ਵੱਡੀ ਖ਼ਬਰ : ਪੰਜਾਬ 'ਚ ਮੁੜ ਇਕੱਠੇ ਹੋ ਸਕਦੇ ਨੇ 'ਅਕਾਲੀ-ਭਾਜਪਾ', ਪਾਰਟੀ ਦੇ ਇਸ ਆਗੂ ਨੇ ਕੀਤਾ ਖ਼ੁਲਾਸਾ

Tuesday, Oct 11, 2022 - 09:57 AM (IST)

ਵੱਡੀ ਖ਼ਬਰ : ਪੰਜਾਬ 'ਚ ਮੁੜ ਇਕੱਠੇ ਹੋ ਸਕਦੇ ਨੇ 'ਅਕਾਲੀ-ਭਾਜਪਾ', ਪਾਰਟੀ ਦੇ ਇਸ ਆਗੂ ਨੇ ਕੀਤਾ ਖ਼ੁਲਾਸਾ

ਜਲੰਧਰ (ਅਨਿਲ ਪਾਹਵਾ) : ਪੰਜਾਬ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਨੌਕਰੀਆਂ ਮੁਹੱਈਆ ਕਰਵਾਉਣ ਸਬੰਧੀ ਜਿੱਥੇ ਮਾਡਲ ਤਿਆਰ ਕੀਤਾ ਹੈ, ਉੱਥੇ ਹੀ ਅੰਮ੍ਰਿਤਪਾਲ ਸਿੰਘ ਨੂੰ ਜਰਨੈਲ ਸਿੰਘ ਭਿੰਡਰਾਂਵਾਲਾ ਵਾਂਗ ਪ੍ਰਾਜੈਕਟ ਕਰਨ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਬਾਜਵਾ ਨੇ ਜਿੱਥੇ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਬੇਬਾਕੀ ਨਾਲ ਗੱਲ ਕੀਤੀ, ਉੱਥੇ ਹੀ ਪੰਜਾਬ 'ਚ ਭਾਜਪਾ ਦੀ ਆਉਣ ਵਾਲੇ ਦਿਨਾਂ ਦੀ ਯੋਜਨਾ ਬਾਰੇ ਵੀ ਕੁੱਝ ਖ਼ੁਲਾਸੇ ਕੀਤੇ ਹਨ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–
ਕੀ ਅਕਾਲੀ-ਭਾਜਪਾ ਮੁੜ ਇਕੱਠੇ ਹੋਣਗੇ?
ਮੈਨੂੰ ਲੱਗਦਾ ਹੈ ਕਿ ਇਹ ਦੂਰੀਆਂ ਜਲਦੀ ਹੀ ਨਜ਼ਦੀਕੀਆਂ ’ਚ ਬਦਲ ਜਾਣਗੀਆਂ। ਉਂਝ ਤਾਂ ਇਹ ਕੇਂਦਰੀ ਭਾਜਪਾ ਦਾ ਕੰਮ ਹੈ ਅਤੇ ਸੰਭਵ ਤੌਰ ’ਤੇ ਪਾਰਟੀ ਇਸ ਮਾਮਲੇ ’ਚ ਕੁੱਝ ਯੋਜਨਾ ਬਣਾ ਰਹੀ ਹੋਵੇਗੀ ਪਰ ਮੇਰੀ ਨਿੱਜੀ ਸੋਚ ਇਹੀ ਹੈ ਕਿ ਦੋਵੇਂ ਇਕ ਵਾਰ ਮੁੜ ਇਕੱਠੀਆਂ ਹੋਣਗੀਆਂ। ਇਸ ਸਬੰਧੀ ਗੱਲਬਾਤ ਚੱਲ ਰਹੀ ਹੈ, ਇਹ ਮੇਰੀ ਜਾਣਕਾਰੀ ’ਚ ਨਹੀਂ ਪਰ ਜੇ ਪਾਰਟੀ ਮੇਰੀ ਜ਼ਿੰਮੇਵਾਰੀ ਲਾਏਗੀ ਤਾਂ ਮੈਂ ਆਪਣੇ ਵੱਲੋਂ ਹਰ ਸੰਭਵ ਯਤਨ ਕਰਾਂਗਾ ਤਾਂ ਜੋ ਅਕਾਲੀ ਦਲ ਤੇ ਭਾਜਪਾ ਮੁੜ ਇਕੱਠੇ ਹੋ ਜਾਣ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ
ਪੰਜਾਬ ਨੂੰ ਲੈ ਕੇ ਤੁਹਾਡੀ ਕੀ ਸੋਚ ਹੈ?
ਜਿਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਦੇ ਨਾਂ ਨਾਲ ਜਾਣਦੇ ਸੀ, ਉਹ ਹੁਣ ਪਟੜੀ ਤੋਂ ਉਤਰ ਗਿਆ ਹੈ। ਇੱਥੋਂ ਦਾ ਨੌਜਵਾਨ ਵਰਗ ਰਸਤਾ ਭਟਕ ਰਿਹਾ ਹੈ। ਇਹ ਫ਼ਿਕਰ ਦੀ ਗੱਲ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਜਾਂ ਤਾਂ ਵਿਦੇਸ਼ ਜਾ ਰਿਹਾ ਹੈ ਜਾਂ ਫਿਰ ਅੰਮ੍ਰਿਤਪਾਲ ਸਿੰਘ ਤੇ ਲੱਖਾ ਸਿਡਾਨਾ ਨੂੰ ਫਾਲੋ ਕਰਨ ਲੱਗਾ ਹੈ। ਨੌਜਵਾਨ ਵਰਗ ਨੂੰ ਰੋਕਣ ਅਤੇ ਮੁੜ ਵਿਕਾਸ ਦੇ ਰਸਤੇ ’ਤੇ ਪਾਉਣ ਲਈ ਕੰਮ ਕਰਨ ਦੀ ਲੋੜ ਹੈ। ਇਸ ਦੇ ਲਈ ਮੈਂ ਇਕ ਮਾਡਲ ਤਿਆਰ ਕੀਤਾ ਸੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੂੰ ਸੌਂਪਿਆ ਗਿਆ ਹੈ। ਪਾਰਟੀ ਹਾਈਕਮਾਨ ਇਸ ’ਤੇ ਕੰਮ ਕਰ ਰਹੀ ਹੈ। ਜਿੱਥੋਂ ਤਕ ਪੰਜਾਬ ਦਾ ਸਬੰਧ ਹੈ ਤਾਂ ਅਸੀਂ ਲਗਾਤਾਰ ਕਰਜ਼ੇ ਦੇ ਬੋਝ ਹੇਠ ਫਸਦੇ ਜਾ ਰਹੇ ਹਾਂ। ਪੰਜਾਬ ਨੂੰ ਬਚਾਉਣ ਲਈ ਲੋਕ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਅਜ਼ਮਾ ਚੁੱਕੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਪੰਜਾਬ ਸ਼੍ਰੀਲੰਕਾ ਵਰਗੇ ਦੇਸ਼ਾਂ ਦੇ ਰਸਤੇ ’ਤੇ ਚੱਲ ਰਿਹਾ ਹੈ ਅਤੇ ਜੇ ਇਹੀ ਚੱਲਦਾ ਰਿਹਾ ਤਾਂ ਇਹ ਮੁੜ ਕਦੇ ਵੀ ਰੰਗਲਾ ਨਹੀਂ ਬਣ ਸਕੇਗਾ।
ਕੀ ਹੈ ਤੁਹਾਡਾ ਮਾਡਲ?
ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਖੇਤੀਬਾੜੀ ਤੋਂ ਇਲਾਵਾ ਪੰਜਾਬ ਕੋਲ ਕਮਾਈ ਦਾ ਕੋਈ ਹੋਰ ਵੱਡਾ ਸਾਧਨ ਨਹੀਂ ਹੈ। ਜੇ ਖੇਤੀਬਾੜੀ ’ਤੇ ਆਧਾਰਿਤ ਮਾਡਲ ਹੋਵੇਗਾ ਤਾਂ ਸਫਲਤਾ ਮਿਲਣੀ ਲਾਜ਼ਮੀ ਹੈ। ਖੇਤੀਬਾੜੀ ਆਧਾਰਿਤ ਮੇਰਾ ਇਹ ਮਾਡਲ ਜਿਸ 'ਚ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਤਹਿਤ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਕਿਸਾਨਾਂ ਦੇ ਪਰਿਵਾਰਾਂ ਲਈ ਵੀ ਰੋਜ਼ੀ-ਰੋਟੀ ਦੇ ਹੋਰ ਸਾਧਨ ਖੁੱਲ੍ਹਣਗੇ। ਮਾਡਲ ਤਹਿਤ ਪੰਜਾਬ ਕੋਲ ਲਗਭਗ 1.20 ਕਰੋੜ ਏਕੜ ਦੇ ਲਗਭਗ ਖੇਤੀਬਾੜੀ ਆਧਾਰਿਤ ਜ਼ਮੀਨ ਹੈ। ਜੇ ਖੇਤੀਬਾੜੀ ਆਧਾਰਿਤ ਜ਼ਮੀਨ ਦੇ ਆਧਾਰ ’ਤੇ ਮਿੱਲਾਂ ਲਗਾਈਆਂ ਜਾਣ ਤਾਂ ਲਗਭਗ 2,000 ਮਿੱਲਾਂ ਸਥਾਪਿਤ ਹੋਣਗੀਆਂ, ਜਿੱਥੇ ਮੌਜੂਦਾ ਖੇਤੀਬਾੜੀ ਉਤਪਾਦਾਂ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਕਿਸਾਨ ਜੋ ਉਤਪਾਦ 5 ਤੋਂ 7 ਰੁਪਏ ਕਿੱਲੋ ’ਚ ਵੇਚਦਾ ਹੈ, ਉਹ ਜੇ ਬਜ਼ਾਰ ’ਚ ਪ੍ਰੋਸੈਸਿੰਗ ਤੋਂ ਬਾਅਦ 60 ਰੁਪਏ ਕਿੱਲੋ ’ਚ ਵਿਕਦਾ ਹੈ ਤਾਂ ਕਿਸਾਨ ਨੂੰ ਇਸ ਦਾ 50 ਫ਼ੀਸਦੀ ਮਿਲੇਗਾ। ਇਸ ਮਾਡਲ ਤਹਿਤ ਜਿਸ ਪ੍ਰੋਸੈਸਿੰਗ ਮਿੱਲ ’ਚ ਕੰਮ ਹੋਵੇਗਾ, ਉੱਥੇ ਕਿਸਾਨ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੋ-ਆਪ੍ਰੇਟਿਵ ਸੁਸਾਇਟੀ ਉਸੇ ਕਿਸਾਨ ਪਰਿਵਾਰ ਨੂੰ ਦੁਧਾਰੂ ਪਸ਼ੂ ਖਰੀਦਣ ਲਈ ਪੈਸਾ ਵੀ ਦਿਵਾਏਗੀ। ਇਸ ਨਾਲ ਕਿਸਾਨ ਤੇ ਉਸ ਦੇ ਪਰਿਵਾਰ ਨੂੰ ਕਾਫੀ ਫ਼ਾਇਦਾ ਹੋਵੇਗਾ ਅਤੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।
ਅੰਮ੍ਰਿਤਪਾਲ ਸਿੰਘ ਦੀ ਕੈਂਪੈਨ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਅੰਮ੍ਰਿਤਪਾਲ ਦੀ ਇਹ ਕੋਈ ਕੈਂਪੈਨ ਨਹੀਂ ਹੈ, ਸਗੋਂ ਮੌਕੇ ਦੇ ਹਿਸਾਬ ਨਾਲ ਮਾਮਲੇ ਨੂੰ ਕੈਸ਼ ਕਰਨ ਦਾ ਤਰੀਕਾ ਹੈ। ਕੁੱਝ ਗਰਮ ਖਿਆਲੀ ਇਸ ਮੁਹਿੰਮ ’ਚ ਸ਼ਾਮਲ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਜੋ ਖ਼ਾਲੀ ਜਗ੍ਹਾ ਬਣੀ ਹੈ, ਉਸ ਨੂੰ ਭਰਨ ਅਤੇ ਕੈਸ਼ ਕਰਨ ਲਈ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਮੈਦਾਨ ’ਚ ਉਤਾਰਿਆ ਗਿਆ ਹੋਵੇ ਤਾਂ ਜੋ ਅਕਾਲੀ ਦਲ ਨੂੰ ਜਾਣ ਵਾਲਾ ਵੋਟ ਜਾਂ ਸਮਰਥਨ ਹਾਸਲ ਹੋ ਸਕੇ। ਸ਼ਾਇਦ ਇਸੇ ਲਈ ਜਰਨੈਲ ਸਿੰਘ ਭਿੰਡਰਾਂਵਾਲਾ ਵਰਗਾ ਰੂਪ ਤਿਆਰ ਕਰ ਕੇ ਅੰਮ੍ਰਿਤਪਾਲ ਨੂੰ ਅੱਗੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚਿੰਤਾਜਨਕ : ਪੰਜਾਬ 'ਚ ਇੱਕੋ ਦਿਨ ਪਰਾਲੀ ਸਾੜਨ ਦੇ 711 ਮਾਮਲੇ, ਕਿਸਾਨ ਯੂਨੀਅਨਾਂ ਦੀ ਸਰਕਾਰ ਨੂੰ ਚਿਤਾਵਨੀ
ਅੰਮ੍ਰਿਤਪਾਲ ਬਾਰੇ ਕੇਂਦਰੀ ਏਜੰਸੀਆਂ ’ਤੇ ਉੱਠ ਰਹੇ ਹਨ ਸਵਾਲ
ਕੇਂਦਰੀ ਏਜੰਸੀਆਂ ਭਲਾ ਅੰਮ੍ਰਿਤਪਾਲ ਨੂੰ ਕਿਉਂ ਪ੍ਰਾਜੈਕਟ ਕਰਨਗੀਆਂ, ਇਸ ਨਾਲ ਕਿਸੇ ਦਾ ਵੀ ਕੋਈ ਭਲਾ ਨਹੀਂ ਹੋਣ ਵਾਲਾ। ਫਿਰ ਵੀ ਮੇਰੀ ਅਪੀਲ ਹੈ ਕਿ ਇਸ ਮਾਮਲੇ ਦੀ ਕੇਂਦਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਆਖ਼ਰ ਅੰਮ੍ਰਿਤਪਾਲ ਸਿੰਘ ਕੌਣ ਹੈ ਅਤੇ ਰਾਤ ਭਰ ’ਚ ਕਿਵੇਂ ਪ੍ਰਗਟ ਹੋ ਗਿਆ। ਜਿਸ ਤਰ੍ਹਾਂ ਅੰਮ੍ਰਿਤਪਾਲ ਦੀ ਦਸਤਾਰਬੰਦੀ ਕਰਵਾਈ ਗਈ ਅਤੇ ਪ੍ਰਾਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਇਕ ਜਾਂ 2 ਦਿਨਾਂ ਵਿਚ ਨਹੀਂ ਹੁੰਦੀਆਂ। ਇਸ ਮਾਮਲੇ ’ਚ ਸਥਿਤੀ ਸਪੱਸ਼ਟ ਹੋਣੀ ਜ਼ਰੂਰੀ ਹੈ। ਪੰਜਾਬ ਵਾਸੀਆਂ ਨੇ ਪਹਿਲਾਂ ਹੀ ਬਹੁਤ ਬੁਰਾ ਸਮਾਂ ਵੇਖਿਆ ਹੈ।
ਐੱਸ. ਜੀ. ਪੀ. ਸੀ. ਸਬੰਧੀ ਅਕਾਲੀ ਦਲ ਨਾਰਾਜ਼ ਕਿਉਂ ਹੈ?
ਪੰਜਾਬ ’ਚ ਗੁਰਦੁਆਰਿਆਂ ਦੀ ਦੇਖ-ਰੇਖ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਤਾਂ ਇਸ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਜੇ ਦਿੱਲੀ ਤੇ ਹਰਿਆਣਾ ’ਚ ਵੱਖਰੇ ਤੌਰ ’ਤੇ ਕਮੇਟੀ ਗੁਰਦੁਆਰਿਆਂ ਦੀ ਦੇਖ-ਰੇਖ ਕਰਨਾ ਚਾਹੁੰਦੀ ਹੈ ਅਤੇ ਸੁਪਰੀਮ ਕੋਰਟ ਦਾ ਹੁਕਮ ਵੀ ਉਹੀ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਜਾਂ ਕੇਂਦਰ ਪ੍ਰਤੀ ਰੋਸ ਜ਼ਾਹਿਰ ਕਰਨਾ ਗਲਤ ਹੈ। ਇਹ ਤਾਂ ਹਰ ਸੂਬੇ ਦੀ ਕਮੇਟੀ ਦਾ ਹੱਕ ਹੈ ਕਿ ਉਹ ਆਪਣੇ ਸੂਬੇ ’ਚ ਗੁਰਦੁਆਰਾ ਸਾਹਿਬ ਦੇ ਕਾਇਆਕਲਪ ਦੀ ਜ਼ਿੰਮੇਵਾਰੀ ਖੁਦ ਲਵੇ। ਐੱਸ. ਜੀ. ਪੀ. ਸੀ. ਲਈ ਜੋ ਜ਼ਰੂਰੀ ਕੰਮ ਹੈ, ਉਸ ’ਤੇ ਕੋਈ ਗੱਲ ਨਹੀਂ ਕਰ ਰਿਹਾ, ਖਾਸ ਤੌਰ ’ਤੇ ਧਰਮ ਤਬਦੀਲ ਕਰਵਾ ਕੇ ਜੋ ਸਿੱਖ ਸਮਾਜ ’ਚ ਸੰਨ੍ਹ ਲਾਈ ਜਾ ਰਹੀ ਹੈ, ਉਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਗੁਰਦੁਆਰਿਆਂ ਦੀ ਪ੍ਰਧਾਨਗੀ ਤੋਂ ਜ਼ਿਆਦਾ ਬਿਹਤਰ ਹੈ ਕਿ ਸਿੱਖ ਕੌਮ ਨੂੰ ਬਚਾਇਆ ਜਾਵੇ। ਖ਼ੁਦ ਜੱਥੇਦਾਰ ਧਰਮ ਤਬਦੀਲੀ ਦੀ ਗੱਲ ਕਰ ਰਹੇ ਹਨ ਪਰ ਇਹ ਕਿਉਂ ਹੋ ਰਹੇ ਹਨ, ਉਸ ’ਤੇ ਕੋਈ ਕੰਮ ਕਰਨ ਲਈ ਤਿਆਰ ਨਹੀਂ।
ਪੰਜਾਬ ਸਬੰਧੀ ਭਾਜਪਾ ਦੀ ਕੀ ਯੋਜਨਾ ਹੈ?
ਪੰਜਾਬ ’ਚ ਭਾਜਪਾ 23 ਸੀਟਾਂ ’ਤੇ ਚੋਣ ਲੜਦੀ ਰਹੀ ਹੈ ਪਰ ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਪਾਰਟੀ ਖ਼ੁਦ ਨੂੰ ਮਜ਼ਬੂਤ ਕਰ ਰਹੀ ਹੈ। ਪੰਜਾਬ ’ਚ ਹਮੇਸ਼ਾ ਹੀ ਕੇਂਦਰ ਦੀ ਸਰਕਾਰ ਖ਼ਿਲਾਫ਼ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਦੇ ਕੇ ਸੱਤਾ 'ਚ ਲਿਆਂਦਾ ਜਾਂਦਾ ਰਿਹਾ ਹੈ ਪਰ ਹੁਣ ਲੋਕਾਂ ਦੀ ਇਹ ਸੋਚ ਬਦਲ ਰਹੀ ਹੈ। ਹੁਣ ਲੋਕ ਡਬਲ ਇੰਜਣ ਵਾਲੀ ਸਰਕਾਰ ’ਚ ਵਿਸ਼ਵਾਸ ਪ੍ਰਗਟ ਕਰਨ ਲੱਗੇ ਹਨ। ਪੰਜਾਬ ’ਚ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਡਰੱਗਜ਼ ਹੈ, ਜਿਸ ’ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਪਿੰਡਾਂ ਦੇ ਲੋਕ ਤਾਂ ਭਾਜਪਾ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ?
ਅਜਿਹਾ ਨਹੀਂ ਹੈ। ਉਹ ਇਕ ਦੌਰ ਸੀ ਪਰ ਅੱਜ ਮਾਝਾ ਜਾਂ ਮਾਲਵਾ ਇਲਾਕਿਆਂ 'ਚ ਭਾਜਪਾ ਨੂੰ ਲੈ ਕੇ ਲੋਕਾਂ ਦੀ ਸੋਚ 'ਚ ਫਰਕ ਨਜ਼ਰ ਆਉਣ ਲੱਗਾ ਹੈ। ਜਿੱਥੇ ਪਹਿਲਾਂ ਲੋਕ ਭਾਜਪਾ ਦੇ ਨੇਤਾਵਾਂ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਸਨ, ਉੱਥੇ ਹੀ ਹੁਣ ਲੋਕ ਭਾਜਪਾ ਦੀ ਗੱਲ ਸੁਣਨ ਲੱਗੇ ਹਨ। ਲੋਕਾਂ ਦੀ ਸੋਚ ਬਦਲਣ ਲੱਗੀ ਹੈ ਅਤੇ ਇਹ ਭਾਜਪਾ ਲਈ ਚੰਗੀ ਤਬਦੀਲੀ ਹੈ।
ਭਾਜਪਾ ਪ੍ਰਤੀ ਪੰਜਾਬ ’ਚ ਨਫ਼ਰਤ ਕਿਉਂ?
ਕਾਂਗਰਸ ਵੱਲੋਂ 1984 ਦੇ ਦੰਗਿਆਂ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਕਾਰਵਾਈ ਕਾਰਨ ਪੰਜਾਬ ਦੇ ਲੋਕਾਂ 'ਚ ਰੋਸ ਸੀ, ਜੋ ਹੌਲੀ-ਹੌਲੀ ਘੱਟ ਹੋਇਆ ਹੈ ਪਰ ਭਾਜਪਾ ਨੇ ਤਾਂ ਅਜਿਹਾ ਕੁੱਝ ਨਹੀਂ ਕੀਤਾ, ਜਿਸ ਨਾਲ ਕਿਹਾ ਜਾਵੇ ਕਿ ਪਾਰਟੀ ਪ੍ਰਤੀ ਲੋਕਾਂ 'ਚ ਨਫ਼ਰਤ ਹੈ। ਹਾਂ ਕਿਸਾਨ ਬਿੱਲਾਂ ਨੂੰ ਲੈ ਕੇ ਜ਼ਰੂਰ ਰੋਸ ਹੈ, ਜਿਸ ਨੂੰ ਪਾਰਟੀ ਨੇ ਸਮਾਂ ਰਹਿੰਦੇ ਹੱਲ ਕੀਤਾ ਅਤੇ ਸਰਕਾਰ ਨੇ ਬਿੱਲ ਵਾਪਸ ਲੈ ਲਿਆ। ਇਹ ਇਕ ਕੋਸ਼ਿਸ਼ ਸੀ ਅਤੇ ਇਸ ਕੜਵਾਹਟ ਨੂੰ ਘੱਟ ਕਰਨ ਲਈ ਵੀ ਪਾਰਟੀ ਯਤਨਸ਼ੀਲ ਹੈ। ਸਿੱਖ ਸਮਾਜ ਲਈ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਿਆ ਜਾਣਾ ਅਤੇ 14 ਨਵੰਬਰ ਨੂੰ ਸਾਹਿਬਜ਼ਾਦਿਆਂ ਦੇ ਨਾਂ ’ਤੇ ਵੀਰ ਬਾਲ ਦਿਵਸ ਦਾ ਐਲਾਨ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀ ਸਿੱਖ ਸਮਾਜ ਪ੍ਰਤੀ ਹਾਂ-ਪੱਖੀ ਸੋਚ ਦਾ ਹੀ ਨਤੀਜਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News