ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਮੌਕਾਪ੍ਰਸਤੀ ਵਾਲੀ ਸਿਆਸਤ ਦੀ ਖੇਡੀ ਖੇਡ : ਜਾਖੜ

Thursday, Jun 21, 2018 - 08:07 AM (IST)

ਜਲੰਧਰ (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਵਲੋਂ ਪੀ. ਡੀ. ਪੀ. ਦੀ ਸਰਕਾਰ ਕੋਲੋਂ ਹਮਾਇਤ ਵਾਪਸ ਲੈਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਮੌਕਾਪ੍ਰਸਤੀ ਦੀ ਸਿਆਸਤ ਦੀ ਖੇਡ ਖੇਡੀ ਹੈ। ਪਹਿਲਾਂ ਤਾਂ ਪੀ. ਡੀ. ਪੀ. ਨੂੰ ਹਮਾਇਤ ਦਿੰਦੇ ਹੋਏ ਭਾਜਪਾ ਸਰਕਾਰ ਵਿਚ ਸ਼ਾਮਲ ਹੋ ਗਈ ਅਤੇ ਹੁਣ 3 ਸਾਲ ਤੱਕ ਸੱਤਾ ਸੁੱਖ ਭੋਗਣ ਪਿੱਛੋਂ ਹਮਾਇਤ ਵਾਪਸ ਲੈ ਕੇ ਲਾਂਭੇ ਹੋ ਗਈ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ, ਜਿਸ ਕਾਰਨ ਭਾਜਪਾ ਨੇ ਇਹ ਹਮਾਇਤ ਵਾਪਸ ਲਈ ਹੈ। ਭਾਜਪਾ ਹੁਣ ਲੋਕਾਂ ਨੂੰ ਹੋਰ ਗੁੰਮਰਾਹ ਨਹੀਂ ਕਰ ਸਕੇਗੀ। ਜਿਸ ਤਰ੍ਹਾਂ ਜੰਮੂ-ਕਸ਼ਮੀਰ ਵਿਚ ਭਾਜਪਾ ਕਾਂਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਆਪਣੇ ਗੁੱਸਾ ਪ੍ਰਗਟ ਕੀਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਸਭ ਕੁਝ ਪਤਾ ਹੈ। ਲੋਕਾਂ ਅੰਦਰ ਹੁਣ ਬਹੁਤ ਜਾਗਰੂਕਤਾ ਆ ਚੁੱਕੀ ਹੈ।  ਭਾਜਪਾ 'ਤੇ ਵਰ੍ਹਦਿਆਂ ਜਾਖੜ ਨੇ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਸੱਤਾ ਸੁੱਖ ਲਈ ਪੀ. ਡੀ. ਪੀ. ਨਾਲ ਬੇਮੇਲ ਗਠਜੋੜ ਕੀਤਾ। ਇਸ ਗਠਜੋੜ ਕਾਰਨ ਹਜ਼ਾਰਾਂ ਨਿਰਦੋਸ਼ ਲੋਕ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਕਿਉਂਕਿ ਪਿਛਲੇ ਤਿੰਨ ਸਾਲ ਦੌਰਾਨ ਅੱਤਵਾਦ ਨੇ ਕਸ਼ਮੀਰ ਵਿਚ ਸਿਰ ਚੁੱਕ ਲਿਆ ਸੀ। ਇਸ ਦਾ ਜਵਾਬ ਵੀ ਹੁਣ ਭਾਜਪਾ ਨੂੰ ਲੋਕਾਂ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੀਆਂ ਜੰਮੂ-ਕਸ਼ਮੀਰ ਨੂੰ ਲੈ ਕੇ ਸਭ ਨੀਤੀਆਂ ਫੇਲ ਹੋ ਗਈਆਂ ਹਨ। ਨੋਟਬੰਦੀ ਪਿੱਛੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਹੁਣ ਅੱਤਵਾਦ ਵਿਚ ਕਮੀ ਆਵੇਗੀ ਪਰ ਉਲਟਾ ਅੱਤਵਾਦ ਹੋਰ ਵੱਧ ਗਿਆ। ਪਾਕਿਸਤਾਨ ਵਲੋਂ ਵੀ ਜੰਮੂ-ਕਸ਼ਮੀਰ ਵਿਚ ਲਗਾਤਾਰ ਗੜਬੜ ਕਰਵਾਈ ਜਾ ਰਹੀ ਹੈ। ਭਾਜਪਾ ਨੂੰ ਨਾ ਸਿਰਫ ਜੰਮੂ-ਕਸ਼ਮੀਰ ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਉੱਤਰੀ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਆਪਣੀਆਂ ਗਲਤ ਨੀਤੀਆਂ ਦੀ ਕੀਮਤ ਅਦਾ ਕਰਨੀ ਪਵੇਗੀ।


Related News