ਆਰਮੀ ਦਾ ਸ਼ੂਟਰ ਨਿਕਲਿਆ ਭਗੌੜੇ ਨੌਜਵਾਨ ਦੀ ਬਰਥਡੇ ਪਾਰਟੀ ਵਿਚ ਫਾਇਰਿੰਗ ਕਰਨ ਵਾਲਾ

Friday, Nov 01, 2019 - 05:01 PM (IST)

ਆਰਮੀ ਦਾ ਸ਼ੂਟਰ ਨਿਕਲਿਆ ਭਗੌੜੇ ਨੌਜਵਾਨ ਦੀ ਬਰਥਡੇ ਪਾਰਟੀ ਵਿਚ ਫਾਇਰਿੰਗ ਕਰਨ ਵਾਲਾ

ਜਲੰਧਰ (ਵਰੁਣ)—ਜਗਰਾਲ ਪਿੰਡ ਵਿਚ ਹੱਤਿਆ ਦੀ ਕੋਸ਼ਿਸ਼ ਦੇ ਕੇਸ ਵਿਚ ਭਗੌੜੇ ਨੌਜਵਾਨ ਦੀ ਬਰਥਡੇ ਪਾਰਟੀ ਵਿਚ ਫਾਇਰਿੰਗ ਕਰਨ ਵਾਲਾ ਇਕ ਨੌਜਵਾਨ ਆਰਮੀ ਦਾ ਸ਼ੂਟਰ ਨਿਕਲਿਆ। ਸੁੱਚਾ ਸਿੰਘ ਉਰਫ ਸ਼ੂਟਰ ਉਰਫ ਸਰਪੰਚ ਧਰਮਸ਼ਾਲਾ ਵਿਚ ਤਾਇਨਾਤ ਹੈ। ਸੁੱਚਾ ਸਿੰਘ ਦੇ ਪਿਤਾ ਸੁਲਤਾਨਪੁਰ ਲੋਧੀ ਦੇ ਇਕ ਪਿੰਡ ਦੇ ਸਰਪੰਚ ਹਨ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ 5 ਨੂੰ ਜੇਲ ਭੇਜ ਦਿੱਤਾ ਗਿਆ ਹੈ, ਜਦੋਂਕਿ ਗਗਨ ਨਾਂ ਦੇ ਜਿਸ ਨੌਜਵਾਨ ਦਾ ਬਰਥਡੇ ਸੀ, ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ।

ਥਾਣਾ ਸਦਰ ਦੇ ਇੰਚਾਰਜ ਰੇਸ਼ਮ ਸਿੰਘ ਨੇ ਦੱਸਿਆ ਕਿ ਗਗਨ ਕੋਲੋਂ ਸੁੱਚਾ ਸਿੰਘ ਉਰਫ ਸ਼ੂਟਰ ਉਰਫ ਸਰਪੰਚ ਬਾਰੇ ਪੁੱਛਗਿੱਛ ਕਰਨੀ ਹੈ। ਗਗਨ ਨੇ ਹੀ ਸੁੱਚਾ ਸਿੰਘ ਨੂੰ ਬਰਥਡੇ ਪਾਰਟੀ ਵਿਚ ਬੁਲਾਇਆ ਸੀ, ਜਦੋਂਕਿ ਉਸ ਦੇ ਨਾਲ ਰਿਵਾਲਵਰ ਲੈ ਕੇ ਆਏ 2 ਨੌਜਵਾਨ ਵੀ ਸੁੱਚਾ ਸਿੰਘ ਦੇ ਦੋਸਤ ਸਨ। ਗ੍ਰਿਫਤਾਰ ਕੀਤੇ ਮੁਲਜ਼ਮ ਗੁਰਿੰਦਰ ਸਿੰਘ ਉਰਫ ਗਗਨ ਵਾਸੀ ਪ੍ਰੋਫੈਸਰ ਕਾਲੋਨੀ, ਸੁਮਿਤ ਵਾਸੀ ਕੋਟ ਸਦੀਕ ਭਾਰਗੋ ਕੈਂਪ, ਗਗਨਪ੍ਰੀਤ ਸਿੰਘ ਉਰਫ ਬਾਵਾ ਵਾਸੀ ਪਾਲਮ ਵਿਹਾਰ ਅਲੀਪੁਰ, ਪ੍ਰਹਿਲਾਦ ਉਰਫ ਸ਼ਾਨੂੰ ਵਾਸੀ ਭਗਤ ਸਿੰਘ ਨਗਰ ਮਾਡਲ ਹਾਊਸ, ਨਰਿੰਦਰ ਉਰਫ ਨਵੀ ਵਾਸੀ ਰਵਿੰਦਰ ਨਗਰ ਫੇਜ਼-2, ਗੁਰਿੰਦਰ ਸਿੰਘ ਉਰਫ ਗਗਨ ਵਾਸੀ ਪ੍ਰੋਫੈਸਰ ਕਾਲੋਨੀ ਖੁਰਲਾ ਕਿੰਗਰਾ, ਜਗੀਰ ਸਿੰਘ ਵਾਸੀ ਪੰਜਾਬੀ ਬਾਗ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਗੁਰਿੰਦਰ ਉਰਫ ਗਗਨ ਨੂੰ ਛੱਡ ਕੇ ਸਾਰਿਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਪੁਲਸ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਨੂੰ ਅਰੈਸਟ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਸ਼ਰਾਬੀ ਹੋਏ ਨੌਜਵਾਨਾਂ ਵਲੋਂ ਬਰਥਡੇ ਪਾਰਟੀ ਵਿਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋਣ ਸਬੰਧੀ ਖਬਰ 'ਜਗ ਬਾਣੀ' ਵਲੋਂ ਪ੍ਰਮੁੱਖਤਾ ਨਾਲ ਛਾਪਣ ਤੋਂ ਬਾਅਦ ਪੁਲਸ ਨੇ ਅਗਲੇ ਹੀ ਦਿਨ 6 ਲੋਕਾਂ ਨੂੰ ਅਰੈਸਟ ਕਰ ਲਿਆ ਸੀ, ਜਦੋਂਕਿ 3 ਅਜੇ ਵੀ ਫਰਾਰ ਹਨ।


author

Shyna

Content Editor

Related News