ਸਹੁਰਿਆਂ ਨੇ ਨੂੰਹ ਨੂੰ ਕੁੱਟ-ਮਾਰ ਕੇ ਕੱਢਿਆ

Saturday, Mar 24, 2018 - 08:35 AM (IST)

ਸਹੁਰਿਆਂ ਨੇ ਨੂੰਹ ਨੂੰ ਕੁੱਟ-ਮਾਰ ਕੇ ਕੱਢਿਆ

ਮੋਗਾ  (ਆਜ਼ਾਦ) - ਪਿੰਡ ਸ਼ੇਰਪੁਰ ਤਾਇਬਾ ਨਿਵਾਸੀ ਔਰਤ ਨੇ ਆਪਣੇ ਪਤੀ ਤੇ ਸਹੁਰਿਆਂ 'ਤੇ ਨਕਦ ਪੈਸਿਆਂ ਦੀ ਮੰਗ ਪੂਰੀ ਨਾ ਕੀਤੇ ਜਾਣ ਤੇ ਉਸ ਨੂੰ ਬੱਚੀ ਸਮੇਤ ਕੁੱਟ-ਮਾਰ ਕਰ ਕੇ ਘਰੋਂ  ਕੱਢਣ ਦੇ ਦੋਸ਼ ਲਾਏ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 1 ਮਾਰਚ, 2014 ਨੂੰ ਬਲਦੇਵ ਸਿੰਘ ਪੁੱਤਰ ਬਚਨ ਸਿੰਘ ਨਿਵਾਸੀ ਪਿੰਡ ਬਕੈਨ, ਕੁਰੂਕਸ਼ੇਤਰ (ਹਰਿਆਣਾ) ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਮੇਰੇ ਪਰਿਵਾਰ ਵਾਲਿਆਂ ਨੇ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਪਰ ਮੇਰੇ ਸਹੁਰੇ ਪਰਿਵਾਰ ਵਾਲੇ ਇਸ ਦਾਜ ਤੋਂ ਖੁਸ਼ ਨਹੀਂ ਸਨ। ਮੈਂ ਸਾਲ 2015 ਨੂੰ ਇਕ ਲੜਕੀ ਨੂੰ ਜਨਮ ਦਿੱਤਾ। ਮੇਰਾ ਪਤੀ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਮੇਰੇ ਸਾਰੇ ਸਕੂਲ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ ਲੈ ਕੇ ਮੇਰੇ ਮਾਪਿਆਂ ਨੂੰ ਕਹਿਣ ਲੱਗੇ ਕਿ ਅਸੀਂ ਉਸ ਨੂੰ ਨੌਕਰੀ 'ਤੇ ਲਾਉਣਾ ਹੈ, ਜਿਸ ਲਈ ਸਾਨੂੰ ਡੇਢ ਲੱਖ ਰੁਪਏ ਚਾਹੀਦੇ ਹਨ, ਜਿਸ 'ਤੇ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ ਅਤੇ ਉਨ੍ਹਾਂ ਮੇਰੀ ਕੁੱਟ-ਮਾਰ ਵੀ ਕੀਤੀ। ਮੇਰੇ ਮਾਪਿਆਂ ਨੇ ਕਈ ਵਾਰ ਪੰਚਾਇਤ ਰਾਹੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਤੇ ਮੇਰਾ ਪਤੀ ਮੈਨੂੰ ਕੁੱਟ-ਮਾਰ ਕਰਨ ਤੋਂ ਬਾਅਦ 19 ਮਈ, 2015 ਨੂੰ ਬੱਸ ਸਟੈਂਡ ਮੋਗਾ 'ਤੇ ਛੱਡ ਕੇ ਚਲਾ ਗਿਆ। ਮੈਂ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ ਅਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਅਸੀਂ ਵੂਮੈਨ ਸੈੱਲ ਨੂੰ ਜਾਣਕਾਰੀ ਦਿੱਤੀ ਸੀ ਪਰ ਫਿਰ ਵੀ ਉਨ੍ਹਾਂ ਮੈਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਵੱਲੋਂ ਕੀਤੀ ਗਈ। ਜਾਂਚ ਸਮੇਂ ਪੀੜਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜਤਾ ਦੇ ਪਤੀ ਬਲਦੇਵ ਸਿੰਘ, ਸਹੁਰਾ ਬਚਨ ਸਿੰਘ, ਸੱਸ ਬਲਵੀਰ ਕੌਰ, ਜੇਠ ਰਣਜੀਤ ਸਿੰਘ ਅਤੇ ਜੇਠਾਣੀ ਅਮਰਜੀਤ ਕੌਰ ਨਿਵਾਸੀ ਪਿੰਡ ਬਕੈਨ, ਕੁਰੂਕਸ਼ੇਤਰ (ਹਰਿਆਣਾ) ਖਿਲਾਫ ਥਾਣਾ ਧਰਮਕੋਟ 'ਚ ਦਾਜ ਖਾਤਰ ਕੁੱਟ-ਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ।


Related News