ਭਾਜਪਾ ਨੇ ਦਿੱਲੀ ਦੀ ਜ਼ਹਿਰੀਲੀ ਹਵਾ ਲਈ ''ਆਪ'' ''ਤੇ ਵਿੰਨ੍ਹੇ ਨਿਸ਼ਾਨੇ, ਭਗਵੰਤ ਮਾਨ ਤੋਂ ਕੀਤੀ ਅਸਤੀਫ਼ੇ ਦੀ ਮੰਗ

Tuesday, Nov 01, 2022 - 09:50 PM (IST)

ਭਾਜਪਾ ਨੇ ਦਿੱਲੀ ਦੀ ਜ਼ਹਿਰੀਲੀ ਹਵਾ ਲਈ ''ਆਪ'' ''ਤੇ ਵਿੰਨ੍ਹੇ ਨਿਸ਼ਾਨੇ, ਭਗਵੰਤ ਮਾਨ ਤੋਂ ਕੀਤੀ ਅਸਤੀਫ਼ੇ ਦੀ ਮੰਗ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਜ਼ਹਿਰੀਲੀ ਹਵਾ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪ੍ਰਦੂਸ਼ਣ ਸਬੰਧੀ ਕੀਤੀ ਗਈ ਸਰਵੇ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਅੱਜ ਦਿੱਲੀ ਅਤੇ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਦਰਅਸਲ ਦਿੱਲੀ ਦੀ ਹਵਾ 'ਚ ਘੁਲਿਆ ਜ਼ਹਿਰ ਅਰਵਿੰਦ ਕੇਜਰੀਵਾਲ ਦੀ ਲਾਪਰਵਾਹੀ ਕਾਰਨ ਹੈ। ਭਾਜਪਾ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਦੇ ਰਾਜਾਂ ਦੀ ਮਦਦ ਕਰ ਰਹੀ ਹੈ। ਪਰਾਲੀ ਦੇ ਨਿਪਟਾਰੇ ਲਈ ਪੰਜਾਬ ਨੂੰ ਸਭ ਤੋਂ ਵੱਧ 1300 ਕਰੋੜ ਰੁਪਏ ਅਤੇ ਹਰਿਆਣਾ ਨੂੰ 693 ਕਰੋੜ ਰੁਪਏ ਦਿੱਤੇ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ ਪਰਾਲੀ ਸਾੜਨ ਕਾਰਨ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ- ਹਵਾ, ਤਸਵੀਰਾਂ ਨੂੰ ਵੇਖੋ ਹਾਲਾਤ

ਭਾਟੀਆ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਮਾਨਦਾਰੀ ਨਾਲ ਕੰਮ ਕਰਕੇ ਲੋਕਾਂ ਪ੍ਰਤੀ ਸਮਰਪਣ ਦਾ ਸਬੂਤ ਦਿੱਤਾ ਹੈ। ਸਾਲ 2021-22 ਦੌਰਾਨ ਹਰਿਆਣਾ ਵਿਚ ਪਰਾਲੀ ਸਾੜਨ ਦੇ 2,873 ਮਾਮਲੇ ਸਾਹਮਣੇ ਆਏ, ਜੋ ਸਾਲ 2022-23 ਦੌਰਾਨ ਘੱਟ ਕੇ 1,925 ਰਹਿ ਗਏ। ਇਸ ਤਰ੍ਹਾਂ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ 33 ਫੀਸਦੀ ਦੀ ਕਮੀ ਆਈ ਹੈ।ਦੂਜੇ ਪਾਸੇ ਪੰਜਾਬ ਵਿੱਚ ਸਾਲ 2021-22 ਦੌਰਾਨ ਪਰਾਲੀ ਸਾੜਨ ਦੇ 7,648 ਮਾਮਲੇ ਸਾਹਮਣੇ ਆਏ ਸਨ, ਜੋ ਕਿ ਸਾਲ 2022-23 ਵਿੱਚ ਵੱਧ ਕੇ 10,214 ਹੋ ਗਏ ਹਨ। ਇਸ ਤਰ੍ਹਾਂ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 33 ਫੀਸਦੀ ਵਾਧਾ ਹੋਇਆ ਹੈ।

ਭਾਜਪਾ ਆਗੂ ਨੇ ਕਿਹਾ ਕਿ ਪਿਛਲੇ ਸਾਲ ਤਕ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਪੰਜਾਬ ਉਨ੍ਹਾਂ ਦੇ ਵੱਸ ਵਿਚ ਨਹੀਂ ਹੈ, ਇਸ ਲਈ ਪਰਾਲੀ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਹੋ ਰਿਹਾ ਹੈ, ਪਰ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦਿੱਲੀ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਕੇਜਰੀਵਾਲ ਸਰਕਾਰ ਦੀ ਜ਼ਿੰਮੇਵਾਰੀ ਹੈ। 


author

Manoj

Content Editor

Related News