ਭਾਜਪਾ ਦੇ 59 ਸੀਟਾਂ ਵਾਲੇ ਬਿਆਨ ਨੇ ਸੋਚੀਂ ਪਾਏ ਅਕਾਲੀ
Sunday, Jan 19, 2020 - 06:59 PM (IST)
ਜਲੰਧਰ : ਪਾਰਟੀ 'ਚ ਅੰਦਰੂਨੀ ਵਿਦਰੋਹ ਦਾ ਸਾਹਮਣੇ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ ਬਾਹਰੀ ਚੁਣੌਤੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਚੁਣੌਤੀਆਂ ਅਕਾਲੀ ਦਲ ਦੇ ਭਾਈਵਾਲ ਭਾਜਪਾ ਨੇ ਦਿੱਤੀਆਂ ਹਨ। ਦਰਅਸਲ ਜਿਸ ਦਿਨ ਪਾਰਟੀ ਦੇ ਨਵੇਂ ਬਣੇ ਸੂਬਾ ਪ੍ਰਧਾਨ ਦੀ ਤਾਜਪੋਸ਼ੀ ਸੀ, ਉਸ ਦਿਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ, ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਭਾਜਪਾ ਆਗੂਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੋਂ ਸੀਟਾਂ ਦਾ ਵੱਡਾ ਹਿੱਸਾ ਮੰਗਣ ਦੀ ਵਕਾਲਤ ਕੀਤੀ ਹੈ। ਸਾਬਕਾ ਸੂਬਾਈ ਪ੍ਰਧਾਨ ਮਦਨ ਮੋਹਣ ਮਿੱਤਲ ਨੇ ਤਾਂ ਇਸ ਤੋਂ ਵੀ ਹੋਰ ਅੱਗੇ ਜਾਂਦਿਆਂ ਕਿਹਾ ਕਿ ਭਾਜਪਾ ਨੂੰ 59 ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ।
ਸਿਆਸੀ ਮਾਹਿਰ ਮਿੱਤਲ ਦੇ ਇਸ ਬਿਆਨ ਦੇ ਇਹ ਅਰਥ ਕੱਢ ਰਹੇ ਹਨ ਕਿ ਭਾਜਪਾ ਇਕੱਲਿਆਂ ਹੀ ਚੋਣ ਲੜਨ ਦਾ ਸੰਕੇਤ ਦੇ ਰਹੀ ਹੈ। ਭਾਜਪਾ ਦੇ ਅਹੁਦਾ ਛੱਡਣ ਵਾਲੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੀ ਅਜਿਹੇ ਬਿਆਨ ਦੇ ਚੁੱਕੇ ਹਨ ਕਿ ਭਵਿੱਖ 'ਚ ਭਾਜਪਾ ਦਾ ਮੁੱਖ ਮੰਤਰੀ ਵੀ ਹੋ ਸਕਦਾ ਹੈ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਅਤੇ ਸਾਬਕਾ ਸੂਬਾ ਪ੍ਰਧਾਨ ਰਾਜਿੰਦਰ ਭੰਡਾਰੀ ਨੇ ਕਿਹਾ ਕਿ ਭਾਜਪਾ ਨੂੰ ਹੁਣ ਵੱਡੇ ਭਰਾ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਸੀ ਕਿ ਭਾਜਪਾ ਵਾਲੇ ਅਜਿਹੇ ਬਿਆਨਬਾਜ਼ੀ ਕਰਕੇ ਆਪਣਾ ਸਿਆਸੀ ਭਾਅ ਵਧਾਉਣਾ ਚਾਹੁੰਦੇ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਭਾਜਪਾ ਦੀ ਇਸ ਰਣਨੀਤੀ ਤੋਂ ਅੰਦਰਖਾਤੇ ਔਖੀ ਦੱਸੀ ਜਾ ਰਹੀ ਸੀ। ਪੰਜਾਬ ਦੇ ਭਾਜਪਾ ਆਗੂ ਪਾਰਟੀ ਦੀ ਹਾਈ ਕਮਾਨ ਕੋਲ ਕਈ ਵਾਰ ਇਸ ਗੱਲ ਦੀ ਚਰਚਾ ਕਰ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿਚ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਹੇ ਵਿਰੋਧ ਅਤੇ 2017 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ 2019 ਦੀਆਂ ਲੋਕਾਂ ਸਭਾ ਚੋਣਾਂ ਦੌਰਾਨ ਪਾਰਟੀ ਦੀ ਹੋਈ ਹਾਰ ਦਾ ਅਸਰ ਭਾਜਪਾ 'ਤੇ ਵੀ ਪੈ ਰਿਹਾ ਹੈ। ਇਸ ਲਈ ਇਨ੍ਹਾਂ ਨਾਲੋਂ ਵੱਖਰੇ ਹੋ ਕੇ ਚੋਣ ਲੜਨ ਦਾ ਪਾਰਟੀ ਨੂੰ ਲਾਭ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਵੀ ਵੱਡੀਆਂ ਚੁਣੌਤੀਆਂ ਮਿਲ ਰਹੀਆਂ ਹਨ।
ਮਾਘੀ ਮੌਕੇ ਹੋਈ ਪਾਰਟੀ ਦੀ ਸਿਆਸੀ ਕਾਨਫਰੰਸ ਦੌਰਾਨ ਭਵਿੱਖ ਦਾ ਪ੍ਰੋਗਰਾਮ ਦੇਣ ਦੀ ਥਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਧ ਜ਼ੋਰ ਸੁਖਦੇਵ ਸਿੰਘ ਢੀਂਡਸਾ ਨੂੰ ਭੰਡਣ 'ਤੇ ਲਾਉਣਾ ਪਿਆ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਤੇ ਪਾਰਟੀ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀਆਂ ਕਾਰਵਾਈਆਂ ਨੂੰ ਪਾਰਟੀ ਵਿਰੋਧੀ ਦੱਸਣ ਦੀ ਜ਼ਮੀਨ ਤਿਆਰ ਕਰ ਲਈ ਗਈ ਹੈ। ਪਾਰਟੀ ਅੰਦਰ ਜਮਹੂਰੀਅਤ ਦੀ ਬਹਾਲੀ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਸੀਨੀਅਰ ਆਗੂਆਂ ਨੂੰ ਪਹਿਲਾਂ ਵੀ ਇਕ-ਇਕ ਕਰਕੇ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਹੈ। ਅਕਾਲੀ ਦਲ 'ਚ ਵਾਪਰ ਰਹੇ ਮੌਜੂਦਾ ਘਟਨਾਕ੍ਰਮ ਨੂੰ ਦੇਖ ਕੇ ਇਸ ਗੱਲ ਤਾਂ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜੇਕਰ ਪਾਰਟੀ ਵਿਚਲੇ ਵਿਦਰੋਹ ਨੂੰ ਸ਼ਾਂਤ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਖਾਸੀਆਂ ਔਕੜਾਂ ਝੱਲਣੀਆਂ ਪੈ ਸਕਦੀਆਂ ਹਨ।