ਪੰਜਾਬ ਸਣੇ ਚੰਡੀਗਡ਼੍ਹ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਅੱਜ!

Monday, Apr 15, 2019 - 12:23 PM (IST)

ਪੰਜਾਬ ਸਣੇ ਚੰਡੀਗਡ਼੍ਹ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਅੱਜ!

ਚੰਡੀਗਡ਼੍ਹ, (ਸ਼ਰਮਾ)- ਭਾਜਪਾ ਸੋਮਵਾਰ ਨੂੰ ਪੰਜਾਬ ਦੀਆਂ ਤਿੰਨ ਸੀਟਾਂ ਸਣੇ ਚੰਡੀਗਡ਼੍ਹ ਦੀ ਇਕਲੌਤੀ ਸੀਟ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਪਾਰਟੀ ਸੂਤਰਾਂ ਅਨੁਸਾਰ ਸੈਂਟਰਲ ਪਾਰਲੀਮੈਂਟਰੀ ਬੋਰਡ ਦੀ ਐਤਵਾਰ ਨੂੰ ਹੋਈ ਬੈਠਕ ’ਚ ਹਰਿਆਣਾ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗਡ਼੍ਹ ਦੀਆਂ ਸੀਟਾਂ ਨੂੰ ਲੈ ਕੇ ਚਰਚਾ ਹੋਈ ਪਰ ਅੰਮ੍ਰਿਤਸਰ ਅਤੇ ਚੰਡੀਗਡ਼੍ਹ ਸੀਟ ਨੂੰ ਲੈ ਕੇ ਦੁਚਿੱਤੀ ਬਰਕਰਾਰ ਰਹਿਣ ਕਾਰਨ ਐਲਾਨ ਸੋਮਵਾਰ ਤੱਕ ਰੋਕ ਦਿੱਤਾ ਗਿਆ।

ਪਾਰਟੀ ਸੂਤਰਾਂ ਅਨੁਸਾਰ ਗੁਰਦਾਸਪੁਰ ਸੀਟ ਨੂੰ ਲੈ ਕੇ ਪਾਰਟੀ ਹਾਈਕਮਾਨ ਦਾ ਉਮੀਦਵਾਰ ’ਤੇ ਸਟੈਂਡ ਕਲੀਅਰ ਹੈ। ਇਥੋਂ ਸਾਬਕਾ ਸੰਸਦ ਮੈਂਬਰ ਸਵ. ਵਿਨੋਦ ਖੰਨਾ ਦੇ ਪਰਿਵਾਰਕ ਮੈਂਬਰ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ, ਜਦੋਂਕਿ ਅੰਮ੍ਰਿਤਸਰ ਸੀਟ ਲਈ ਅਜੇ ਮਗਜ-ਖਪਾਈ ਜਾਰੀ ਹੈ। ਇਥੋਂ ਐਕਟਰ ਸੰਨੀ ਦਿਓਲ ਅਤੇ ਐਕਟ੍ਰੈੱਸ ਪੂਨਮ ਢਿਲੋਂ ਦੇ ਨਾਂ ਪ੍ਰਮੁਖਤਾ ਨਾਲ ਲਏ ਜਾ ਰਹੇ ਸਨ ਪਰ ਪਾਰਟੀ ਸੂਤਰਾਂ ਅਨੁਸਾਰ ਕੱਦਾਵਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਪਿਛਲੀਆਂ ਲੋਕਸਭਾ ਚੋਣਾਂ ’ਚ ਹਾਰ ਕਾਰਨ ਸੈਲੀਬ੍ਰਿਟੀਜ਼ ਆਪਣੀ ਉਮੀਦਵਾਰੀ ’ਤੇ ਸਹਿਮਤੀ ਜਤਾਉਣ ਤੋਂ ਸੰਕੋਚ ਕਰ ਰਹੇ ਹਨ। ਉਮੀਦਵਾਰਾਂ ਦੇ ਐਲਾਨ ’ਚ ਦੇਰੀ ਦਾ ਇਹ ਵੀ ਇਕ ਕਾਰਨ ਹੈ। ਮਜਬੂਰਨ ਪਾਰਟੀ ਨੂੰ ਸਥਾਨਕ ਨੇਤਾ ਨੂੰ ਤਰਜੀਹ ਦੇਣੀ ਪਵੇਗੀ।

ਹਾਲਾਂਕਿ ਪਾਰਟੀ ਆਪਣੀ ਕੋਟੇ ਦੀ ਤੀਜੀ ਸੀਟ ਹੁਸ਼ਿਆਰਪੁਰ ਤੋਂ ਨਵੇਂ ਉਮੀਦਵਾਰ ਨੂੰ ਉਤਾਰਨ ਦੇ ਮੂਡ ’ਚ ਲੱਗ ਰਹੀ ਹੈ ਪਰ ਮੌਜੂਦ ਸੰਸਦ ਮੈਂਬਰ ਵਿਜੇ ਸਾਂਪਲਾ ਵੀ ਜ਼ੋਰ-ਸ਼ੋਰ ਨਾਲ ਹਾਈਕਮਾਨ ਕੋਲ ਆਪਣੀ ਦਾਅਵੇਦਾਰੀ ਰੱਖ ਚੁੱਕੇ ਹਨ। ਹਾਈਕਮਾਨ ਸਾਂਪਲਾ ਦੀ ਦਾਅਵੇਦਾਰੀ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਵਿਧਾਇਕ ਸੋਮ ਪ੍ਰਕਾਸ਼ ਜਾਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਹਾਲ ਹੀ ’ਚ ਪਾਰਟੀ ਜੁਆਇਨ ਕੀਤੀ ਹੈ, ’ਚੋਂ ਕਿਸੇ ਇਕ ’ਤੇ ਦਾਅ ਖੇਡ ਸਕਦੀ ਹੈ।

ਚੰਡੀਗਡ਼੍ਹ ’ਚ ਵੀ ਘੁੰਡੀ

ਗੁਟਬਾਜ਼ੀ ਦਾ ਸ਼ਿਕਾਰ ਪਾਰਟੀ ਦੀ ਚੰਡੀਗਡ਼੍ਹ ਇਕਾਈ ’ਚ ਵੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਦੁਵਿਧਾ ’ਚ ਹੈ। ਹਾਲਾਂਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੇ ਨਾਲ-ਨਾਲ ਪ੍ਰਦੇਸ਼ ਪਾਰਟੀ ਪ੍ਰਧਾਨ ਸੰਜੇ ਟੰਡਨ ਤੇ ਸਾਬਕਾ ਸੰਸਦ ਮੈਂਬਰ ਸਤਿਅਪਾਲ ਜੈਨ ਟਿਕਟ ਹਾਸਲ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ ਪਰ ਗੁਟਬਾਜ਼ੀ ਤੋਂ ਗ੍ਰਸਤ ਪਾਰਟੀ ਇਕਾਈ ਦੀ ਸੱਚਾਈ ਜਾਣਨ ਤੋਂ ਬਾਅਦ ਹਾਈਕਮਾਨ ਕੋਈ ਜੋਖਮ ਨਹੀਂ ਚੁੱਕਣਾ ਚਾਹੁੰਦੀ। ਵੱਖ-ਵੱਖ ਪੱਖਾਂ ਨੇ ਕਥਿਤ ਸਰਵੇਖਣਾਂ ਦਾ ਹਵਾਲਾ ਦਿੰਦਿਆਂ ਪਾਰਟੀ ਹਾਈਕਮਾਨ ਨੂੰ ਆਗਾਹ ਕੀਤਾ ਹੈ ਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਮੁਡ਼ ਟਿਕਟ ਦਿੱਤੀ ਜਾਂਦੀ ਹੈ ਤਾਂ ਸੀਟ ਕੱਢਣਾ ਮੁਸ਼ਕਲ ਹੋ ਸਕਦਾ ਹੈ। ਪਾਰਟੀ ਨਾਲ ਜੁਡ਼ੇ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਦੁਵਿਧਾ ਦੇ ਹੱਲ ਲਈ ਹਾਈਕਮਾਨ ਪੱਧਰ ’ਤੇ ਚੰਡੀਗਡ਼੍ਹ ਸੀਟ ਲਈ ਮੌਜੂਦਾ ਸੰਸਦ ਮੈਂਬਰ ਦੇ ਐਕਟਰ ਪਤੀ ਅਨੁਪਮ ਖੇਰ ਨੂੰ ਚੰਡੀਗਡ਼੍ਹ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ’ਤੇ ਗੰਭੀਰਤਾ ਨਾਲ ਚਰਚਾ ਹੋ ਚੁੱਕੀ ਹੈ। ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਹਰਮੋਹਨ ਧਵਨ, ਸਤਿਅਾਪਾਲ ਜੈਨ ਤੇ ਸੰਜੇ ਟੰਡਨ ਗਰੁੱਪਾਂ ’ਚ ਵੰਡੀ ਹੋਈ ਸੀ, ਜਿਸ ਕਾਰਨ ਹਾਈਕਮਾਨ ਨੇ ਬਾਹਰੀ ਉਮੀਦਵਾਰ ਦੇ ਤੌਰ ’ਤੇ ਕਿਰਨ ਖੇਰ ਨੂੰ ਟਿਕਟ ਦਿੱਤੀ ਸੀ। ਮੌਜੂਦਾ ਸਥਿਤੀ ਅਜਿਹੀ ਹੀ ਹੈ, ਹਾਲਾਂਕਿ ਧਵਨ ਪਾਰਟੀ ਤੋਂ ਕਿਨਾਰਾ ਕਰਕੇ ‘ਆਪ’ ਵਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਪਾਰਟੀ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਹਾਈਕਮਾਨ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਦੇਸ਼ ਪ੍ਰਧਾਨ ਟੰਡਨ ਦੇ ਤਿਆਗ ਨੂੰ ਨਜ਼ਰਅੰਦਾਜ਼ ਕਰਨ ਦਾ ਜੋਖਮ ਸ਼ਾਇਦ ਹੀ ਚੁੱਕੇ। ਇਸ ਲਈ ਅਨੁਪਮ ਖੇਰ ਜਾਂ ਟੰਡਨ ’ਚੋਂ ਕਿਸੇ ਇਕ ਦੇ ਨਾਂ ’ਤੇ ਮੋਹਰ ਲੱਗ ਸਕਦੀ ਹੈ।


Related News