ਕੋਰੋਨਾ ਸੰਕਟ ਦਰਮਿਆਨ ਬਿੱਟਾ ਨੇ ਜ਼ੈੱਡ ਪਲੱਸ ਸਪੈਸ਼ਲ ਤੇ ਪੰਜਾਬ ਪੁਲਸ ਸੁਰੱਖਿਆ ਕੀਤੀ ਵਾਪਸ
Monday, Apr 06, 2020 - 12:38 PM (IST)
ਨਾਭਾ (ਜੈਨ) : ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ (ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ੈੱਡ ਪਲੱਸ ਸਪੈਸ਼ਲ ਸੁਰੱਖਿਆ ਮਿਲੀ ਹੋਈ ਹੈ) ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਉਨ੍ਹਾਂ ਨੇ 21 ਮਾਰਚ ਨੂੰ ਸੀ. ਆਈ. ਐੱਸ. ਐੱਫ. ਸਮੇਤ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਦੀ ਸਾਰੀ ਸਕਿਓਰਿਟੀ ਆਪਣੀ ਇੱਛਾ ਨਾਲ ਵਾਪਸ ਕਰ ਦਿੱਤੀ ਸੀ ਅਤੇ ਹੁਣ ਪੰਜਾਬ ਪੁਲਸ ਵੱਲੋ ਮਿਲੀ ਸੁਰੱਖਿਆ ਵੀ ਵਾਪਸ ਭੇਜ ਦਿੱਤੀ ਹੈ ਕਿਉਂਕਿ ਇਸ ਸਮੇਂ ਸਾਡੇ ਲਈ ਸੁਰੱਖਿਆ ਕੋਈ ਮੁੱਦਾ ਨਹੀਂ ਸਗੋਂ ਮਨੁੱਖਤਾ ਦੀ ਰਾਖੀ ਅਤੇ ਸੇਵਾ ਹੀ ਪਹਿਲ ਹੈ।
ਇਹ ਵੀ ਪੜ੍ਹੋ ► ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ
ਬਿੱਟਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡਾਇਰੈਕਟਰ ਜਨਰਲ ਪੁਲਸ ਨੇ ਵੀ ਆਪਣੀ ਸੁਰੱਖਿਆ ਖੁਦ ਹੀ ਘਟਾ ਦਿੱਤੀ ਹੈ। ਉਨ੍ਹਾਂ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਸੁਰੱਖਿਆ ਵਾਪਸ ਕਰਨ ਕਿਉਂਕਿ ਦੇਸ਼ ਦੀ ਸੁਰੱਖਿਆ ਸਾਡੀ ਪਹਿਲ ਹੋਣੀ ਚਾਹੀਦੀ ਹੈ। ਸੁਰੱਖਿਆ ਜਵਾਨ ਸਰਕਾਰ ਦੀ ਅਮਾਨਤ ਹਨ। ਸਾਰੇ ਵਜ਼ੀਰਾਂ ਨੂੰ ਆਪਣੇ-ਆਪਣੇ ਘਰਾਂ 'ਚ ਰਹਿਣਾ ਚਾਹੀਦਾ ਹੈ ਤਾਂ ਕਿ ਪੰਜਾਬ ਪੁਲਸ ਫੋਰਸ ਤਨਦੇਹੀ ਨਾਲ ਕੰਮ ਕਰ ਸਕੇ। ਸੁਰੱਖਿਆ ਨੂੰ ਫੈਸ਼ਨ ਨਹੀਂ ਬਣਾਉਣਾ ਚਾਹੀਦਾ। ਜੋ ਸਿਆਸੀ ਭੱਦਰਪੁਰਸ਼, ਗੰਨਮੈਨ ਲੈ ਕੇ ਕਰਫਿਊ ਦੌਰਾਨ ਬਾਜ਼ਾਰਾਂ ਵਿਚ ਘੁੰਮਦੇ ਹਨ ਉਹ ਦੇਸ਼ ਹਿਤੈਸ਼ੀ ਨਹੀਂ ਹਨ। ਸਾਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਅਪੀਲ ਅਨੁਸਾਰ ਘਰਾਂ ਵਿਚ ਰਹਿਣਾ ਚਾਹੀਦਾ ਹੈ ਤਦ ਹੀ ਅਸੀਂ ਇਸ ਮਹਾਮਾਰੀ ਨੂੰ ਕਰਾਰੀ ਹਾਰ ਦੇ ਸਕਦੇ ਹਾਂ। ਬਿੱਟਾ ਨੇ ਡਾਕਟਰਾਂ, ਨਰਸਾਂ, ਪੁਲਸ ਫੋਰਸ, ਮੀਡੀਆ ਤੇ ਸਫਾਈ ਕਰਮਚਾਰੀਆਂ ਨੂੰ ਸਲਾਮ ਕਰਦਿਆਂ ਮੰਗ ਕੀਤੀ ਕਿ ਮੀਡੀਆ ਕਰਮੀਆਂ ਦਾ ਵੀ ਪੁਲਸ ਪੈਟਰਨ 'ਤੇ ਬੀਮਾ ਕੀਤਾ ਜਾਵੇ।
ਇਹ ਵੀ ਪੜ੍ਹੋ ► ਕੋਰੋਨਾ : ਰਵਨੀਤ ਬਿੱਟੂ ਨੇ ਛੱਡੇ 10 ਗੰਨਮੈਨ, 80 ਫੀਸਦੀ ਸ਼ਿਵ ਸੈਨਿਕਾਂ ਤੋਂ ਵੀ ਵਾਪਸ ਬੁਲਾਏ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲਾਏ ਗਏ ਕਰਫਿਊ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੀ. ਜੀ. ਪੀ. ਨੂੰ ਆਪਣੀ ਸੁਰੱਖਿਆ 'ਚ ਲੱਗੇ ਹੋਏ ਪੁਲਸ ਮੁਲਾਜ਼ਮਾਂ ਨੂੰ ਫੀਲਡ 'ਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਉੱਥੇ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਆਪਣੇ 10 ਗੰਨਮੈਨ ਛੱਡ ਦਿੱਤੇ ਹਨ। ਰਵਨੀਤ ਬਿੱਟੂ ਨੇ ਬਾਕੀ ਆਗੂਆਂ ਨੂੰ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਕਿਉਂਕਿ ਫੋਰਸ ਦੀ ਕਮੀ ਹੈ ਅਤੇ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਓਵਰ ਟਾਈਮ ਡਿਊਟੀ ਕਰਨੀ ਪੈ ਰਹੀ ਹੈ।
ਪੰਜਾਬ 'ਚ ਵੀ ਕੋਰੋਨਾ ਦਾ ਕਹਿਰ
ਪੰਜਾਬ 'ਚ ਕੋਰੋਨਾ ਵਾਇਰਸ ਦੀ ਪੀੜਤ ਮਰੀਜ਼ਾਂ ਦੀ ਗਿਣਤੀ 75 ਹੋ ਗਈ ਹੈ।
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਚੁੱਕੀ ਹੈ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਮੁਤਾਬਕ ਸਰਦਾਰ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ 19 ਮਾਮਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ 15 (2 ਮਰੀਜ਼ ਠੀਕ, 1 ਮੌਤ), ਹੁਸ਼ਿਆਰਪੁਰ ਦੇ 7, ਜਲੰਧਰ ਦੇ 6, ਬਰਨਾਲਾ 1, ਮੁਕਤਸਰ 1, ਅੰਮ੍ਰਿਤਸਰ ਦੇ 10, ਲੁਧਿਆਣਾ 5, ਰੋਪੜ 3, ਫਤਿਹਗੜ੍ਹ ਸਾਹਿਬ 2, ਕਪੂਰਥਲਾ 1, ਪਟਿਆਲਾ-ਫਰੀਦਕੋਟ ਦਾ 1-1 ਅਤੇ ਮਾਨਸਾ ਦੇ ਤਿੰਨ ਕੇਸ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ ► ਭੁਲੱਥ ਦੇ ਵਿਅਕਤੀ ਦੀ ਇਟਲੀ 'ਚ ਕੋਰੋਨਾ ਵਾਇਰਸ ਨਾਲ ਮੌਤ ► 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ