ਗਠਜੋੜ ਦੀ ਚਰਚਾ ਵਿਚਾਲੇ BJP ਦੇ ਜਨਰਲ ਸਕੱਤਰ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਮੁਲਾਕਾਤ

Saturday, Feb 10, 2024 - 01:28 PM (IST)

ਗਠਜੋੜ ਦੀ ਚਰਚਾ ਵਿਚਾਲੇ BJP ਦੇ ਜਨਰਲ ਸਕੱਤਰ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਦਰਮਿਆਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਵਲੋਂ ਸੂਬਾ ਇਕਾਈ, ਰਾਸ਼ਟਰੀ ਸਵੈਮ ਸੰਘ ਅਤੇ ਹੋਰਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਗਈਆਂ। ਬੀ. ਐੱਲ. ਸੰਤੋਸ਼ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਨੂੰ ਮਜ਼ਬੂਤ ਕਰਨ ਅਤੇ ਅਖਿਲ ਭਾਰਤੀ ਦੌਰੇ 'ਤੇ ਹਨ। ਉਨ੍ਹਾਂ ਨੇ ਇੱਥੇ ਪੰਜਾਬ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਪਾਰਟੀ ਬਾਰੇ ਫੀਡਬੈਕ ਲਈ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਕਾਰਾਂ-ਗੱਡੀਆਂ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਤਰੁਣ ਚੁੱਘ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਇਕਬਾਲ ਸਿੰਘ ਲਾਲਪੁਰਾ ਅਤੇ ਰਜਿੰਦਰ ਮੋਹਨ ਛੀਨਾ ਮੌਜੂਦ ਰਹੇ। ਇਸ ਮੀਟਿੰਗ ਦੌਰਾਨ ਅਕਾਲੀ ਦਲ ਨਾਲ ਗਠਜੋੜ ਦਾ ਮੁੱਦਾ ਵੀ ਉੱਠਿਆ। ਅਕਾਲੀ ਦਲ 1996 ਤੋਂ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦਾ ਹਿੱਸਾ ਰਿਹਾ ਸੀ। ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅਕਾਲੀ ਦਲ ਨੇ 2020 'ਚ ਗਠਜੋੜ ਤੋੜ ਦਿੱਤਾ ਸੀ। ਭਾਜਪਾ ਨੇ ਉਸ ਸਮੇਂ ਇਸ ਨੂੰ ਅਕਾਲੀ ਦਲ ਵਲੋਂ ਜਲਦਬਾਜ਼ੀ 'ਚ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ AAP ਤੇ ਕਾਂਗਰਸ ਵੱਖ-ਵੱਖ ਦਿਖਾਉਣਗੀਆਂ ਤਾਕਤ, ਗਠਜੋੜ ਦੀ ਸੰਭਾਵਨਾ ਨਹੀਂ!

ਬੀ. ਐੱਲ. ਸੰਤੋਸ਼ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਪੰਜਾਬ ਲੀਡਰਸ਼ਿਪ ਅਤੇ ਸੂਬਾ ਇਕਾਈ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ। ਪੰਜਾਬ ਭਾਜਪਾ ਦੇ ਇਕ ਆਗੂ ਵਲੋਂ ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਬੀ. ਐੱਲ. ਸੰਤੋਸ਼ ਨੇ ਕਿਹਾ ਕਿ ਸੂਬਾਈ ਲੀਡਰਸ਼ਿਪ ਨੂੰ ਸਪੱਸ਼ਟਤਾ ਲਈ ਕੁੱਝ ਦਿਨ ਹੋਰ ਉਡੀਕ ਕਰਨੀ ਪਵੇਗੀ। ਇਹ ਵੀ ਪਤਾ ਲੱਗਾ ਹੈ ਕਿ ਆਰ. ਐੱਸ. ਐੱਸ. ਦੀ ਸੂਬਾਈ ਲੀਡਰਸ਼ਿਪ ਨੇ ਪਾਰਟੀ ਦੀ ਸੂਬਾ ਇਕਾਈ ਦੇ ਕੰਮਕਾਜ ਅਤੇ ਆਉਣ ਵਾਲੀਆਂ ਆਮ ਚੋਣਾਂ ਸਬੰਧੀ ਜਨਤਾ ਕੀ ਸੋਚਦੀ ਹੈ, ਇਸ ਬਾਰੇ ਖ਼ਾਸ ਫੀਡਬੈਕ ਦਿੱਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Babita

Content Editor

Related News