ਜਲੰਧਰ ’ਚ ਵੈਸਟ ਤੇ ਕੈਂਟ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਭਾਜਪਾ ਪਾ ਰਹੀ ਕਾਂਗਰਸੀ ਆਗੂਆਂ ’ਤੇ ਡੋਰੇ

Wednesday, Nov 18, 2020 - 01:29 PM (IST)

ਜਲੰਧਰ ’ਚ ਵੈਸਟ ਤੇ ਕੈਂਟ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਭਾਜਪਾ ਪਾ ਰਹੀ ਕਾਂਗਰਸੀ ਆਗੂਆਂ ’ਤੇ ਡੋਰੇ

ਜਲੰਧਰ (ਸੋਮਨਾਥ)— ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਵੱਖ-ਵੱਖ ਹੋ ਚੁੱਕੇ ਹਨ ਅਤੇ ਭਾਜਪਾ ਨੇ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਸ਼ਹਿਰ ਦੀਆਂ 4 ਪ੍ਰਮੁੱਖ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਵਿਧਾਨ ਸਭਾ ਹਲਕਿਆਂ ਨਾਰਥ, ਸੈਂਟਰਲ ਅਤੇ ਵੈਸਟ ਦੀਆਂ ਸੀਟਾਂ ਨੂੰ ਲੈ ਕੇ ਪਹਿਲਾਂ ਤੋਂ ਮਜ਼ਬੂਤ ਉਮੀਦਵਾਰ ਮੌਜੂਦ ਹਨ ਪਰ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਨੇ ਨਵੇਂ ਸਿਰੇ ਤੋਂ ਚੋਣ ਰਣਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਰਣਨੀਤੀ ਤਹਿਤ ਭਾਜਪਾ ਨੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਅਤੇ ਵੈਸਟ ਵਿਧਾਨ ਸਭਾ ਹਲਕੇ ’ਚ ਕਾਂਗਰਸੀ ਆਗੂਆਂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਕਾਂਗਰਸੀ ਆਗੂ ਭਾਜਪਾ ਦੇ ਸੰਪਰਕ ’ਚ ਹਨ। ਇਹ ਹੀ ਨਹੀਂ, ਅਕਾਲੀ ਦਲ ਨੇ ਵੀ ਆਪਣੀ ਰਣਨੀਤੀ ਬਦਲਦਿਆਂ ਜਲੰਧਰ ਦੀਆਂ ਚਾਰਾਂ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਮੋਹਰੇ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਹਨ। ਜਲੰਧਰ ਕੈਂਟ ’ਚ ਤਾਂ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਵਾਇਰਲ ਵੀਡੀਓ ਦੇ ਆਧਾਰ ’ਤੇ ਖੁੱਲਿ੍ਹਆ ਨਵਾਂ ਭੇਤ

ਭਾਜਪਾ ਦੀ ਕੈਂਟ ਅਤੇ ਵੈਸਟ ਵਿਧਾਨ ਸਭਾ ਹਲਕਿਆਂ ’ਤੇ ਨਜ਼ਰ ਕਿਉਂ?
ਇਸ ਵਿਧਾਨ ਸਭਾ ਹਲਕੇ ’ਚ ਕੁੱਲ ਜਨਸੰਖਿਆ ਦਾ 27.95 ਫ਼ੀਸਦੀ ਹਿੱਸਾ ਦਿਹਾਤੀ ਅਤੇ 72.05 ਫ਼ੀਸਦੀ ਹਿੱਸਾ ਸ਼ਹਿਰ ’ਚ ਰਹਿੰਦਾ ਹੈ ਅਤੇ ਜਾਤੀ ਗਣਿਤ ਮੁਤਾਬਕ 33.98 ਫ਼ੀਸਦੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਨਾਲ ਸਬੰਧਤ ਲੋਕ ਇਸ ਵਿਧਾਨ ਸਭਾ ਹਲਕੇ ’ਚ ਰਹਿੰਦੇ ਹਨ। ਇਸ ਵਿਧਾਨ ਸਭਾ ਹਲਕੇ ਦਾ ਵਧੇਰੇ ਹਿੱਸਾ ਹਿੰਦੂ ਬਹੁਗਿਣਤੀ ਹੈ। ਭਾਜਪਾ ਦਾ ਸਭ ਤੋਂ ਵੱਡਾ ਵੋਟ ਬੈਂਕ ਮਾਡਲ ਟਾਊਨ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ ਅਤੇ ਕੁਝ ਹੋਰ ਇਲਾਕੇ ਹਨ, ਜਦੋਂ ਕਿ ਬਾਕੀਆਂ ’ਚ ਵੋਟਰ ਵੰਡੇ ਹੋਏ ਹਨ। ਭਾਜਪਾ ਵੱਲੋਂ ਅੰਦਰਖਾਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਚਰਚਾ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਦੇ ਵੱਡੇ ਨੇਤਾਵਾਂ ਦਾ ਡੇਰਾ ਜਲੰਧਰ ’ਚ ਵੀ ਲੱਗਣ ਵਾਲਾ ਹੈ।
ਮੌਜੂਦਾ ਸਮੇਂ ਇਸ ਸੀਟ ਤੋਂ ਪ੍ਰਗਟ ਸਿੰਘ ਵਿਧਾਇਕ ਹਨ, ਜੋ ਕਿ ਕਾਂਗਰਸ ਨਾਲ ਸਬੰਧਤ ਹਨ, ਜਦੋਂਕਿ 2012 ’ਚ ਪ੍ਰਗਟ ਸਿੰਘ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਕਾਂਗਰਸੀ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ ਹਰਾ ਕੇ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ 2007 ਦੀਆਂ ਚੋਣਾਂ ’ਚ ਜਗਬੀਰ ਬਰਾੜ ਇਸ ਸੀਟ ’ਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਸਨ।
2002 ਤੋਂ 2007 ਤੱਕ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਇਸ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ 2017 ’ਚ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਸਵ. ਅਰੁਣ ਜੇਤਲੀ ਦੀ ਹਾਜ਼ਰੀ ’ਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਦੂਜੇ ਪਾਸੇ ਵੈਸਟ ਵਿਧਾਨ ਸਭਾ ਹਲਕੇ ’ਚ 100 ਫ਼ੀਸਦੀ ਆਬਾਦੀ ਸ਼ਹਿਰੀ ਹੈ ਅਤੇ ਇਹ ਰਾਖਵੀਂ ਸੀਟ ਹੈ। ਇਸ ਵਿਧਾਨ ਸਭਾ ਹਲਕੇ ਦੀ ਕੁੱਲ ਆਬਾਦੀ ਦਾ 37.08 ਫ਼ੀਸਦੀ ਹਿੱਸਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਨਾਲ ਸਬੰਧਤ ਹੈ ਅਤੇ ਭਗਤ ਬਰਾਦਰੀ ਬਹੁਗਿਣਤੀ ਹਲਕਾ ਹੈ। ਭਾਜਪਾ ਦੇ ਪ੍ਰਭਾਵ ਵਾਲੀ ਇਸ ਸੀਟ (ਪਹਿਲਾਂ ਸਾਊਥ ਵਿਧਾਨ ਸਭਾ ਹਲਕਾ ਹੁਣ ਵੈਸਟ) ’ਤੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਨੇ ਪਹਿਲੀ ਵਾਰ 1985 ’ਚ ਕਿਸਮਤ ਅਜ਼ਮਾਈ ਸੀ ਪਰ ਉਦੋਂ ਉਹ ਚੋਣ ਹਾਰ ਗਏ ਸਨ ਪਰ 1997 ’ਚ ਉਹ ਇਸ ਸੀਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ’ਚ ਪਹੁੰਚ ਗਏ ਸਨ। ਇਸ ਤੋਂ ਬਾਅਦ ਉਹ 2007 ’ਚ ਇਸੇ ਸੀਟ ਤੋਂ ਚੋਣ ਜਿੱਤੇ ਸਨ।

ਇਹ ਵੀ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

ਇਸ ਤੋਂ ਬਾਅਦ 2012 ’ਚ ਇਸ ਵਿਧਾਨ ਸਭਾ ਹਲਕੇ ਦਾ ਨਾਂ ਵੈਸਟ ਵਿਧਾਨ ਸਭਾ ਰੱਖਿਆ ਗਿਆ ਅਤੇ ਇਸ ਸਾਲ ਵੀ ਚੂਨੀ ਲਾਲ ਭਗਤ ਇਸ ਸੀਟ ਤੋਂ ਚੋਣ ਲੜ ਕੇ ਵਿਧਾਨ ਸਭਾ ’ਚ ਪਹੁੰਚੇ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸੀਟ ਤੋਂ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰਪਾਲ ਭਗਤ ਨੂੰ ਭਾਜਪਾ ਦੀ ਟਿਕਟ ’ਤੇ ਚੋਣ ਲੜਾਈ ਗਈ ਪਰ ਉਹ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਹੱਥੋਂ ਹਾਰ ਗਏ। ਇਸ ਤੋਂ ਪਹਿਲਾਂ ਜਦੋਂ ਇਹ ਵਿਧਾਨ ਸਭਾ ਸੀਟ ਸਾਊਥ ਵਿਧਾਨ ਸਭਾ ਹਲਕਾ ਸੀ ਤਾਂ ਇਸ ਸੀਟ ਤੋਂ ਮਹਿੰਦਰ ਸਿੰਘ ਕੇ. ਪੀ. ਤਿੰਨ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ ਅਤੇ ਕੈਬਨਿਟ ਮੰਤਰੀ ਵੀ ਰਹੇ।

ਅਕਾਲੀ ਦਲ ਦੀ ਕੈਂਟ ਅਤੇ ਵੈਸਟ ਵਿਧਾਨ ਸਭਾ ਹਲਕਿਆਂ ’ਤੇ ਨਜ਼ਰ ਕਿਉਂ?
ਪ੍ਰਗਟ ਸਿੰਘ ਅਕਾਲੀ ਦਲ ’ਚ ਰਹਿੰਦਿਆਂ 2012-2017 ਤੱਕ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਇਸ ਹਲਕੇ ਵਿਚ ਹੈ। ਇਸ ਹਲਕੇ ’ਚ ਇਨ੍ਹੀਂ ਦਿਨੀਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਰਗਰਮ ਹਨ। ਦੂਜੇ ਪਾਸੇ ਭਾਵੇਂ ਵੈਸਟ ਵਿਧਾਨ ਸਭਾ ਹਲਕਾ ਭਗਤ ਬਰਾਦਰੀ ਦੀ ਬਹੁਗਿਣਤੀ ਵਾਲਾ ਹੈ ਪਰ ਇਸ ਹਲਕੇ ਵਿਚ ਅਕਾਲੀ ਦਲ ਦਾ ਕਾਫ਼ੀ ਵੱਡਾ ਵੋਟ ਬੈਂਕ ਹੈ। ਅਕਾਲੀ ਦਲ ਦੇ ਬਸਤੀਆਂ ਇਲਾਕੇ ਵਿਚ ਕਾਫੀ ਵੋਟਰ ਹਨ। ਵਰਣਨਯੋਗ ਹੈ ਕਿ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਵੈਸਟ ਹਲਕੇ ਦੇ ਇਕ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਪਰਕ ਕਰ ਰਹੇ ਹਨ ਅਤੇ ਇਸ ਪਰਿਵਾਰ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ। ਇਹ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਸਰਗਰਮ ਹੈ ਅਤੇ 1977 ’ਚ ਜਦੋਂ ਬਾਬੂ ਜਗਜੀਵਨ ਰਾਮ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬਹੁਤ ਸਾਰੇ ਆਗੂਆਂ ਨੇ ਕਾਂਗਰਸ ਤੋਂ ਅਸਤੀਫ਼ੇ ਦੇ ਦਿੱਤੇ ਸਨ, ਉਦੋਂ ਵੀ ਇਹ ਪਰਿਵਾਰ ਕਾਂਗਰਸ ਨਾਲ ਜੁੜਿਆ ਰਿਹਾ।

ਇਹ ਵੀ ਪੜ੍ਹੋ: ਨਵਾਂਸ਼ਹਿਰ ’ਚ ਪਹਿਲੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ’ਚ ਟਕਰਾਈਆਂ ਅੱਧੀ ਦਰਜਨ ਗੱਡੀਆਂ


author

shivani attri

Content Editor

Related News