ਭਾਜਪਾ ਕਰ ਰਹੀ ਅਕਾਲੀ ਦਲ ਦੀ ਬੇਇੱਜ਼ਤੀ, ਸੁਖਬੀਰ ਨੇ ਕੀਤੀ ਥੁੱਕ ਕੇ ਚੱਟਣ ਵਾਲੀ ਗੱਲ : ਬੈਂਸ

01/30/2020 11:32:34 PM

ਲੁਧਿਆਣਾ,(ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਖਿਲਾਫ ਚਲਦੇ ਹੋਏ ਯੂ-ਟਰਨ ਲੈਣਾ ਥੁੱਕ ਕੇ ਚੱਟਣ ਵਾਲੀ ਗੱਲ ਹੈ, ਜਦਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਹੀ ਵਿਰੋਧ ਜਤਾਇਆ ਸੀ ਅਤੇ ਹੁਣ ਵੀ ਨਾਗਰਿਕਤਾ ਸੋਧ ਕਾਨੂੰਨ ਉਸੇ ਤਰ੍ਹਾਂ ਹੀ ਲਾਗੂ ਹੈ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਗੱਠਜੋੜ ਨਾ ਕਰ ਕੇ ਬੇਇੱਜ਼ਤੀ ਕੀਤੀ ਅਤੇ ਬਾਅਦ ਵਿਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਤਕਰਾਰ ਹੋਇਆ ਅਤੇ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਬਹਾਨਾ ਲਾ ਕੇ ਖੁਦ ਹੀ ਕਿਹਾ ਸੀ ਕਿ ਉਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਪਰ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਥੁੱਕ ਕੇ ਚੱਟਣ ਵਾਲੀ ਗੱਲ ਕਰਦੇ ਹੋਏ ਫਿਰ ਭਾਜਪਾ ਨਾਲ ਪੂਰਨ ਗੱਠਜੋੜ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਖਦਸ਼ਾ ਪ੍ਰਗਟ ਕੀਤਾ ਸੀ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਨਹੀਂ ਟੁੱਟ ਸਕਦਾ ਕਿਉਂਕਿ ਭਾਜਪਾ ਦੀ ਪੰਜਾਬ ਵਿਚ ਕਮਜ਼ੋਰ ਲੀਡਰਸ਼ਿਪ ਹੈ ਅਤੇ ਸਿਰਫ 4-5 ਸੀਟਾਂ ਵਧਾਉਣ ਦਾ ਰਾਮ-ਰੌਲਾ ਹੀ ਭਾਜਪਾ ਪਾਉਂਦੀ ਹੈ।

ਉਨ੍ਹਾਂ ਕਾਂਗਰਸ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਡਾ. ਅਮਰ ਸਿੰਘ ਅਤੇ ਹੋਰਨਾਂ ਕਾਗਰਸੀ ਲੀਡਰਾਂ ਜੋ ਆਪਣੀ ਜ਼ਮੀਰ ਦਬਾ ਕੇ ਬੈਠੇ ਹਨ, ਨੂੰ ਕਿਹਾ ਕਿ ਉਹ ਖੁੱਲ੍ਹ ਕੇ ਸਾਹਮਣੇ ਆਉਣ। ਉੁਨ੍ਹਾਂ ਕਿਹਾ ਕਿ ਕੈਪਟਨ ਨੇ 2017 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਅਨੇਕਾਂ ਵਾਅਦੇ ਕੀਤੇ ਪਰ ਕੋਈ ਵੀ ਪੂਰਾ ਨਹੀਂ ਕੀਤਾ, ਇਸ ਲਈ ਅੱਜ ਅਨੇਕਾਂ ਕਾਂਗਰਸੀ ਆਗੂ ਹੀ ਸੱਚਾਈ 'ਤੇ ਪਹਿਰਾ ਦਿੰਦੇ ਹੋਏ ਕੈਪਟਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ, ਜਿਨ੍ਹਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਬਹਿਬਲ ਗੋਲੀ ਕਾਂਡ ਦੇ ਇਕਲੌਤੇ ਮੁੱਖ ਗਵਾਹ ਸੁਰਜੀਤ ਸਿੰਘ ਵਲੋਂ ਖੁਦਕੁਸ਼ੀ ਕਰਨ ਸਬੰਧੀ ਸਾਫ ਕਿਹਾ ਕਿ ਕੈਪਟਨ ਦੇ ਹੀ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਭਾਰੀ ਦਬਾਅ ਕਾਰਣ ਹੀ ਸੁਰਜੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁÎੱਖ ਮੰਤਰੀ ਕੈਪ. ਅਮਰਿੰਦਰ ਸਿੰਘ ਸੁਹਿਰਦ ਹਨ ਤਾਂ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਗੁਰਪ੍ਰੀਤ ਸਿੰਘ ਕਾਂਗੜ ਦਾ ਮੰਤਰੀ ਦਾ ਅਹੁਦਾ ਵਾਪਸ ਲੈਣਾ ਚਾਹੀਦਾ ਹੈ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੀ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ, ਪਵਨਦੀਪ ਸਿੰਘ ਮਦਾਨ ਅਤੇ ਹੋਰ ਵੀ ਸ਼ਾਮਲ ਸਨ।


Related News