ਭਾਜਪਾ ਨੇ ਗੁਜਰਾਤ ''ਚ ਪ੍ਰਚਾਰ ਲਾਇਕ ਨਹੀਂ ਸਮਝਿਆ ਕੋਈ ਪੰਜਾਬੀ ਨੇਤਾ

11/21/2017 1:32:55 AM

ਜਲੰਧਰ  (ਨਰੇਸ਼) - ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਲਈ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਪਾਇਆ ਹੈ, ਜਦਕਿ ਭਾਜਪਾ ਨੂੰ ਪੰਜਾਬ 'ਚੋਂ ਗੁਜਰਾਤ 'ਚ ਪ੍ਰਚਾਰ ਲਾਇਕ ਕੋਈ ਚਿਹਰਾ ਨਹੀਂ ਮਿਲਿਆ। ਹਾਲਾਂਕਿ ਪਾਰਟੀ ਦੇ ਮਾਰਗਦਰਸ਼ਕ ਮੰਡਲ 'ਚ ਸ਼ਾਮਲ ਕੀਤੇ ਗਏ ਲਾਲ ਕ੍ਰਿਸ਼ਨ ਅਡਵਾਨੀ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਹਨ। ਭਾਜਪਾ ਗੁਜਰਾਤ 'ਚ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵੀ ਪ੍ਰਚਾਰ 'ਚ ਉਤਰਨ ਜਾ ਰਹੀ ਹੈ।
ਇਹ ਵੀ ਹਨ ਭਾਜਪਾ ਦੇ ਸਟਾਰ ਪ੍ਰਚਾਰਕ
ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਉਮਾ ਭਾਰਤੀ, ਮੁਖਤਾਰ ਅੱਬਾਸ ਨਕਵੀ, ਨਰਿੰਦਰ ਸਿੰਘ ਤੋਮਰ, ਰਾਮ ਲਾਲ ਅਤੇ ਜਤਿੰਦਰ ਸਿੰਘ ਤੋਂ ਇਲਾਵਾ ਪੁਰਸ਼ੋਤਮ ਰੁਪਾਲਾ, ਮਨਸੁਖ ਮਾਂਡਵੀਆ, ਭੁਪਿੰਦਰ ਯਾਦਵ, ਜਸਵੰਤ ਸਿੰਘ ਭਾਭੋਰ, ਵੀ. ਸਤੀਸ਼, ਜੀਤੂ ਭਾਈ ਵਧਾਨੀ, ਨਿਤਿਨ ਪਟੇਲ,  ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ, ਰਣਛੋੜ ਭਾਈ, ਭੁਪਿੰਦਰ ਸਿੰਘ, ਗਣਪਤ ਵਸਾਵਾ, ਭੀਖੂ ਭਾਈ ਦਲਸਾਨੀਆ, ਸ਼ੰਭੂ ਨਾਥ, ਪਰੇਸ਼ ਰਾਵਲ, ਹੇਮਾ ਮਾਲਿਨੀ, ਮਨੋਜ ਤਿਵਾੜੀ, ਹੀਰਾ ਭਾਈ ਸੋਲੰਕੀ, ਹਰਸ਼ਦ ਗਿਰੀ ਗੋਸਾਈਂ, ਪ੍ਰਦੀਪ ਸਿੰਘ ਵਘੇਲਾ ਅਤੇ ਰਾਜੂ ਭਾਈ ਧਰੁਵ ਸ਼ਾਮਲ ਹਨ।
ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਸ਼ੋਕ ਗਹਿਲੋਤ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਭਾਰਤ ਸਿੰਘ ਸੋਲੰਕੀ, ਸੈਮ ਪਿਤਰੋਦਾ, ਆਨੰਦ ਸ਼ਰਮਾ, ਮਧੂਸੂਦਨ ਮਿਸਤਰੀ, ਦੀਪਕ ਬਾਵਰੀਆ, ਭੁਪਿੰਦਰ ਸਿੰਘ ਹੁੱਡਾ, ਜਿਓਤਰਦਿਤਿਆ ਸਿੰਧੀਆ, ਰਾਜੀਵ ਸ਼ੁਕਲਾ, ਰਾਜ ਬੱਬਰ, ਰਣਦੀਪ ਸਿੰਘ ਸੂਰਜੇਵਾਲਾ, ਕਾਂਤੀ ਲਾਲ ਭੂਰੀਆ, ਸੁਸ਼ਮਿਤਾ ਦੇਵ, ਕਮਲ ਨਾਥ, ਸਚਿਨ ਪਾਇਲਟ, ਮੁਕੁਲ ਵਾਸਨਿਕ, ਆਸਕਰ ਫਰਨਾਂਡੀਜ਼, ਪ੍ਰਮੋਦ ਤਿਵਾੜੀ, ਕੁਮਾਰੀ ਸ਼ੈਲਜਾ, ਨਗਮਾ ਮੋਰਾਰਜੀ, ਅਰਜੁਨ ਮੋਡਵਾਡੀਆ, ਸਿਧਾਰਥ ਪਟੇਲ, ਸ਼ਕਤੀ ਸਿੰਘ ਗੋਹਿਲ, ਤੁਸ਼ਾਰ ਚੌਧਰੀ, ਪਰੇਸ਼ ਧਨਾਨੀ, ਕੁੰਵਰ ਜੀ ਭਾਵੜੀਆ, ਕਾਦਿਰ ਪੀਰਜਾਦਾ, ਗੌਰਵ ਪਾਂਡਿਆ, ਸਾਗਰ ਭਾਈ ਰਾਇਕਾ, ਰਾਜੂ ਭਾਈ ਪਰਮਾਰ, ਜਗਦੀਸ਼ ਠਾਕੋਰ, ਅਸ਼ੋਕ ਪੰਜਾਬੀ ਤੇ ਅਲਪੇਸ਼ ਠਾਕੋਰ ਨੂੰ ਵੀ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ।
ਪੰਜਾਬ 'ਚ ਕੀਤੀ ਪਾਰਟੀ ਦੀ ਵੰਡ
ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਨਾ ਤਾਂ ਵਿਧਾਨ ਸਭਾ ਚੋਣਾਂ ਵਿਚ ਕੋਈ ਕਮਾਲ ਦਿਖਾ ਸਕੇ ਅਤੇ ਨਾ ਹੀ ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ 'ਤੇ ਹੋਈਆਂ ਉਪ ਚੋਣਾਂ ਦੌਰਾਨ ਪਾਰਟੀ ਕੋਈ ਕ੍ਰਿਸ਼ਮਾ ਕਰ ਸਕੀ ਅਤੇ ਪਾਰਟੀ ਦੇ ਨੇਤਾਵਾਂ ਨੇ ਸੂਬੇ ਵਿਚ ਭਾਜਪਾ ਨੂੰ ਵੰਡ ਦਿੱਤਾ। ਲਿਹਾਜ਼ਾ ਪਾਰਟੀ ਨੇ ਪੰਜਾਬ ਦੇ ਨੇਤਾਵਾਂ ਨੂੰ ਇਸ ਕਾਬਲ ਨਹੀਂ ਸਮਝਿਆ ਕਿ ਉਹ ਗੁਜਰਾਤ ਵਿਚ ਚੋਣ ਪ੍ਰਚਾਰ ਲਈ ਜਾ ਸਕਣ। ਇਸ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ 3 ਸੀਟਾਂ 'ਤੇ ਸਿਮਟ ਗਈ ਅਤੇ ਇਕ ਸੀਟ 'ਤੇ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਪਾਰਟੀ ਨੂੰ 5.39 ਫੀਸਦੀ ਵੋਟਾਂ ਮਿਲੀਆਂ, ਜੋ ਕਿ 2012 ਵਿਚ ਮਿਲੀਆਂ ਵੋਟਾਂ ਦੇ ਮੁਕਾਬਲੇ 2 ਫੀਸਦੀ ਘੱਟ ਹਨ। ਪਾਰਟੀ 2012 ਵਿਚ ਪੰਜਾਬ 'ਚ 12 ਸੀਟਾਂ 'ਤੇ ਜਿੱਤੀ ਸੀ, ਜਦਕਿ ਇਸ ਵਾਰ ਉਸ ਨੂੰ 9 ਸੀਟਾਂ ਗੁਆਉਣੀਆਂ ਪਈਆਂ।
ਇਹੀ ਹਾਲ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਹੋਈ ਉਪ ਚੋਣ ਵਿਚ ਰਿਹਾ, ਜਿੱਥੇ ਪਾਰਟੀ ਨੂੰ ਕਰਾਰੀ ਹਾਰ ਝੱਲਣੀ ਪਈ। ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਰਜਿੰਦਰ ਮੋਹਨ ਛੀਨਾ ਨੂੰ 2 ਲੱਖ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਹਾਲ ਹੀ ਵਿਚ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਦੌਰਾਨ ਵੀ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ 1,93,000 ਵੋਟਾਂ ਨਾਲ ਕਰਾਰੀ ਮਾਤ ਦਿੱਤੀ।


Related News