ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ 'ਚੋਂ ਫਰਾਰ ਹੋਣ 'ਤੇ ਚੁਫੇਰਿਓਂ ਘਿਰੀ ਪੰਜਾਬ ਸਰਕਾਰ, ਭਾਜਪਾ ਨੇ ਚੁੱਕੇ ਵੱਡੇ ਸਵਾਲ
Sunday, Oct 02, 2022 - 02:36 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ 'ਚੋਂ ਫ਼ਰਾਰ ਹੋਣ 'ਤੇ ਚਿੰਤਾ ਜਾਹਰ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਨਾਲ ਸਿਰਫ਼ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਹੀ ਨਹੀਂ ਸਗੋਂ ਪੰਜਾਬ ਸਰਕਾਰ ਦੇ ਰਵੱਈਏ 'ਤੇ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਮੁੱਖ ਮੰਤਰੀ ਮਾਨ ਨੂੰ ਲੰਮੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ 'ਚ ਲਾਅ ਅਤੇ ਆਰਡਰ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਮਾਨ ਆਪਣੇ ਸਿਆਸੀ ਦੌਰਿਆਂ 'ਚ ਰੁੱਝੇ ਹੋਏ ਹਨ। ਪੁਲਸ ਜਾਂ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸੇਵਾ ਕਰਨ 'ਚ ਲੱਗੀ ਹੋਈ ਹੈ ਜਾਂ ਫਿਰ ਸਿਆਸੀ ਵਿਰੋਧੀਆਂ 'ਤੇ ਕੇਸ ਦਰਜ ਕਰਨ 'ਤੇ ਲਗਾਈ ਹੋਈ ਹੈ।
ਇਹ ਵੀ ਪੜ੍ਹੋ- ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ
ਸੁਭਾਸ਼ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨਾਲ ਕਰ ਰਹੇ ਸਿਆਸੀ ਦੌਰਿਆ 'ਚੋਂ ਬਾਹਰ ਆਉਣ ਅਤੇ ਪੰਜਾਬ ਦੇ ਲਾਅ ਅਤੇ ਆਰਡਰ ਵੱਲ ਧਿਆਨ ਦੇਣ। ਸੁਭਾਸ਼ ਨੇ ਕਿਹਾ ਕਿ ਪੰਜਾਬ 'ਚ ਲਾਅ ਅਤੇ ਆਰਡਰ ਦੀ ਸਥਿਤੀ ਦਿਨ-ਬ-ਦਿਨ ਹੇਠਾਂ ਡਿੱਗਦੀ ਜਾ ਰਹੀ ਹੈ ਅਤੇ ਪੁਲਸ ਹਿਰਾਸਤ 'ਚੋਂ ਗੈਂਗਸਟਰ ਦਾ ਇਸ ਤਰ੍ਹਾਂ ਫ਼ਰਾਰ ਹੋਣਾ ਬੜਾ ਗੰਭੀਰ ਮਾਮਲਾ ਹੈ। ਇਸ ਦੀ ਜਵਾਵਦੇਈ ਤੈਅ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ 'ਚ ਕਾਬੂ ਕੀਤਾ ਗੈਂਗਸਟਰ ਦੀਪਕ ਟੀਨੂੰ ਕੱਲ੍ਹ ਮਾਨਸਾ ਪੁਲਸ ਦੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ। ਸੂਤਰਾਂ ਮੁਤਾਬਕ ਮਾਨਸਾ ਪੁਲਸ ਉਸ ਨੂੰ ਬੀਤੀ ਰਾਤ ਗੋਇੰਦਵਾਲ ਸਾਹਿਬ ਦੀ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।