜਾ ਸਕਦਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਜਲਦੀ ਹੀ ਵਿਚਾਰ-ਵਟਾਂਦਰੇ ਰਾਹੀਂ ਕਿਸਾਨ ਅੰਦੋਲਨ ਦਾ ਅੰਤ ਕਰੇਗੀ। ਸੂਬੇ 'ਚ ਅਕਾਲੀ ਦਲ ਆਪਣਾ ਰਾਜਨੀਤਿਕ ਪ੍ਰਭਾਵ ਬਣਾਉਣ ਲਈ ਭਾਜਪਾ ਨਾਲੋਂ ਵੱਖ ਹੋਇਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਿਲਕੇ ਕੇਂਦਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਦੇ ਹਿੱਤ 'ਚ ਦੱਸਿਆ ਸੀ ਹੁਣ ਉਨ੍ਹਾਂ ਦੇ ਸੁਰ ਬਦਲ ਗਏ ਹਨ। ਮਿੱਤਲ ਨੇ ਕਿਹਾ ਕਿ ਕੇਂਦਰ ਦਾ ਐੱਮ. ਐੱਸ. ਪੀ. ਨੂੰ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਕਿਸਾਨ ਆਪਣੀ ਫਸਲ ਦੇਸ਼ 'ਚ ਕਿਤੇ ਵੀ ਵੇਚ ਸਕਦਾ ਹੈ ਅਤੇ ਉਸਨੂੰ ਚੰਗੀ ਕੀਮਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਖੇਤੀਬਾੜੀ ਦੇ ਤਿੰਨ ਕਾਨੂੰਨ ਪਾਸ ਕੀਤੇ ਹਨ, ਜਦੋਂਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸਿਰਫ ਝੋਨੇ ਅਤੇ ਕਣਕ ਦੇ ਬਿੱਲਾਂ ਨੂੰ ਅੱਗੇ ਰੱਖਦਿਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : ਕੇਂਦਰ ਦੀ ਪੰਜਾਬ ਨੂੰ ਮੁੜ ਫਿਟਕਾਰ, 24,000 ਕਰੋੜ ਦੀ ਫਸਲ ਅਦਾਇਗੀ ਰਕਮ ਦਾ ਵੇਰਵਾ ਗਾਇਬ!

ਇਸ ਦੌਰਾਨ ਕਿਸਾਨਾਂ ਨੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦਾ ਉਸ ਸਮੇਂ ਘਿਰਾਓ ਕੀਤਾ ਜਦੋਂ ਉਹ ਸਰਕਟ ਹਾਊਸ ਤੋਂ ਨਿਕਲ ਰਹੇ ਸਨ। ਕਿਸਾਨਾਂ ਨੂੰ ਜਦੋਂ ਸਾਬਕਾ ਮੰਤਰੀ ਦੀ ਭਣਕ ਲੱਗੀ ਤਾਂ ਲਗਭਗ 2 ਦਰਜਨ ਕਿਸਾਨਾਂ ਨੇ ਸਰਕਟ ਹਾਊਸ ਦਾ ਘਿਰਾਓ ਕਰ ਕੇ ਕੇਂਦਰ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਿੱਤਲ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸਦੇ ਬਾਅਦ ਉਹ ਸੰਗਰੂਰ ਵੱਲ ਰਵਾਨਾ ਹੋ ਗਏ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੋਦ ਬਾਟਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸਟੇਟ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸੂਬਾ ਸਕੱਤਰ ਅਸ਼ੋਕ ਭਾਰਤੀ, ਸੁਖਪਾਲ ਸਿੰਘ ਸਰਾਂ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੇ ਘਰ ਆਲੂ-ਪਿਆਜ਼ ਤੋਹਫੇ ਵਜੋਂ ਦੇਣ ਪਹੁੰਚੀ ਕਾਂਗਰਸੀ ਬੀਬੀ ਖ਼ੁਦ ਸਵਾਲਾਂ 'ਚ ਘਿਰੀ


author

Anuradha

Content Editor

Related News