''ਬਰਡ ਫਲੂ'' ਨੂੰ ਲੈ ਕੇ ''ਪੰਜਾਬ'' ''ਚ ਹਾਈ ਅਲਰਟ, ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਲਾਈ ਇਹ ਰੋਕ

Thursday, Jan 07, 2021 - 09:08 AM (IST)

ਚੰਡੀਗੜ੍ਹ (ਅਸ਼ਵਨੀ) : ਕਈ ਸੂਬਿਆਂ 'ਚ ਬਰਡ ਫਲੂ ਦੀ ਦਸਤਕ ਨਾਲ ਪੰਜਾਬ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਵੱਡੇ ਪੈਮਾਨੇ ’ਤੇ ਪੰਛੀਆਂ ਦੇ ਲਾਰ ਅਤੇ ਖੂਨ ਦੇ ਨਮੂਨੇ ਟੈਸਟ ਕੀਤੇ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਪੰਜਾਬ 'ਚ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ 'ਚ ਹੁਣ ਤੱਕ ਪੰਛੀਆਂ ਦੇ ਕਰੀਬ 2190 ਨਮੂਨਿਆਂ ਦਾ ਟੈਸਟ ਕੀਤਾ ਗਿਆ ਹੈ। ਇਨ੍ਹਾਂ 'ਚ ਆਰਗੇਨਾਈਜ਼ਡ ਪੋਲਟਰੀ ਫ਼ਾਰਮ, ਬੈਕਯਾਰਡ ਪੋਲਟਰੀ ਫ਼ਾਰਮ ਤੋਂ ਇਲਾਵਾ ਲਾਈਵ ਬਰਡ ਮਾਰਕਿਟ 'ਚ ਨਮੂਨਿਆਂ ਦੀ ਜਾਂਚ ਦੇ ਨਾਲ-ਨਾਲ ਵਣਜੀਵ ਖੇਤਰਾਂ 'ਚ ਆਉਣ ਵਾਲੇ ਪਰਵਾਸੀ ਪੰਛੀਆਂ ਸਮੇਤ ਵਣ ਖੇਤਰਾਂ ਦੇ ਆਸ-ਪਾਸ ਪੋਲਟਰੀ ਫ਼ਾਰਮਾਂ 'ਚ ਵੀ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਪਰਵਾਸੀ ਪੰਛੀਆਂ ਤੋਂ ਬਰਡ ਫਲੂ ਦੇ ਖ਼ਤਰੇ ਦੀ ਜ਼ਿਆਦਾ ਸੰਭਾਵਨਾ ਨੂੰ ਦੇਖਦਿਆਂ ਵਣ ਅਤੇ ਵਣਜੀਵ ਮਹਿਕਮੇ ਦੇ ਮੁਲਾਜ਼ਮਾਂ ਨੂੰ ਰੋਜ਼ਾਨਾ ਨਿਗਰਾਨੀ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਪੰਛੀ ਦੀ ਮੌਤ ’ਤੇ ਤੁਰੰਤ ਸੂਚਨਾ ਮਿਲ ਸਕੇ ਅਤੇ ਉਸ ਦੇ ਨਮੂਨੇ ਲੈਬ 'ਚ ਜਾਂਚ ਲਈ ਭੇਜੇ ਜਾ ਸਕਣ। ਚੰਡੀਗੜ੍ਹ ਦੇ ਪੰਜਾਬ ਭਵਨ 'ਚ ਗੱਲਬਾਤ ਕਰਦਿਆਂ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਕਰੀਬ 61 ਪਰਵਾਸੀ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ ਕਿਸੇ 'ਚ ਵੀ ਬਰਡ ਫਲੂ ਦੇ ਲੱਛਣ ਨਹੀਂ ਪਾਏ ਗਏ ਹਨ। ਹਾਲਾਂਕਿ ਸਾਵਧਾਨੀ ਦੇ ਤੌਰ ’ਤੇ ਰੋਜ਼ਾਨਾ ਪੰਛੀਆਂ ਦੀ ਨਿਗਰਾਨੀ ਅਤੇ ਸਮੇਂ- ਸਮੇਂ ’ਤੇ ਨਮੂਨਿਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਦਰਿਆਵਾਂ 'ਚੋਂ ਰੇਤ-ਬੱਜਰੀ ਕੱਢ ਸਕਣਗੇ 'ਮਾਈਨਿੰਗ ਠੇਕੇਦਾਰ', ਸਰਕਾਰ ਨੇ ਦਿੱਤੀ ਖ਼ਾਸ ਛੋਟ
ਬਾਹਰੀ ਸੂਬਿਆਂ ਤੋਂ ਮੁਰਗੇ-ਮੁਰਗੀਆਂ ਨੂੰ ਮੰਗਵਾਉਣ ’ਤੇ ਰੋਕ 
ਬਰਡ ਫਲੂ ਦੇ ਖਦਸ਼ੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਬਾਹਰੀ ਸੂਬਿਆਂ ਤੋਂ ਮੁਰਗੇ-ਮੁਰਗੀਆਂ ਨੂੰ ਮੰਗਵਾਉਣ ’ਤੇ ਰੋਕ ਲਗਾ ਦਿੱਤੀ ਹੈ। ਪਸ਼ੂ ਪਾਲਣ ਮਹਿਕਮੇ ਦੇ ਡਾਇਰੈਕਟਰ ਡਾ. ਹਰਬਿੰਦਰ ਸਿੰਘ ਕਾਹਲੋਂ ਮੁਤਾਬਕ ਬਰਵਾਲਾ 'ਚ ਪੋਲਟਰੀ ਸੈਕਟਰ ਨੂੰ ਪਿਛਲੇ ਦਿਨਾਂ 'ਚ ਮੁਰਗੇ-ਮੁਰਗੀਆਂ ਦੀ ਮੌਤ ਦੇ ਕਾਰਣ ਕਾਫ਼ੀ ਨੁਕਸਾਨ ਹੋਇਆ ਹੈ। ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਦੀ ਟੀਮ ਨੇ ਵੀ ਉੱਥੇ ਦੌਰਾ ਕੀਤਾ ਹੈ, ਜਿੱਥੇ ਨਮੂਨੇ ਇਕੱਠੇ ਕਰ ਕੇ ਭੋਪਾਲ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਿਟੀ ਐਨੀਮਲ ਡਿਸੀਜ਼ ਨੂੰ ਭੇਜ ਦਿੱਤੇ ਗਏ ਹਨ। ਇਕ-ਦੋ ਦਿਨ 'ਚ ਰਿਪੋਰਟ ਆਉਣ ’ਤੇ ਸਥਿਤੀ ਸਾਫ਼ ਹੋ ਜਾਵੇਗੀ। ਜਿੱਥੇ ਤੱਕ ਗੱਲ ਪੰਜਾਬ ਦੀ ਹੈ ਤਾਂ ਸੂਬੇ 'ਚ ਪੋਲਟਰੀ ਫ਼ਾਰਮ ਇਕ ਜਗ੍ਹਾ ’ਤੇ ਨਹੀਂ ਹੈ, ਜਿਸ ਦੇ ਚੱਲਦਿਆਂ ਅਚਾਨਕ ਬੀਮਾਰੀ ਦੇ ਪ੍ਰਸਾਰ ਦੀ ਸੰਭਾਵਨਾ ਘੱਟ ਹੈ। ਫਿਰ ਵੀ ਅਹਿਤਿਹਾਤ ਦੇ ਤੌਰ ’ਤੇ ਸਾਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਸ ਪਟੀਸ਼ਨ 'ਤੇ ਆਇਆ ਫ਼ੈਸਲਾ
ਜਲੰਧਰ ਲੈਬ ਕਰ ਰਹੀ 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਮੂਨਿਆਂ ਦੀ ਜਾਂਚ
ਬਰਡ ਫਲੂ ਦੇ ਖਦਸ਼ੇ ਨੂੰ ਦੇਖਦਿਆਂ ਪੰਜਾਬ ਦੇ ਜਲੰਧਰ ਸਥਿਤ ਰੀਜਨਲ ਡਿਸੀਜ਼ ਡਾਇਗਨੌਸਟਿਕ ਲੈਬਾਰਟਰੀ ਦੇ ਪੱਧਰ ’ਤੇ ਵੀ ਸਰਗਰਮੀ ਵਧਾ ਦਿੱਤੀ ਗਈ ਹੈ। ਇਸ ਲੈਬ 'ਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ-ਕਸ਼ਮੀਰ ਸਮੇਤ ਦਿੱਲੀ ਤੋਂ ਆਉਣ ਵਾਲੇ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕੜੀ 'ਚ ਲੈਬ ਦੇ ਪੱਧਰ ’ਤੇ ਵੀ ਸਿੱਧੇ ਪੋਲਟਰੀ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਲੈਬ 'ਚ 3657 ਮੋਰਬਿਡ ਅਤੇ ਕਰੀਬ 1213 ਸੀਰਮ ਦੇ ਨਮੂਨਿਆਂ ਦੀ ਜਾਂਚ ਮੁਕੰਮਲ ਕੀਤੀ ਗਈ ਹੈ। ਖੇਤਰੀ ਪੱਧਰ ’ਤੇ ਹੁਣ ਤੱਕ ਕਿਸੇ ਨਮੂਨੇ 'ਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ 5ਵੀਂ ਤੋਂ 12ਵੀਂ ਤੱਕ ਦੇ ਸਾਰੇ 'ਸਕੂਲ', 3 ਵਜੇ ਤੱਕ ਹੋਵੇਗੀ ਪੜ੍ਹਾਈ
ਮੀਟ-ਮੱਛੀ ’ਤੇ ਸਰਕਾਰ ਦੀ ਤਿੱਖੀ ਨਜ਼ਰ, ਐਡਵਾਈਜ਼ਰੀ ਜਾਰੀ
ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁਤਾਬਕ ਪਸ਼ੂ ਪਾਲਣ ਮਹਿਕਮਾ  ਸੂਬੇ ਸਰਕਾਰ ਦੇ ਹੋਰ ਮਹਿਕਮਿਆਂ ਨਾਲ ਮਿਲ ਕੇ ਪੂਰੀ ਤਰ੍ਹਾਂ ਨਿਗਰਾਨੀ 'ਚ ਜੁੱਟਿਆ ਹੋਇਆ ਹੈ ਤਾਂ ਕਿ ਬਜ਼ਾਰ 'ਚ ਗੈਰ ਮਾਨਕ ਮੀਟ-ਮੱਛੀ ਨਾ ਵਿਕੇ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਬਚਣ ਅਤੇ ਜੇਕਰ ਕੋਈ ਅਫ਼ਵਾਹ ਫੈਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦੇਣ। ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਐੱਚ 5 ਐੱਨ 1 ਵਿਸ਼ਾਣੂ ਗਰਮੀ ਦੇ ਪ੍ਰਤੀ ਸੰਵੇਦਨਸ਼ੀਲ ਹੈ। ਜੇਕਰ ਮੀਟ-ਮੱਛੀ ਨੂੰ 70 ਸੈਂਟੀਗ੍ਰੇਟ ’ਤੇ ਪਕਾ ਕੇ ਖਾਧਾ ਜਾਵੇ ਤਾਂ ਵਿਸ਼ਾਣੂ ਦਾ ਡਰ ਨਹੀਂ ਰਹਿੰਦਾ ਹੈ। ਅੰਡੇ ਨੂੰ ਪਕਾਉਂਦੇ ਸਮੇਂ ਜਰਦੀ ਠੋਸ ਹੋਣ ’ਤੇ ਹੀ ਉਸ ਦਾ ਸੇਵਨ ਕਰਨਾ ਚਾਹੀਦਾ ਹੈ।
ਬਰਡ ਫਲੂ ਦੀ ਪਛਾਣ ਕਰਨ ਖ਼ਪਤਕਾਰ
ਬਰਡ ਫਲੂ ਦੇ ਲੱਛਣਾਂ ਦੀ ਪਛਾਣ ਨੂੰ ਲੈ ਕੇ ਵੀ ਖ਼ਪਤਕਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਮੁਰਗੀਆਂ ਦੇ ਸੁਸਤ ਹੋਣ ’ਤੇ, ਲੜਖ਼ੜਾਉਣ, ਅੱਖਾਂ 'ਚ ਸੋਜ ਹੋਣ ’ਤੇ, ਕਲਗੀ ਦੇ ਨੀਲੇ ਹੋਣ ’ਤੇ, ਪੈਰਾਂ 'ਚ ਖੂਨ ਦੇ ਧੱਬੇ, ਸਾਹ ਨਲੀ 'ਚ ਸੋਜ, ਪੇਟ ਦੀ ਰਬੀ ’ਤੇ ਖੂਨ ਦੇ ਧੱਬੇ ਅਤੇ ਅੰਡੇਦਾਨੀ 'ਚ ਚ ਖੂਨ ਦੇ ਧੱਬੇ ਹੋਣਾ ਸਿੱਧੇ ਤੌਰ ’ਤੇ ਬਰਡ ਫਲੂ ਦੇ ਲੱਛਣ ਹਨ, ਜਿਸ ਨੂੰ ਦੇਖਣ ’ਤੇ ਤੁਰੰਤ ਸਬੰਧਿਤ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਨੋਟ : ਬਰਡ ਫਲੂ ਨੂੰ ਲੈ ਕੇ ਪੰਜਾਬ 'ਚ ਹਾਈ ਅਲਰਟ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News