ਇਕ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਭਗਵੰਤਪਾਲ ਸੱਚਰ ਨੇ ਕਾਂਗਰਸ ’ਚ ਕੀਤੀ ਵਾਪਸੀ

Monday, Jan 17, 2022 - 10:01 PM (IST)

ਅੰਮ੍ਰਿਤਸਰ (ਸਰਬਜੀਤ, ਸਾਗਰ) : ਪੰਜਾਬ ਵਿਚ ਚੋਣਾਂ ਦਾ ਅਖਾੜਾ ਭੱਖਦੇ ਹੀ ਜਿੱਥੇ ਹਰੇਕ ਪਾਰਟੀਆਂ ਇਕ ਦੂਜੇ ਦੇ ਵਰਕਰ ਖਿੱਚਣ ਨੂੰ ਲੱਗੀਆਂ ਹੋਈਆਂ ਹਨ, ਉੱਥੇ ਹੀ ਪੰਜਾਬ ਦੀ ਕਾਂਗਰਸ ਪਾਰਟੀ ਆਪਣੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਤਰ੍ਹਾਂ ਦਾ ਹੀ ਕੁਝ ਅੱਜ ਕਾਂਗਰਸ ਦੇ ਅੰਮ੍ਰਿਤਸਰ ਤੋਂ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਹੋਇਆ। ਸੱਚਰ ਦੀ ਭਾਜਪਾ ਵਿਚ ਸ਼ਾਮਲ ਹੋਣ ਦੀ ਖ਼ਬਰ ਸੁਣਦਿਆਂ ਹੀ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ, ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵਲੋਂ ਭਗਵੰਤਪਾਲ ਸਿੰਘ ਸੱਚਰ ਨੂੰ ਵਾਪਸ ਕਾਂਗਰਸ ਵਿਚ ਸ਼ਾਮਲ ਕਰਨ ਲਈ ਪੂਰਾ ਜ਼ੋਰ ਲਗਾ ਦਿੱਤਾ ਗਿਆ। ਦੱਸਣਯੋਗ ਹੈ ਕਿ ਮਹਿਜ਼ ਇਕ ਦਿਨ ਪਹਿਲਾਂ ਹੀ ਸੱਚਰ ਭਾਜਪਾ ਵਿਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਵੇਗੀ ਵੋਟਿੰਗ

ਤਿੰਨਾਂ ਮੰਤਰੀਆਂ ਦੇ ਇਥੇ ਪਹੁੰਚਦੇ ਹੀ ਸੱਚਰ ਦੇ ਸਮਰਥਕਾਂ ਵੱਲੋਂ ਜਿੱਥੇ ਸਵਾਗਤ ਕੀਤਾ ਗਿਆ, ਉਥੇ ਹੀ ਸੱਚਰ ਦੇ ਹੱਕ ਵਿਚ ਬੋਲਦਿਆਂ ਰੱਜ ਕੇ ਭੜਾਸ ਵੀ ਕੱਢੀ ਗਈ। ਇਨ੍ਹਾਂ ਸਮਰਥਕਾਂ ਨੇ ਇਕਜੁੱਟ ਹੁੰਦੇ ਹੋਏ ਜਿਥੇ ਭਗਵੰਤਪਾਲ ਸਿੰਘ ਸੱਚਰ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ, ਉੱਥੇ ਹੀ ਇਨ੍ਹਾਂ ਆਗੂਆਂ ਨੂੰ ਚਾਨਣ ਕਰਾ ਦਿੱਤਾ ਕਿ ਭਗਵੰਤਪਾਲ ਸਿੰਘ ਜਿਹੇ ਹੀਰੇ ਨੂੰ ਛੱਡ ਕੇ ਕਾਂਗਰਸ ਪਾਰਟੀ ਕਦੇ ਵੀ ਬੁਲੰਦੀਆਂ ਤੱਕ ਨਹੀਂ ਪਹੁੰਚ ਸਕਦੀ ਹੈ। ਸੱਚਰ ਦੇ ਗ੍ਰਹਿ ਵਿਖੇ ਪਹੁੰਚੇ ਇਨ੍ਹਾਂ ਆਗੂਆਂ ਨੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਹਾਈ ਕਮਾਨ ਨਾਲ ਮੀਟਿੰਗ ਕਰਕੇ ਸੱਚਰ ਦਾ ਬਣਦਾ ਹੱਕ ਉਨ੍ਹਾਂ ਨੂੰ ਜ਼ਰੂਰ ਦਿਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News