ਹੰਸ ਰਾਜ ਹੰਸ ਨੂੰ ਪੰਜਾਬ ’ਚ ਐਡਜਸਟ ਕਰਨ ਦੀ ਤਿਆਰੀ ’ਚ ਭਾਜਪਾ, ਜਾਣੋ ਕਿਹੜੀ ਸੀਟ ਤੋਂ ਲੜ ਸਕਦੇ ਨੇ ਚੋਣ
Tuesday, Mar 05, 2024 - 04:39 AM (IST)
ਜਲੰਧਰ (ਅਨਿਲ ਪਾਹਵਾ)– ਦੇਸ਼ ’ਚ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਇਨ੍ਹਾਂ ਚੋਣਾਂ ਨੂੰ ਵੇਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਫਿਲਹਾਲ ਚੋਣ ਕਮਿਸ਼ਨ ਵਲੋਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਿਆਸੀ ਗਲਿਆਰਿਆਂ ਤੋਂ ਲੈ ਕੇ ਆਮ ਜਨਤਾ ਨੂੰ ਚੋੋਣਾਂ ਦੀਆਂ ਤਾਰੀਖ਼ਾਂ ਦੀ ਬੇਸਬਰੀ ਨਾਲ ਉਡੀਕ ਹੈ।
ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਪ੍ਰੈਲ-ਮਈ ’ਚ ਚੋਣਾਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਇਸ ਵਾਰ ਮੁੱਖ ਮੁਕਾਬਲਾ ਭਾਜਪਾ ਤੇ ਇੰਡੀਆ ਗਠਜੋੜ ਵਿਚਾਲੇ ਹੋ ਸਕਦਾ ਹੈ। ਪਿਛਲੀਆਂ ਚੋਣਾਂ ’ਚ ਐੱਨ. ਡੀ. ਏ. ਨੇ 353 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇਕ ਵਾਰ ਮੁੜ ਭਾਜਪਾ ਦੀ ਸਰਕਾਰ ਬਣਾਈ ਸੀ।
ਬੁੱਧਵਾਰ ਨੂੰ ਜਾਰੀ ਹੋ ਸਕਦੀ ਹੈ ਦੂਜੀ ਸੂਚੀ
ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਕਾਫ਼ੀ ਸੋਚ ਸਮਝ ਕੇ ਟਿਕਟਾਂ ਦੀ ਵੰਡ ਕਰਨ ਵਾਲੀ ਹੈ। ਪਾਰਟੀ ਨੇ ਪਹਿਲੇ ਪੜਾਅ ’ਚ 195 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਦੂਜੀ ਸੂਚੀ ਬੁੱਧਵਾਰ ਨੂੰ ਆਉਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਦਿੱਲੀ ’ਚ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਬੈਠਕ ਰੱਖੀ ਗਈ ਹੈ, ਜਿਸ ’ਚ ਕਰਨਾਟਕ ਸਮੇਤ ਕੁਝ ਹੋਰ ਸੂਬਿਆਂ ਦੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਪੰਜਾਬ ਸਬੰਧੀ ਭਾਜਪਾ ਦੀ ਕੀ ਪਲਾਨਿੰਗ ਹੈ, ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਭਾਜਪਾ ਦੀ ਇਕ ਹੋਰ ਸੰਭਾਵਿਤ ਯੋਜਨਾ ਦਾ ਖ਼ੁਲਾਸਾ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ
2 ਸੀਟਾਂ ਲਈ ਹੰਸ ਰਾਜ ਹੰਸ ਹੋ ਸਕਦੇ ਨੇ ਬਿਹਤਰ ਬਦਲ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਅੰਦਰ ਹੰਸ ਰਾਜ ਹੰਸ ਨੂੰ ਪੰਜਾਬ ’ਚ ਲਿਆ ਕੇ ਐਡਜਸਟ ਕਰਨ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਪਾਰਟੀ ਨੇ 13 ਸੀਟਾਂ ’ਤੇ ਵੱਖ-ਵੱਖ ਨੇਤਾਵਾਂ ਸਬੰਧੀ ਸਰਵੇਖਣ ਕਰਵਾਇਆ ਹੈ, ਜਿਸ ’ਚ ਜਲੰਧਰ ਤੇ ਹੁਸ਼ਿਆਰਪੁਰ ਸੀਟ ਨੂੰ ਹੰਸ ਰਾਜ ਹੰਸ ਦੇ ਮੁਤਾਬਕ ਸਹੀ ਦੱਸਿਆ ਗਿਆ ਹੈ।
ਸੂਤਰ ਦੱਸਦੇ ਹਨ ਕਿ ਪਾਰਟੀ ਇਨ੍ਹਾਂ 2 ਸੀਟਾਂ ’ਚੋਂ ਇਕ ’ਤੇ ਹੰਸ ਰਾਜ ਹੰਸ ਨੂੰ ਮੈਦਾਨ ’ਚ ਉਤਾਰ ਸਕਦੀ ਹੈ। ਜਲੰਧਰ ਸੀਟ ’ਤੇ ਹੁਣੇ ਜਿਹੇ ਹੋਈ ਲੋਕ ਸਭਾ ਦੀ ਉਪ ਚੋਣ ’ਚ ਭਾਜਪਾ ਵਲੋਂ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਗਈ ਸੀ, ਜਦਕਿ ਹੁਸ਼ਿਆਰਪੁਰ ਸੀਟ ਤੋਂ ਸੋਮ ਪ੍ਰਕਾਸ਼ ਮੈਦਾਨ ’ਚ ਉਤਰੇ ਸਨ ਤੇ ਭਾਜਪਾ ਦੇ ਖ਼ਾਤੇ ’ਚ ਗਈਆਂ ਪੰਜਾਬ ਦੀਆਂ 2 ਸੀਟਾਂ ’ਚੋਂ ਇਕ ਹੁਸ਼ਿਆਰਪੁਰ ਦੀ ਹੀ ਸੀ।
ਜਲੰਧਰ-ਹੁਸ਼ਿਆਰਪੁਰ ਸੀਟਾਂ ਦੇ ਜਾਤੀ ਸਮੀਕਰਨ
ਜਲੰਧਰ ਲੋਕ ਸਭਾ ਸੀਟ ਇਕ ਰਾਖਵੀਂ ਸੀਟ ਹੈ, ਜਿਥੇ 42 ਫ਼ੀਸਦੀ ਦੇ ਲਗਭਗ ਦਲਿਤ ਸਮਾਜ ਨਾਲ ਸਬੰਧਤ ਲੋਕ ਹਨ। ਇਨ੍ਹਾਂ ’ਚ ਵੱਡੀ ਗਿਣਤੀ ਰਵਿਦਾਸੀਆ ਸਮਾਜ ਦੀ ਹੈ। ਇਸ ਤੋਂ ਬਾਅਦ ਵਾਲਮੀਕਿ ਸਮਾਜ ਦੀ ਜਲੰਧਰ ਲੋਕ ਸਭਾ ਸੀਟ ’ਤੇ ਵੱਡੀ ਗਿਣਤੀ ਹੈ। ਜਲੰਧਰ ’ਚ ਕੁਲ 9 ਵਿਧਾਨ ਸਭਾ ਸੀਟਾਂ ਹਨ ਤੇ ਜਲੰਧਰ ਦੀ ਲੋਕ ਸਭਾ ਸੀਟ ’ਤੇ ਜਿੱਤ-ਹਾਰ ਦਾ ਫ਼ੈਸਲਾ ਜ਼ਿਆਦਾਤਰ ਦਲਿਤ ਸਮਾਜ ’ਤੇ ਨਿਰਭਰ ਕਰਦਾ ਹੈ। 9 ’ਚੋਂ 4 ਵਿਧਾਨ ਸਭਾ ਸੀਟਾਂ ਰਾਖਵੀਆਂ ਹਨ। ਜਲੰਧਰ ’ਚ ਡੇਰਾ ਸੱਚਖੰਡ ਬੱਲਾਂ ਸਮੇਤ ਕਈ ਧਾਰਮਿਕ ਡੇਰੇ ਚੋਣਾਂ ’ਚ ਅਸਿੱਧੇ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ ’ਚ ਵੀ ਦਲਿਤ ਭਾਈਚਾਰੇ ਦੀ ਹੀ ਅਹਿਮ ਭੂਮਿਕਾ ਰਹਿੰਦੀ ਹੈ, ਜਿਸ ਦੇ ਦਮ ’ਤੇ ਸੰਸਦ ਮੈਂਬਰ ਚੁਣਿਆ ਜਾਂਦਾ ਹੈ। ਬੇਸ਼ੱਕ ਇਸ ਸੀਟ ’ਤੇ ਜਾਟ ਵੋਟ ਸਭ ਤੋਂ ਵੱਧ ਹਨ ਪਰ ਸੀਟ ਰਾਖਵੀਂ ਹੋਣ ਕਾਰਨ ਇਥੇ ਦਲਿਤ ਵਰਗ ਤੋਂ ਹੀ ਉਮੀਦਵਾਰ ਮੈਦਾਨ ’ਚ ਉਤਾਰਿਆ ਜਾਂਦਾ ਹੈ। ਹੁਸ਼ਿਆਰਪੁਰ ’ਚ ਵੀ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ’ਚੋਂ 4 ਰਾਖਵੇਂ ਹਨ।
ਦਿੱਲੀ ’ਚ ਉੱਤਰ-ਪੱਛਮੀ ਲੋਕ ਸਭਾ ਸੀਟ ’ਤੇ ਬਦਲਾਅ ਪਿੱਛੇ ਭਾਜਪਾ ਦੀ ਰਣਨੀਤੀ
ਪਤਾ ਲੱਗਾ ਹੈ ਕਿ ਪਾਰਟੀ ਵਲੋਂ ਦਿੱਲੀ ਦੇ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵਜੋਂ ਕੰਮ ਕਰ ਰਹੇ ਹੰਸ ਰਾਜ ਹੰਸ ਦੀ ਟਿਕਟ ਬਦਲੇ ਜਾਣ ਦੀ ਸੰਭਾਵਨਾ ਹੈ। ਪਹਿਲੀ ਸੂਚੀ ’ਚ ਇਸ ਸੀਟ ’ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਤਾ ਲੱਗਾ ਹੈ ਕਿ ਪਾਰਟੀ ਇਸ ਸੀਟ ਤੋਂ ਹੰਸ ਰਾਜ ਹੰਸ ਨੂੰ ਹਟਾ ਕੇ ਕਿਸੇ ਹੋਰ ਦਲਿਤ ਨੇਤਾ ਨੂੰ ਟਿਕਟ ਦੇ ਸਕਦੀ ਹੈ। ਕਾਰਨ ਇਹ ਹੈ ਕਿ ਇਸ ਸੀਟ ’ਤੇ ਲਗਭਗ 21 ਫ਼ੀਸਦੀ ਦਲਿਤ ਵੋਟ ਬੈਂਕ ਹਨ। ਇਸ ਸੀਟ ’ਤੇ 16 ਫ਼ੀਸਦੀ ਜਾਟ ਬਿਰਾਦਰੀ ਦੇ ਲੋਕ ਹਨ, ਜਦਕਿ 20 ਫ਼ੀਸਦੀ ਓ. ਬੀ. ਸੀ. ਵੋਟਰਾਂ ਦੀ ਗਿਣਤੀ ਹੈ। 12 ਫ਼ੀਸਦੀ ਬ੍ਰਾਹਮਣ ਹਨ ਤੇ ਲਗਭਗ 10 ਫ਼ੀਸਦੀ ਬਾਣੀਆ ਆਬਾਦੀ ਮੰਨੀ ਜਾਂਦੀ ਹੈ। ਇਸ ਸੀਟ ’ਤੇ 10 ਫ਼ੀਸਦੀ ਦੇ ਲਗਭਗ ਮੁਸਲਿਮ ਵੋਟ ਆਬਾਦੀ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।